ਫਗਵਾੜਾ ''ਚ ਸਥਿਤੀ ਤਣਾਅਪੂਰਨ, ਜਲੰਧਰ-ਲੁਧਿਆਣਾ ਹਾਈਵੇਅ ਬੰਦ (ਵੀਡੀਓ)

Sunday, Apr 29, 2018 - 07:00 PM (IST)

ਫਗਵਾੜਾ/ਲੁਧਿਆਣਾ (ਜਲੋਟਾ)— ਫਗਵਾੜਾ 'ਚ ਬੀਤੇ ਦਿਨਾਂ ਤੋਂ ਜਨਰਲ ਭਾਈਚਾਰੇ ਅਤੇ ਦਲਿਤ ਭਾਈਚਾਰੇ 'ਚ ਚੱਲ ਰਹੇ ਵਿਵਾਦ ਨੂੰ ਲੈ ਕੇ ਐਤਵਾਰ ਫਿਰ ਮਾਹੌਲ ਇਥੇ ਤਣਾਅਪੂਰਨ ਹੋ ਗਿਆ। ਦੱਸਣਯੋਗ ਹੈ ਕਿ 13 ਅਪ੍ਰੈਲ ਦੇਰ ਰਾਤ ਫਗਵਾੜਾ 'ਚ ਗੋਲ ਚੌਕ ਦਾ ਨਾਂ ਸੰਵਿਧਾਨ ਚੌਕ ਬਦਲਣ ਨੂੰ ਲੈ ਕੇ ਜਨਰਲ ਭਾਈਚਾਰੇ ਅਤੇ ਦਲਿਤ ਭਾਈਚਾਰੇ 'ਚ ਪੈਦਾ ਹੋਏ ਵਿਵਾਦ ਦੌਰਾਨ ਭੜਕੀ ਹਿੰਸਾ 'ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਦਲਿਤ ਨੌਜਵਾਨ ਯਸ਼ਵੰਤ ਉਰਫ ਬੌਬੀ ਨੇ ਸ਼ਨੀਵਾਰ ਦੇਰ ਰਾਤ ਲੁਦਿਆਣਾ ਦੇ ਡੀ. ਐੱਮ. ਸੀ 'ਚ ਦਮ ਤੌੜ ਦਿੱਤਾ। ਅੱਜ ਸਵੇਰੇ ਉਸ ਦਾ ਫਗਵਾੜਾ ਦੇ ਬੰਗਾ ਰੋਡ 'ਤੇ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਦੌਰਾਨ ਦਲਿਤ ਸਮਾਜ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ, ਜਿਸ ਕਾਰਨ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।

PunjabKesari
ਫਗਵਾੜਾ 'ਚ ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਵੱਡੀ ਗਿਣਤੀ 'ਚ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਆਲਾ ਅਧਿਕਾਰੀ ਖੁਦ ਹਾਲਾਤ 'ਤੇ ਨਜ਼ਰ ਰੱਖੇ ਹੋਏ ਹਨ। ਲੁਧਿਆਣਾ-ਜਲੰਧਰ ਹਾਈਵੇਅ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਕਿਸੇ ਵੀ ਗੱਡੀ ਨੂੰ ਇਸ ਰਸਤੇ ਰਾਹੀਂ ਨਹੀਂ ਜਾਣ ਦਿੱਤਾ ਜਾ ਰਿਹਾ। ਪੁਲਸ ਦੇ ਸੀਨੀਅਰ ਅਫਸਰ ਮੌਕੇ 'ਤੇ ਮੌਜੂਦ ਹਨ। ਮੌਕੇ 'ਤੇ ਮੌਜੂਦ ਫਗਵਾੜਾ ਦੇ ਐੱਸ. ਪੀ.  ਪੀ. ਐੱਸ. ਭੰਡਲ ਨੇ ਪੁਸ਼ਟੀ ਕੀਤੀ ਹੈ ਕਿ ਸਥਿਤੀ ਨੂੰ ਦੇਖਦੇ ਹੋਏ ਹਾਈਵੇਅ ਰਾਹੀ ਜਾਣ ਵਾਲੇ ਸਾਰੇ ਵਾਹਨਾਂ 'ਤੇ ਪੂਰੀ ਪਾਬੰਦੀ ਲਗਾ ਦਿੱਤੀ ਗਈ ਹੈ। ਜਲੰਧਰ ਜਾਣ ਵਾਲੀਆਂ ਗੱਡੀਆਂ ਨੂੰ ਵਾਪਸ ਮੋੜਿਆ ਜਾ ਰਿਹਾ ਹੈ। ਇਥੋਂ ਤੱਕ ਕਿ ਬਰਾਤ ਦੀਆਂ ਗੱਡੀਆਂ ਵੀ ਰਸਤੇ 'ਚ ਫਸੀਆਂ ਰਹੀਆਂ। ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਲਸ ਨੂੰ 24 ਘੰਟੇ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।


Related News