ਵਿੱਦਿਆ ਦੇ ਮੰਦਿਰ ਸਾਹਮਣੇ ਲੱਗੇ ਗੰਦਗੀ ਦੇ ਢੇਰ, ਲੋਕ ਪ੍ਰੇਸ਼ਾਨ

01/09/2018 6:55:22 AM

ਸੁਲਤਾਨਪੁਰ ਲੋਧੀ, (ਧੀਰ)- ਇਕ ਪਾਸੇ ਗੁਰਪੁਰਬ ਮੌਕੇ ਸ਼ਤਾਬਦੀ ਸਮਾਗਮ ਤਹਿਤ ਪਵਿੱਤਰ ਨਗਰੀ ਨੂੰ ਖੂਬਸੂਰਤ ਤੇ ਸੁੰਦਰ ਬਣਾਉਣ ਲਈ ਸਰਕਾਰ ਅਤੇ ਧਾਰਮਿਕ ਸੰਸਥਾਵਾਂ ਜੀ-ਜਾਨ ਨਾਲ ਲੱਗੀਆਂ ਹੋਈਆਂ ਹਨ, ਉਥੇ ਦੂਜੇ ਪਾਸੇ ਨਗਰ ਕੌਂਸਲ ਦੀ ਕਥਿਤ ਲਾਪਰਵਾਹੀ ਕਾਰਨ ਰੇਲਵੇ ਰੋਡ 'ਤੇ ਸਥਿਤ ਪੁਰਾਣੇ ਵਿੱਦਿਆ ਦੇ ਮੰਦਿਰ ਸਾਹਮਣੇ ਲੱਗੇ ਵੱਡੇ ਕੂੜੇ ਦੇ ਢੇਰ ਜਿਥੇ ਇਸ ਸੁੰਦਰਤਾ 'ਤੇ ਗ੍ਰਹਿਣ ਵਾਂਗ ਪ੍ਰਤੀਤ ਹੋ ਰਹੇ ਹਨ, ਉਥੇ ਭਾਰਤ ਸਰਕਾਰ ਦੀ ਸਵੱਛ ਮੁਹਿੰਮ ਦੀ ਵੀ ਪੋਲ ਖੋਲ੍ਹ ਰਹੇ ਹਨ। 
ਨਗਰ ਕੌਂਸਲ ਵੱਲੋਂ ਲਾਏ ਇਸ ਵਿੱਦਿਆ ਦੇ ਮੰਦਰ ਦੇ ਸਾਹਮਣੇ ਅਤੇ ਗਲੀ ਦੇ ਮੋੜ 'ਤੇ ਲੱਗੇ ਗੰਦਗੀ ਦੇ ਢੇਰ ਕਾਰਨ ਸਥਾਨਕ ਦੁਕਾਨਦਾਰਾਂ ਤੇ ਮੁਹੱਲਾ ਨਿਵਾਸੀਆਂ 'ਚ ਬੇਹੱਦ ਰੋਸ ਪਾਇਆ ਜਾ ਰਿਹਾ ਹੈ। 
ਗੌਰਤਲਬ ਹੈ ਕਿ ਰੇਲਵੇ ਰੋਡ 'ਤੇ ਸਭ ਤੋਂ ਪ੍ਰਾਚੀਨ ਵਿੱਦਿਆ ਦਾ ਮੰਦਰ ਐੱਸ. ਡੀ. ਸੀ. ਸੈ. ਸਕੂਲ ਹੈ, ਜਿਸ ਦੀਆਂ ਦੋਵੇਂ ਬ੍ਰਾਂਚਾਂ 'ਚ ਰੋਜ਼ਾਨਾ ਹਜ਼ਾਰਾਂ ਬੱਚੇ ਸਿੱਖਿਆ ਪ੍ਰਾਪਤ ਕਰਨ ਆਉਂਦੇ ਹਨ। ਰੇਲਵੇ ਸਟੇਸ਼ਨ ਤੋਂ ਰੋਜ਼ਾਨਾ ਹਜ਼ਾਰਾਂ ਹੀ ਯਾਤਰੀ ਇਸ ਮਾਰਗ ਤੋਂ ਹੁੰਦੇ ਹੋਏ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਜਾਂਦੇ ਹਨ। ਰਸਤੇ 'ਚ ਲੱਗੇ ਕੂੜੇ ਦੇ ਢੇਰ ਜਿਥੇ ਸਵੱਛ ਪਵਿੱਤਰ ਨਗਰੀ ਦਾ ਮੂੰਹ ਚਿੜ੍ਹਾ ਰਹੇ ਹਨ, ਉਥੇ ਨਗਰ ਕੌਂਸਲ ਦੀ ਕਾਰਜਪ੍ਰਣਾਲੀ 'ਤੇ ਵੀ ਸਵਾਲੀਆ ਨਿਸ਼ਾਨ ਲਾ ਰਹੇ ਹਨ। ਅਕਾਲੀ-ਭਾਜਪਾ ਸਰਕਾਰ ਦੇ ਰਾਜ 'ਚ ਪਹਿਲਾਂ ਵੀ ਇਸ ਸਥਾਨ 'ਤੇ ਕੂੜੇ ਦੇ ਢੇਰ ਲੱਗਣੇ ਆਰੰਭ ਹੋਏ ਸਨ ਪਰ ਸਥਾਨਕ ਮੁਹੱਲਾ ਨਿਵਾਸੀਆਂ ਤੇ ਦੁਕਾਨਦਾਰਾਂ ਦੇ ਵਿਰੋਧ 'ਚ ਨਗਰ ਕੌਂਸਲ ਨੇ ਇਸ ਜਗ੍ਹਾ 'ਤੇ ਕੂੜੇ ਦੇ ਢੇਰ ਲਗਾਉਣੇ ਬੰਦ ਕਰ ਦਿੱਤੇ ਸਨ। 
ਹੁਣ ਦੁਬਾਰਾ ਫਿਰ ਤੋਂ ਇਸ ਸਥਾਨ 'ਤੇ ਲੱਗੇ ਕੂੜੇ ਦੇ ਢੇਰ ਸਬੰਧੀ ਦੁਕਾਨਦਾਰਾਂ ਸੂਰਜ ਕੁਮਾਰ, ਜਰਨੈਲ, ਰਾਜੂ ਆਦਿ ਨੇ ਕਿਹਾ ਕਿ ਪਹਿਲਾਂ ਵੀ ਅਸੀਂ ਇਸ ਸਬੰਧੀ ਕਈ ਵਾਰ ਨਗਰ ਕੌਂਸਲ ਦੇ ਧਿਆਨ 'ਚ ਇਹ ਮਾਮਲਾ ਲਿਆ ਚੁੱਕੇ ਹਾਂ ਅਤੇ ਇਸ ਸਬੰਧੀ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਸੰਪਰਕ ਕਰਕੇ ਇਸ ਮੁਸ਼ਕਿਲ ਸਬੰਧੀ ਦੱਸਿਆ ਸੀ, ਜਿਨ੍ਹਾਂ ਨੇ ਤੁਰੰਤ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਜਗ੍ਹਾ 'ਤੇ ਕੂੜਾ ਤੇ ਗੰਦਗੀ ਦੇ ਢੇਰ ਨਾ ਲਗਾਉਣ ਬਾਰੇ ਕਿਹਾ ਸੀ ਪਰ ਵਿਧਾਇਕ ਚੀਮਾ ਦੇ ਹੁਕਮਾਂ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਇਸ ਸਥਾਨ 'ਤੇ ਗੰਦਗੀ ਸੁੱਟੀ ਜਾ ਰਹੀ ਹੈ, ਜਿਸ ਕਾਰਨ ਹਰ ਸਮੇਂ ਇਥੇ ਪਸ਼ੂ ਮੂੰਹ ਮਾਰਦੇ ਫਿਰਦੇ ਹਨ।


Related News