ਕਲਯੁਗੀ ਦੌਰ  :  ਸਮਾਜ ''ਚ ਨਾ ਧੀਆਂ ਸੁਰੱਖਿਅਤ ਨਾ ਹੀ ਪੁੱਤ

Tuesday, Sep 12, 2017 - 01:44 PM (IST)

ਕਲਯੁਗੀ ਦੌਰ  :  ਸਮਾਜ ''ਚ ਨਾ ਧੀਆਂ ਸੁਰੱਖਿਅਤ ਨਾ ਹੀ ਪੁੱਤ

ਬਠਿੰਡਾ (ਪਾਇਲ) — ਕੋਈ ਸਮਾਂ ਸੀ ਜਦ ਪਰਿਵਾਰ ਧੀਆਂ ਦੀ ਸੁਰੱਖਿਆ ਨੂੰ ਲੈ ਕੇ ਹੀ ਫਿਕਰਮੰਦ ਰਹਿੰਦੇ ਸਨ ਪਰ ਅੱਜ ਦੇਸ਼ 'ਚ ਅਜਿਹਾ ਕਲਯੁਗੀ ਦੌਰ ਚਲ ਰਿਹਾ ਹੈ, ਜਿਸ 'ਚ ਨਾ ਤਾਂ ਧੀਆਂ ਸੁਰੱਖਿਅਤ ਹਨ ਤੇ ਨਾ ਹੀ ਪੁੱਤਰ। ਜਿਥੇ ਆਏ ਦਿਨ ਮਾਸੂਮ ਬੱਚਿਆਂ ਦੇ ਨਾਲ ਕੁਕਰਮ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਉਥੇ ਹੀ ਬੱਚਿਆਂ (ਲੜਕਿਆਂ) ਨੂੰ ਵੀ ਯੌਨ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਜਿਸ 'ਚ ਪਰਿਵਾਰ ਚਿੰਤਾ ਦੀ ਸਥਿਤੀ 'ਚ ਹੈ। ਬੀਤੇ ਦਿਨ ਗੁਰੂਗ੍ਰਾਮ 'ਚ ਇਕ ਬੱਸ ਕੰਡੈਕਟਰ ਨੇ ਦੂਜੀ ਜਮਾਤ ਦੇ ਬੱਚੇ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਕਾਮ ਹੋਣ 'ਤੇ ਉਸ ਦਾ ਗਲਾ ਰੇਤ ਕੇ ਬੇਰਿਹਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਦਿੱਲੀ 'ਚ ਸਕੂਲ ਦੇ ਚਪੜਾਸੀ ਵਲੋਂ 5 ਸਾਲਾ ਬੱਚੀ ਨਾਲ ਕੁਕਰਮ ਦਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜਿਸ ਨੇ ਸਮਾਜ ਦੇ ਮੱਥੇ 'ਤੇ ਸ਼ਰਮਨਾਕ ਕਲੰਕ ਲਗਾ ਦਿੱਤਾ ਹੈ।
ਮਾਸੂਮ ਬੱਚਿਆਂ 'ਤੇ ਢਹਿ ਰਿਹਾ ਕਹਿਰ
ਹਵਸ ਦੀ ਅੱਗ ਬੂਝਾਉਣ ਲਈ ਦਰਿੰਦੇ ਮਾਸੂਮ ਬੱਚਿਆਂ (ਜਿਨ੍ਹਾਂ 'ਚੋਂ ਛੋਟੀ ਉਮਰ ਦੀਆਂ ਲੜਕੀਆਂ ਤੇ ਲੜਕੇ ਸ਼ਾਮਲ ਹਨ) 'ਤੇ ਕਹਿਰ ਢਹਿ ਰਿਹਾ ਹੈ। ਔਰਤਾਂ ਨੂੰ ਸ਼ਿਕਾਰ ਬਨਾਉਣ ਦੌਰਾਨ ਸ਼ੋਰ ਮਚਾਉਣ ਦੇ ਚਲਦੇ ਕਈ ਦਰਿੰਦੇ ਪੁਲਸ ਦੇ ਹੱਥੇ ਚੜ੍ਹੇ, ਜਿਸਦੇ ਚਲਦੇ ਹੁਣ ਪੁਲਸ ਤੋਂ ਬਚਣ ਤੇ ਆਸਾਨੀ ਨਾਲ ਸ਼ਿਕਾਰ ਫਸਾਉਣ ਲਈ ਮਾਸੂਮ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੱਚਿਆਂ ਨੂੰ ਘੁਮਾਉਣ, ਟਾਫੀ-ਚਾਕਲੇਟ ਦਿਲਾਉਣ ਦਾ ਲਾਲਚ ਦੇ ਕੇ ਦੋਸ਼ੀ ਵੱਡੀ ਆਸਾਨੀ ਨਾਲ ਉਨ੍ਹਾਂ ਨੂੰ ਗੁਮਰਾਹ ਕਰਕੇ ਲੈ ਜਾਂਦੇ ਹਨ। ਹਾਲ ਹੀ 'ਚ ਬੱਚਿਆਂ 'ਤੇ ਸਰੀਰਕ ਸ਼ੋਸ਼ਣ ਦੇ ਮਾਮਲੇ 'ਚ ਹੈਰਾਨੀਜਨਕ ਵਾਧਾ ਦੇਖਣ ਨੂੰ ਮਿਲਿਆ ਹੈ। ਕਈ ਮਾਮਲਿਆਂ 'ਚ ਤਾਂ ਬੱਚੀਆਂ ਬੁਰੀ ਤਰ੍ਹਾਂ ਜ਼ਖਮੀ ਹੋਣ ਕਾਰਨ ਦਮ ਤੋੜ ਚੁੱਕੀਆਂ ਹਨ, ਜਦ ਕਿ ਦੋਸ਼ੀ ਅਜੇ ਵੀ ਲਚੀਲੀ ਕਾਨੂੰਨੀ ਪ੍ਰਕਿਰਿਆ ਦਾ ਆੜ ਲੈ ਕੇ ਸ਼ਰੇਆਮ ਘੁੰਮ ਰਹੇ ਹਨ। ਇਥੇ ਸਥਿਤੀ ਸਿਰਫ ਬੱਚੀਆਂ ਦੇ ਮਾਮਲੇ 'ਚ ਨਹੀਂ, ਸਗੋਂ ਬੱਚਿਆਂ ਦੇ ਮਾਮਲੇ 'ਚ ਵੀ ਦੇਖਣ ਨੂੰ ਮਿਲ ਰਹੀ ਹੈ। ਗਲਤ ਸੋਚ ਦੇ ਲੋਕ ਮਾਸੂਮ ਲੜਕਿਆਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਹੇ ਹਨ। 
ਦਰਿੰਦਿਆਂ ਨੂੰ ਤਾਂ ਬਿਨ੍ਹਾਂ ਸਮਾਂ ਗਵਾਏ ਸਖਤ ਤੋਂ ਸਖਤ ਸਜਾ ਦੇਣੀ ਚਾਹੀਦੀ ਹੈ : ਬੁੱਧੀਜੀਵੀ
ਨਿਰੰਤਰ ਵੱਧ ਰਹੇ ਬਲਾਤਕਾਰ ਦੇ ਘਿਨੌਣੇ ਅਪਰਾਧਾਂ ਦੇ ਚਲਦੇ ਸਮਾਜ ਦਾ ਬੁੱਧੀਜੀਵੀ ਵਰਗ ਵੀ ਬੇਹਦ ਦੁਖੀ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਤੁਰੰਤ ਸਜਾ ਮਿਲੇ ਤਾਂ ਹੀ ਅਪਰਾਧ ਰੁੱਕ ਸਕਦਾ ਹੈ। ਅੱਜ ਹਾਲਾਤ ਨਿਰੰਤਰ ਬਿਗੜਦੇ ਜਾ ਰਹੇ ਹਨ। ਲੜਕੀਆਂ ਦਾ ਰਾਤ ਕੀ ਦਿਨ ਦੇ ਸਮੇਂ ਵੀ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ। ਮਾਣਯੋਗ ਅਦਾਲਤ ਤੇ ਸਰਕਾਰ ਨੂੰ ਉਕਤ ਮਾਮਲੇ 'ਚ ਤੁਰੰਤ ਉਚਿਤ ਕਦਮ ਚੁੱਕਣਾ ਚਾਹੀਦਾ ਹੈ। ਪਹਿਲਾਂ ਸਮੇਂ 'ਚ ਨੌਜਵਾਨ ਲੜਕੀਆਂ ਨੂੰ ਜ਼ਿਆਦਾ ਸ਼ਿਕਾਰ ਬਣਾਇਆ ਜਾਂਦਾ ਸੀ ਪਰ ਜਦੋਂ ਲੜਕੀਆਂ ਆਤਮ ਨਿਰਭਰ ਬਣੀਆਂ ਤੇ ਆਪਣੀ ਸੁਰੱਖਿਆ ਖੁਦ ਕਰਨ ਲੱਗੀਆਂ ਹਨ ਤਾਂ ਦਰਿੰਦਿਆਂ ਨੇ ਮਾਸੂਮ ਬੱਚਿਆਂ ਨੂੰ ਸ਼ਿਕਾਰ ਬਨਾਉਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ਦਰਿੰਦੇ ਨੂੰ ਤਾਂ ਬਿਨ੍ਹਾਂ ਸਮਾਂ ਗਵਾਏ ਸਖਤ ਤੋਂ ਸਖਤ ਸਜਾ ਦੇਣੀ ਚਾਹੀਦੀ ਹੈ। ਲਗਾਤਾਰ ਘਟ ਰਹੀਆਂ ਸ਼ਰਮਨਾਕ ਘਟਨਾਵਾਂ ਨੂੰ ਦੇਖ ਕੇ ਅਜਿਹਾ ਲਗਦਾ ਹੈ ਕਿ ਸਾਡੇ ਸਮਾਜ 'ਚ ਇਨਸਾਨੀ ਖੱਲ 'ਚ ਭੇੜਿਏ ਘੁੰਮ ਰਹੇ ਹਨ। ਅਜਿਹੇ ਭੇੜਿਏ ਨੂੰ ਤੁਰੰਤ ਫਾਂਸੀ 'ਤੇ ਲੱਟਕਾਇਆ ਜਾਣਾ ਚਾਹੀਦਾ ਹੈ।
ਪਰਿਵਾਰ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ
ਮਾਸੂਮ ਬੱਚੇ ਦੀ ਸੁਰੱਖਿਆ ਨੂੰ ਲੈ ਕੇ ਪਰਿਵਾਰ ਬੇਹਦ ਚਿੰਤਿਤ ਹਨ। ਉਨ੍ਹਾਂ ਦੇ ਦਿਲ 'ਚ ਆਪਣੀਆਂ ਧੀਆਂ ਨੂੰ ਇਕੱਲੇ ਘਰੋਂ ਬਾਹਰ ਭੇਜਦੇ ਸਮੇਂ ਸਦਾ ਡਰ ਬਣਿਆ ਰਹਿੰਦਾ ਹੈ। ਗ੍ਰਹਿਣੀ ਸੋਨੀਆ ਬਾਂਸਲ ਦੱਸਦੀ ਹੈ ਕਿ ਉਨ੍ਹਾਂ ਦੀ 5 ਸਾਲਾ ਧੀ ਹੈ ਜਿਸ ਨੂੰ ਸਕੂਲ ਛੱਡਣ, ਲਿਆਉਣ, ਟਿਊਸ਼ਨ ਲੈ ਜਾਣ, ਪਾਰਕ 'ਚ ਘੁਮਾਉਣ ਉਹ ਖੁਦ ਲੈ ਕੇ ਜਾਂਦੀ ਹੈ। ਰੋਜ਼ ਸੁਣਨ 'ਚ ਮਿਲ ਰਹੇ ਸ਼ਰਮਨਾਕ ਮਾਮਲਿਆਂ ਕਾਰਨ ਉਨ੍ਹਾਂ ਦੀ ਰੂਹ ਕੰਬ ਉਠਦੀ ਹੈ। ਅਜਿਹੇ 'ਚ ਕਿਸੇ 'ਤੇ ਵੀ ਭਰੋਸਾ ਕਰਨਾ ਹੁਣ ਮੁਮਕਿੰਨ ਨਹੀਂ ਲੱਗਦਾ ਹੈ। 8 ਸਾਲ ਬੱਚੇ ਦੇ ਪਿਤਾ ਰਾਜ ਕੁਮਾਰ ਖੁਰਾਨਾ ਦੱਸਦੇ ਹਨ ਕਿ ਹਾਲਾਤ ਇੰਨੇ ਬਦਤਰ ਹੋ ਗਏ ਹਨ, ਫਿਰ ਵੀ ਸਰਕਾਰ ਉਚਿਤ ਕਦਮ ਚੁੱਕਣਾ ਜ਼ਰੂਰੀ ਨਹੀਂ ਸਮਝਦੀ। ਜੇਕਰ ਬੱਚਿਆਂ ਨਾਲ ਇੰਝ ਹੀ ਅਪਰਾਧ ਹੁੰਦੇ ਰਹੇ ਤਾਂ ਆਉਣ ਵਾਲੇ ਸਮੇਂ 'ਚ ਲੋਕ ਬੱਚਿਆਂ ਨੂੰ ਜਨਮ ਦੇਣ ਕਤਰਾਉਣ ਲੱਗਣਗੇ।


Related News