ਫਗਵਾੜਾ: ਸਿਆਸੀ ਪਾਰਟੀਆਂ ਨੇ ਮੀਟਿੰਗ ਕਰਕੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਕੀਤੀ ਅਪੀਲ

04/18/2018 1:00:17 PM

ਫਗਵਾੜਾ— ਬੀਤੇ ਦਿਨੀਂ ਫਗਵਾੜਾ 'ਚ ਦਲਿਤ ਸੰਗਠਨ ਅਤੇ ਹਿੰਦੂ ਸੰਗਠਨਾਂ 'ਚ ਹੋਏ ਵਿਵਾਦ ਦੇ ਕਾਰਨ ਬਣੇ ਤਣਾਅਪੂਰਨ ਮਾਹੌਲ ਨੂੰ ਠੀਕ ਕਰਨ ਲਈ 4 ਪ੍ਰਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਲੋਕਾਂ ਨੂੰ ਸ਼ਹਿਰ 'ਚ ਅਮਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਹੈ। ਰੈਸਟ ਹਾਊਸ 'ਚ ਮੰਗਲਵਾਰ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਆਗੂ ਜੋਗਿੰਦਰ ਸਿੰਘ ਮਾਨ, ਭਾਜਪਾ ਦੇ ਵਿਧਾਇਕ ਸੋਮ ਪ੍ਰਕਾਸ਼, ਅਕਾਲੀ ਦਲ ਬਾਦਲ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸਰਵਣ ਸਿੰਘ ਕੁਲਾਰ ਸਮੇਤ ਬਸਪਾ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ ਨੇ ਕਿਹਾ ਕਿ ਸ਼ਹਿਰ 'ਚ ਕੁਝ ਦਿਨਾਂ ਤੋਂ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਸ਼ੁੱਕਰਵਾਰ ਦੇਰ ਰਾਤ ਨੂੰ ਸ਼ਹਿਰ ਦੇ ਗੋਲ ਚੌਕ ਵਿਖੇ ਜੋ ਘਟਨਾਵਾਂ ਹੋਈਆਂ ਉਹ ਬਹੁਤ ਅਫਸੋਸਨਾਕ ਹਨ। ਇਨ੍ਹਾਂ ਨਾਲ ਆਪਸੀ ਭਾਈਚਾਰੇ ਨੂੰ ਡੂੰਘੀ ਸੱਟ ਵੱਜੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਵੱਖ-ਵੱਖ ਵਰਗ ਵੱਲੋਂ ਇਕ ਦੂਜੇ ਦੇ ਵਿਰੁੱਧ ਨਫਰਤ ਅਤੇ ਬੇਭਰੋਸਗੀ ਦਾ ਜੋ ਮਾਹੌਲ ਬਣਿਆ ਹੈ ਉਹ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਆਗੂਆਂ ਨੇ ਆਪਸੀ ਟਕਰਾਅ ਦੌਰਾਨ ਜ਼ਖਮੀ ਹੋਏ ਨੌਜਵਾਨਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਉਨ੍ਹਾਂ ਜਨਤਾ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸ਼ਹਿਰ 'ਚ ਸ਼ਾਂਤੀ ਨੂੰ ਬਣਾਈ ਰੱਖਿਆ ਜਾਵੇ। 
ਇਸ ਦੌਰਾਨ, ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਅਤੇ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਇਥੇ ਬਣਿਆ ਤਣਾਅਪੂਰਨ ਮਾਹੌਲ ਖਤਮ ਹੋ ਗਿਆ ਹੈ ਅਤੇ ਸਥਿਤੀ ਆਮ ਵਰਗੀ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਨਾਲ ਸਬੰਧਤ ਗ੍ਰਿਫਤਾਰ ਕੀਤੇ 4 ਆਗੂਆਂ ਦੇ ਗੰਨਮੈਨ ਪਹਿਲਾਂ ਹੀ ਵਾਪਸ ਲੈ ਲਏ ਗਏ ਹਨ। ਸ਼ਹਿਰ 'ਚ ਵੱਡੇ ਪੱਧਰ 'ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਹਨ ਅਤੇ ਦੋ ਹਜ਼ਾਰ ਸੁਰੱਖਿਆ ਕਰਮਚਾਰੀ, ਜਿਨ੍ਹਾਂ 'ਚ ਪੰਜਾਬ ਪੁਲਸ, ਬਾਰਡਰ ਸਕਿਉਰਟੀ ਫੋਰਸ, ਰੈਪਿਡ ਐਕਸ਼ਨ ਫੋਰਸ, ਐਂਟੀ ਰੌਇਟ ਪੁਲਸ ਸ਼ਾਮਲ ਹਨ। ਮੀਟਿੰਗ 'ਚ ਕਾਂਗਰਸ ਆਗੂ ਹਰਜੀਤ ਸਿੰਘ ਪ੍ਰਮਾਰ, ਸਤਬੀਰ ਸਿੰਘ ਸਾਬੀ, ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ, ਮੇਅਰ ਅਰੁਣ ਖੋਸਲਾ, ਭਾਜਪਾ ਦੇ ਬਲਭੱਦਰ ਸੈਨ ਦੁੱਗਲ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਸਿੰਘ ਵਾਲੀਆ ਸਮੇਤ ਆਦਿ ਸ਼ਾਮਲ ਸਨ।


Related News