ਫਗਵਾੜਾ ਗੋਲੀਕਾਂਡ 'ਚ ਫੋਰੈਂਸਿਕ ਮਾਹਿਰਾਂ ਦਾ ਵੱਡਾ ਖੁਲਾਸਾ

07/17/2018 3:14:45 PM

ਫਗਵਾੜਾ (ਹਰਜੋਤ)— 13 ਅਪ੍ਰੈਲ ਨੂੰ ਫਗਵਾੜਾ ਵਿਖੇ ਹੋਏ ਗੋਲੀ ਕਾਂਡ ਦੇ ਮਾਮਲੇ 'ਚ ਦੀ ਸੈਂਟਰਲ ਫੋਰੈਂਸਿਕ ਸਾਇੰਸ ਲੈਬੋਰਟਰੀ ਚੰਡੀਗੜ੍ਹ ਨੇ ਪੁਸ਼ਟੀ ਕੀਤੀ ਹੈ ਕਿ ਹਿੰਸਕ ਫਿਰਕੂ ਝੜਪ ਦੌਰਾਨ ਚਲਾਈਆਂ ਗਈਆਂ ਗੋਲੀਆਂ, 4 ਗ੍ਰਿਫਤਾਰ ਕੀਤੇ ਗਏ ਹਿੰਦੂ ਲੀਡਰਾਂ ਦੀਆਂ ਲਾਇਸੈਂਸੀ ਰਿਵਾਲਵਰਾਂ ਤੋਂ ਚੱਲੀਆਂ ਸਨ। ਇਸ ਗੋਲੀ ਕਾਂਡ 'ਚ ਦਲਿਤ ਨੌਜਵਾਨ ਜਸਵੰਤ ਉਰਫ ਬੌਬੀ ਅਤੇ ਕੁਲਵਿੰਦਰ ਜ਼ਖਮੀ ਹੋਏ ਸਨ, ਜਿਨ੍ਹਾਂ 'ਚੋਂ ਬੌਬੀ ਨੇ 29 ਅਪ੍ਰੈਲ ਨੂੰ ਡੀ. ਐੱਮ. ਸੀ. ਲੁਧਿਆਣਾ ਵਿਖੇ ਦਮ ਤੋੜ ਦਿੱਤਾ ਸੀ। ਕੁਲਵਿੰਦਰ ਨੂੰ ਰਾਮਾਮੰਡੀ ਜਲੰਧਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿਸ ਨੂੰ ਇਲਾਜ ਉਪਰੰਤ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ।
ਇਸ ਸਬੰਧੀ ਆਈ. ਜੀ. ਪੁਲਸ ਵੱਲੋਂ ਬਣਾਈ ਗਈ ਐੱਸ. ਆਈ. ਟੀ. ਦੇ ਮੁਖੀ ਐੱਸ. ਪੀ. ਹੈੱਡਕੁਆਟਰ ਜਗਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਬੌਬੀ ਨੂੰ ਜੋ ਗੋਲੀ ਲੱਗੀ ਸੀ ਉਹ ਕਿਸ ਦੀ ਰਿਵਾਲਵਰ ਤੋਂ ਚੱਲੀ ਹੈ। ਇਸੇ ਦੌਰਾਨ ਪੁਲਸ ਨੇ ਇਸ ਰਿਪੋਰਟ ਦੇ ਆਧਾਰ 'ਤੇ ਗ੍ਰਿਫਤਾਰ ਕੀਤੇ ਗਏ 6 ਹਿੰਦੂ ਲੀਡਰਾਂ ਖਿਲਾਫ ਅਦਾਲਤ 'ਚ ਚਾਲਾਨ ਪੇਸ਼ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਨੇ ਹਿੰਦੂ ਲੀਡਰਾਂ ਦੀਆਂ 4 ਰਿਵਾਲਵਰਾਂ ਵੀ ਕਬਜ਼ੇ 'ਚ ਲੈ ਲਈਆਂ ਸਨ ਅਤੇ ਲੈਬੋਰਟਰੀ ਨੂੰ ਭੇਜ ਦਿੱਤੀਆਂ ਸਨ। ਬੌਬੀ ਦੇ ਸਿਰ 'ਚ ਲੱਗੀ ਗੋਲੀ ਬੇਢੱਬੀ ਸੀ, ਜਿਸ ਕਾਰਨ ਅਜੇ ਤੱਕ ਲੈਬ ਮੁੱਖ ਦੋਸ਼ੀ ਦਾ ਪਤਾ ਨਹੀਂ ਲੱਗਾ ਸਕੀ ਪਰ ਪਤਾ ਲੱਗਿਆ ਹੈ ਕਿ 4 ਰਿਵਾਲਵਰ ਚਾਲੂ ਹਾਲਤ 'ਚ ਸਨ।
ਇਥੇ ਇਹ ਦੱਸਣਾ ਵਾਜਿਬ ਹੋਵੇਗਾ ਕਿ ਦੋ ਹਿੰਦੂ ਆਗੂ ਟਿੱਕਾ ਅਤੇ ਸੰਨੀ ਬੱਤਾ ਨੂੰ ਕੁਝ ਦੇਰ ਬਾਅਦ 'ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਵਿਰੁੱਧ ਵੀ ਉਪਰੋਕਤ ਚਾਲਾਨ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ ਹੈ। ਇਨ੍ਹਾਂ 6 ਹਿੰਦੂ ਆਗੂਆਂ ਵਿਰੁੱਧ ਕਤਲ ਦੇ ਦੋਸ਼ ਦੇ ਚਾਲਾਨ ਤੋਂ ਇਲਾਵਾ ਅਨਸੂਚਿਤ ਜਾਤੀ ਐਕਟ ਦੀਆਂ ਧਾਰਾਵਾਂ ਤਹਿਤ ਵੀ ਚਾਲਾਨ ਪੇਸ਼ ਕੀਤਾ ਗਿਆ ਹੈ। ਇਸੇ ਦੌਰਾਨ ਪੁਲਸ ਨੇ 6 ਦਲਿਤ ਨੌਜਵਾਨਾਂ ਖਿਲਾਫ ਵੀ ਵੱਖ-ਵੱਖ ਧਾਰਾਵਾਂ ਹੇਠ ਅਦਾਲਤ 'ਚ ਚਾਲਾਨ ਪੇਸ਼ ਕਰ ਦਿੱਤਾ ਹੈ ਪਰ ਇਨ੍ਹਾਂ 'ਚ ਕਤਲ ਦਾ ਮਾਮਲਾ ਸ਼ਾਮਲ ਨਹੀਂ ਹੈ।
ਵਰਣਨਯੋਗ ਹੈ ਕਿ 13 ਅਪ੍ਰੈਲ ਦੀ ਰਾਤ ਨੂੰ ਗੋਲ ਚੌਕ 'ਚ ਦੋ ਧਿਰਾਂ ਵਿਚਕਾਰ ਇਕ ਬੋਰਡ ਲਗਾਉਣ ਅਤੇ ਚੌਕ ਦਾ ਨਾਮ ਬਦਲਣ ਨੂੰ ਲੈ ਕੇ ਤਕਰਾਰ ਹੋ ਗਈ ਸੀ, ਜਿਸ ਦੌਰਾਨ ਚੱਲੀ ਗੋਲੀ 'ਚ ਇਕ ਦਲਿਤ ਭਾਈਚਾਰੇ ਦੇ ਨੌਜਵਾਨ ਜਸਵੰਤ ਉਰਫ ਬੌਬੀ ਦੀ ਮੌਤ ਹੋ ਗਈ ਸੀ ਅਤੇ 3 ਹੋਰ ਨੌਜਵਾਨ ਜਿਨ੍ਹਾਂ 'ਚ ਦਲਿਤ ਭਾਈਚਾਰੇ ਦਾ ਨੌਜਵਾਨ ਕੁਲਵਿੰਦਰ ਵੀ ਸ਼ਾਮਲ ਸੀ, ਜ਼ਖਮੀ ਹੋ ਗਏ ਸਨ। ਇਸ ਸਬੰਧੀ ਪੁਲਸ ਵੱਲੋਂ ਤਫਤੀਸ਼ ਜਾਰੀ ਹੈ। ਪੁਲਸ ਵੱਲੋਂ ਗ੍ਰਿਫਤਾਰ ਕੀਤੇ ਸ਼ਿਵ ਸੈਨਾ ਦੇ ਆਗੂ ਇੰਦਰਜੀਤ ਕਰਵਲ ਅਤੇ ਸ਼ਿਵੀ ਬੱਤਾ, ਹਿੰਦੂ ਸੁਰੱਖਿਆ ਸੰਮਤੀ ਦੇ ਆਗੂ ਦੀਪਕ ਭਾਰਦਵਾਜ, ਭਾਰਤੀ ਜਨਤਾ ਯੁਵਾ ਮੋਰਚਾ ਲੀਡਰ ਰਾਜੂ ਚਾਹਲ ਦੇ ਰਿਵਾਲਵਰ ਕਬਜ਼ੇ 'ਚ ਲੈ ਲਏ ਸਨ, ਜਿਸ ਦੀ ਜਾਂਚ ਉਪਰੰਤ ਇਹ ਮਾਮਲਾ ਸਾਹਮਣੇ ਆਇਆ ਹੈ।


Related News