ਪਿਅਰੇ ਜੈਨਰੇ ਦੀ ਡੈੱਥ ਐਨੀਵਰਸਰੀ ਤੋਂ ਇਕ ਦਿਨ ਪਹਿਲਾਂ ਨੀਲਾਮ ਹੋਇਆ ਫਰਨੀਚਰ
Monday, Dec 04, 2017 - 09:49 AM (IST)
ਚੰਡੀਗੜ੍ਹ (ਵਿਜੇ) : ਇਕ ਪਾਸੇ ਜਿਥੇ ਐਤਵਾਰ ਨੂੰ ਫਰੈਂਚ ਆਰਕੀਟੈਕਟ ਪਿਅਰੇ ਜੈਨਰੇ ਦੀ 50ਵੀਂ ਡੈੱਥ ਐਨੀਵਰਸਰੀ ਮੌਕੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਸਨ, ਉਥੇ ਹੀ ਇਸ ਤੋਂ ਠੀਕ ਇਕ ਦਿਨ ਪਹਿਲਾਂ ਭਾਵ 2 ਦਸੰਬਰ ਨੂੰ ਵਿਦੇਸ਼ਾਂ 'ਚ ਉਨ੍ਹਾਂ ਵਲੋਂ ਡਿਜ਼ਾਈਨ ਕੀਤੇ ਗਏ ਫਰਨੀਚਰ ਦੀ ਆਕਸ਼ਨ ਕੀਤੀ ਜਾ ਰਹੀ ਸੀ। ਆਕਸ਼ਨ ਤਾਂ ਹੁੰਦੀ ਰਹਿੰਦੀ ਹੈ ਪਰ ਇਸ ਆਕਸ਼ਨ ਦੀ ਸ਼ਹਿਰ ਦੇ ਲੋਕਾਂ ਵਲੋਂ ਇਸ ਲਈ ਆਲੋਚਨਾ ਕੀਤੀ ਜਾ ਰਹੀ ਹੈ ਕਿ ਨਿਲਾਮੀ 'ਚ ਜਿਹੜਾ ਫਰਨੀਚਰ ਰੱਖਿਆ ਗਿਆ, ਉਹ ਕਿਸੇ ਸਮੇਂ ਚੰਡੀਗੜ੍ਹ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੀ ਸ਼ਾਨ ਵਧਾਉਂਦਾ ਸੀ। ਇਹ ਆਕਸ਼ਨ ਯੂ. ਐੱਸ. ਏ. ਦੇ ਓਕ ਪਾਰਕ 'ਚ ਹੋਈ ਸੀ, ਜਿਸ 'ਚ ਪਿਅਰੇ ਜੈਨਰੇ ਵਲੋਂ ਡਿਜ਼ਾਈਨ ਕੀਤੇ ਗਏ ਫਰਨੀਚਰ ਦੀਆਂ 7 ਆਈਟਮਾਂ ਰੱਖੀਆਂ ਗਈਆਂ ਸਨ। ਆਕਸ਼ਨ 'ਚ ਇਹ ਫਰਨੀਚਰ ਲਗਭਗ 18 ਲੱਖ ਰੁਪਏ ਦਾ ਵਿਕਿਆ। ਇਸ ਆਕਸ਼ਨ ਤੋਂ ਇਹ ਗੱਲ ਪੂਰੀ ਤਰ੍ਹਾਂ ਸਾਬਤ ਹੋ ਗਈ ਕਿ ਪਿਅਰੇ ਜੈਨਰੇ ਦੇ ਚੰਡੀਗੜ੍ਹ 'ਚ ਦਿੱਤੇ ਗਏ ਯੋਗਦਾਨ ਦੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਕੋਈ ਚਿੰਤਾ ਨਹੀਂ ਹੈ ਕਿਉਂਕਿ ਜਿਹੜਾ ਫਰਨੀਚਰ ਯੂ. ਐੱਸ. ਏ. 'ਚ ਨਿਲਾਮ ਕੀਤਾ ਗਿਆ, ਉਹ ਕਿਸੇ ਸਮੇਂ ਪੰਜਾਬ ਯੂਨੀਵਰਸਿਟੀ ਸਮੇਤ ਪ੍ਰਸ਼ਾਸਨ ਦੇ ਹੀ ਕਈ ਹੋਰ ਵਿਭਾਗਾਂ 'ਚ ਸੀ।
ਹਰ ਸਾਮਾਨ 'ਚ ਮਿਲੇਗੀ ਹਿੰਦੀ ਕੈਪਸ਼ਨ
ਲੀ ਕਾਰਬੂਜੀਏ ਤੇ ਪਿਅਰੇ ਜੈਨਰੇ ਬਾਰੇ ਉਨ੍ਹਾਂ ਲੋਕਾਂ ਨੂੰ ਅਜੇ ਤਕ ਘਟ ਹੀ ਜਾਣਕਾਰੀ ਹੈ, ਜਿਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਦੀ ਜਾਣਕਾਰੀ ਘੱਟ ਹੈ। ਇਸਦਾ ਹੱਲ ਵੀ ਕੱਢ ਲਿਆ ਗਿਆ ਹੈ, ਐਤਵਾਰ ਤੋਂ ਹੀ ਲੀ ਕਾਰਬੂਜੀਏ ਸੈਂਟਰ ਸੈਕਟਰ-19 'ਚ ਸਾਰੇ ਸਾਮਾਨ 'ਤੇ ਅੰਗਰੇਜ਼ੀ ਦੇ ਨਾਲ ਹੀ ਹਿੰਦੀ ਕੈਪਸ਼ਨ ਵੀ ਵੇਖਣ ਨੂੰ ਮਿਲੀ। ਹੁਣ ਛੇਤੀ ਹੀ ਸੈਕਟਰ-5 ਸਥਿਤ ਜੈਨਰੇ ਮਿਊਜ਼ੀਅਮ 'ਚ ਪਏ ਸਾਮਾਨ 'ਤੇ ਵੀ ਇਸੇ ਤਰ੍ਹਾਂ ਹਿੰਦੀ 'ਚ ਕੈਪਸ਼ਨ ਲਾਈ ਜਾਏਗੀ, ਜਿਸ ਨਾਲ ਸ਼ਹਿਰ ਦੀ ਪਲਾਨਿੰਗ ਬਾਰੇ ਵੀ ਆਸਾਨੀ ਨਾਲ ਜਾਣਕਾਰੀ ਮਿਲ ਸਕੇ। ਇਸ ਤੋਂ ਇਲਾਵਾ ਐਤਵਾਰ ਨੂੰ ਲੀ ਕਾਰਬੂਜੀਏ ਸੈਂਟਰ ਤੇ ਜੈਨਰੇ ਹਾਊਸ ਲਈ ਗਾਈਡ ਟੂਰ ਵੀ ਕਰਵਾਏ ਗਏ ਤੇ ਕਾਲਜ ਆਫ ਆਰਕੀਟੈਕਚਰ 'ਚ ਵੀ ਵਿਦਿਆਰਥੀਆਂ ਵਲੋਂ ਚੰਡੀਗੜ੍ਹ ਸਬੰਧੀ ਤਿਆਰ ਕੀਤੀਆਂ ਗਈਆਂ ਫੋਟੋਆਂ ਤੇ ਮਾਡਲਾਂ ਦੀ ਐਗਜ਼ੀਬਿਸ਼ਨ ਕਰਵਾਈ ਗਈ। ਇਹੋ ਨਹੀਂ, ਕ੍ਰਿਸਟੀਅਨ ਕਿਰੋਨੀ ਦੀ 'ਮਾਏ ਹੋਮ ਇਜ਼ ਏ ਲੀ ਕਾਰਬੂਜੀਏ' ਨਾਂ ਦੀ ਐਗਜ਼ੀਬਿਸ਼ਨ ਐਤਵਾਰ ਨੂੰ ਲਗਾਈ ਗਈ।
ਵਿਦੇਸ਼ ਮੰਤਰੀ ਨੂੰ ਭੇਜੀ ਸ਼ਿਕਾਇਤ
ਗੈਰ-ਕਾਨੂੰਨੀ ਤਰੀਕੇ ਨਾਲ ਚੰਡੀਗੜ੍ਹ ਤੋਂ ਵਿਦੇਸ਼ਾਂ 'ਚ ਭੇਜੇ ਜਾ ਰਹੇ ਫਰਨੀਚਰ ਦੀ ਸ਼ਿਕਾਇਤ ਹੁਣ ਵਕੀਲ ਅਜੇ ਜੱਗਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਕੀਤੀ ਹੈ। ਆਪਣੀ ਇਸ ਸ਼ਿਕਾਇਤ 'ਚ ਜੱਗਾ ਨੇ ਕਿਹਾ ਕਿ ਚੰਡੀਗੜ੍ਹ ਤੋਂ ਫਰਨੀਚਰ ਨੂੰ ਨਾਜਾਇਜ਼ ਤਰੀਕੇ ਨਾਲ ਵਿਦੇਸ਼ਾਂ'ਚ ਭੇਜਣ ਦੀ ਜ਼ਿਆਦਾ ਸੰਭਾਵਨਾ ਹੈ। ਇਸ ਲਈ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ, ਜਿਸ ਨਾਲ ਚੰਡੀਗੜ੍ਹ ਦੇ ਆਰਟ ਵਰਕ ਨੂੰ ਮੁੜ ਵਾਪਸ ਲਿਆਂਦਾ ਜਾ ਸਕੇ।
