ਫਗਵਾੜਾ ''ਚ ਵਿਆਹ ਸਮਾਗਮ ਦੌਰਾਨ ਕਾਰ ਪਾਰਕਿੰਗ ਨੂੰ ਲੈ ਕੇ ਹੋਇਆ ਹੰਗਾਮਾ, ਚੱਲੀਆਂ ਗੋਲ਼ੀਆਂ
Monday, Aug 02, 2021 - 03:56 PM (IST)
ਫਗਵਾੜਾ (ਜਲੋਟਾ)– ਫਗਵਾੜਾ ਦੇ ਇਕ ਪੈਲੇਸ ਵਿਚ ਜਾਰੀ ਵਿਆਹ ਸਮਾਗਮ 'ਚ ਕਾਰ ਦੀ ਪਾਰਕਿੰਗ ਨੂੰ ਲੈ ਕੇ ਲੜਕਾ ਅਤੇ ਲੜਕੀ ਪੱਖ ਨਾਲ ਸਬੰਧਤ ਦੱਸੇ ਜਾਂਦੇ ਪ੍ਰਾਹੁਣਿਆਂ ਵਿਚ ਭਾਰੀ ਹੰਗਾਮਾ ਹੋ ਗਿਆ। ਇਸ ਮਾਮਲੇ ਵਿਚ ਸ਼ਾਮਲ ਕੁਝ ਲੋਕਾਂ 'ਚ ਕੌਮੀ ਰਾਜਮਾਰਗ ਨੰਬਰ 'ਤੇ ਸਥਾਨਕ ਇਕ ਕਾਲਜ ਦੇ ਨੇੜੇ ਲੜਾਈ ਝਗੜਾ ਵੀ ਹੋਇਆ। ਇਸ ਦੌਰਾਨ ਇਕ ਪੱਖ ਦੇ ਲੋਕਾਂ ਵੱਲੋਂ ਮੌਕੇ 'ਤੇ ਬੁਲਾਏ ਗਏ ਆਪਣੇ ਹੋਰ ਸਾਥੀਆਂ ਨਾਲ ਦੂਜੇ ਪੱਖ 'ਤੇ ਫਾਇਰਿੰਗ ਕਰਨ ਅਤੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ ਦੱਸੀ ਜਾ ਰਹੀ ਹੈ।
ਐੱਸ. ਐੱਸ. ਪੀ. ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਮਲੇ ਵਿਚ ਇਕ ਵਿਅਕਤੀ, ਜਿਸ ਦੀ ਪਛਾਣ ਬਲਵੀਰ ਸਿੰਘ ਵਾਸੀ ਫਗਵਾੜਾ ਹੈ, ਨੂੰ ਗੋਲੀ ਲੱਗੀ ਹੈ। ਜਦਕਿ ਇਕ ਹੋਰ ਵਿਅਕਤੀ ਬਲਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਜ਼ਿਲ੍ਹਾ ਹੁਸ਼ਿਆਰਪੁਰ ਤੇਜ਼ ਹਥਿਆਰਾਂ ਦੇ ਵਾਰ ਨਾਲ ਜ਼ਖ਼ਮੀ ਹੋ ਗਿਆ ਹੈ। ਦੋਹਾਂ ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਬਲਵੀਰ ਸਿੰਘ ਨੂੰ ਸਰਕਾਰੀ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਲੁਧਿਆਣਾ ਦੇ ਡੀ. ਐੱਮ. ਸੀ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਐੱਸ. ਐੱਸ. ਪੀ ਨੇ ਦੱਸਿਆ ਕਿ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਇਕ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਇਨ੍ਹਾਂ ਦਾ ਦੱਸਿਆ ਜਾ ਰਿਹਾ ਇਕ ਹੋਰ ਸਾਥੀ ਮੌਕੇ ਤੋਂ ਰਿਵਾਲਵਰ ਸਮੇਤ ਫ਼ਰਾਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਪਿਤਾ ਨੇ ਪੁਲਸ ਦੇ ਸਾਹਮਣੇ ਫਾਇਰਿੰਗ ਦੀ ਸ਼ੁਰੂਆਤ ਕਰਨ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਹੈ।
ਇਹ ਵੀ ਪੜ੍ਹੋ: ਦੋਸਤ ਬਣਿਆ ਜਾਨ ਦਾ ਦੁਸ਼ਮਣ, ਭਗਤਾ ਭਾਈ ਵਿਖੇ ਦੋਸਤ ਦਾ ਬੇਰਹਿਮੀ ਨਾਲ ਕੀਤਾ ਕਤਲ
ਲੜਕੀ ਅਮਰੀਕਾ ਦੇ ਕੈਲੀਫੋਰਨੀਆ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜਦਕਿ ਉਸ ਦਾ ਪਰਿਵਾਰ ਮੁੱਢਲੇ ਤੌਰ 'ਤੇ ਫਗਵਾੜਾ ਦੇ ਮੁਹੱਲਾ ਤੇਲੀਆਂ ਨਾਲ ਸਬੰਧਤ ਹੈ। ਬਾਰਾਤ ਜਲੰਧਰ ਤੋਂ ਆਈ ਸੀ ਅਤੇ ਲੜਕਾ ਵੀ ਜਲੰਧਰ ਦਾ ਹੀ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਝਗੜਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਪੈਲੇਸ ਵਿਚ ਕਾਰ ਪਾਰਕਿੰਗ ਨੂੰ ਲੈ ਕੇ ਦੋਹਾਂ ਪੱਖਾਂ ਨਾਲ ਸਬੰਧਤ ਪ੍ਰਾਹੁਣਿਆਂ ਦੀ ਆਪਸੀ ਗੱਲਬਾਤ ਨੂੰ ਲੈ ਕੇ ਬਹਿਸ ਹੋ ਗਈ, ਜੋ ਬਾਅਦ ਵਿਚ ਕੌਮੀ ਰਾਜਮਾਰਗ ਨੰਬਰ 1 'ਤੇ ਫਾਇਰਿੰਗ ਅਤੇ ਕੁੱਟਮਾਰ ਤੱਕ ਜਾ ਪੁੱਜੀ। ਖਬਰ ਲਿਖੇ ਜਾਣ ਤੱਕ ਐੱਸ. ਪੀ. ਫਗਵਾੜਾ ਸਰਬਜੀਤ ਸਿੰਘ ਬਾਹੀਆ, ਡੀ. ਐੱਸ. ਪੀ. ਪਰਮਜੀਤ ਸਿੰਘ ਸਮੇਤ ਹੋਰ ਪੁਲਸ ਅਧਿਕਾਰੀ ਸਬੰਧਤ ਮੈਰਿਜ ਪੈਲੇਸ ਵਿਚ ਪੁੱਜ ਕੇ ਉਥੇ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀਡੀਓ ਫੁਟੇਜ ਚੈੱਕ ਕਰ ਰਹੇ ਸਨ। ਡੀ. ਐੱਸ. ਪੀ. ਫਗਵਾੜਾ ਪਰਮਜੀਤ ਸਿੰਘ ਨੇ ਕਿਹਾ ਕਿ ਪੁਲਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਮਾਮਲੇ ਸਬੰਧੀ ਸਖ਼ਤ ਪੁਲਸ ਐਕਸ਼ਨ ਬਣਦਾ ਪੁਲਸ ਕੇਸ ਦਰਜ ਕਰਕੇ ਲਿਆ ਜਾਵੇਗਾ। ਇਸ ਦੌਰਾਨ ਐਤਵਾਰ ਨੂੰ ਛੁੱਟੀ ਵਾਲੇ ਦਿਨ ਫਗਵਾੜਾ ਵਿਚ ਵਾਪਰੀ ਘਟਨਾ ਅਤੇ ਕੌਮੀ ਰਾਜਮਾਰਗ ਨੰਬਰ 1 'ਤੇ ਹੋਈ ਫਾਇਰਿੰਗ ਤੋਂ ਬਾਅਦ ਲੋਕਾਂ ਵਿਚ ਡਰ ਅਤੇ ਦਹਿਸ਼ਤ ਪਾਈ ਜਾ ਰਹੀ ਹੈ। ਮਾਮਲਾ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੁਲਸ ਦੀ ਤਫ਼ਤੀਸ਼ ਜਾਰੀ ਹੈ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕਸ ਦੀਆਂ ਖੇਡਾਂ ਵੇਖ ਸੁਖਬੀਰ ਨੂੰ ਆਏ ਪੁਰਾਣੇ ਦਿਨ ਯਾਦ, ਪੋਸਟ ਪਾ ਕੇ ਖ਼ਿਡਾਰੀਆਂ ਦਾ ਵਧਾਇਆ ਹੌਂਸਲਾ
ਕਿਸੇ ਵੀ ਪੱਖ ਨੇ ਪੁਲਸ 'ਤੇ ਨਹੀਂ ਕੀਤੀ ਹੈ ਫਾਇਰਿੰਗ: ਐੱਸ. ਐੱਸ. ਪੀ.
ਇਸ ਮਾਮਲੇ ਸਬੰਧੀ ਐੱਸ. ਐੱਸ. ਪੀ. ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਹੈ ਕਿ ਮਾਮਲੇ ਵਿਚ ਕਿਸੇ ਵੀ ਪੱਖ ਵੱਲੋਂ ਪੁਲਸ ਟੀਮ 'ਤੇ ਫਾਇਰਿੰਗ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਇੰਝ ਕੁਝ ਵੀ ਵਾਪਰਿਆ ਨਹੀਂ ਹੈ।
ਇਹ ਵੀ ਪੜ੍ਹੋ: ਖ਼ੁਦ ਨੂੰ ਕੁਆਰੀ ਦੱਸ ਕੇ ਦੂਜਾ ਵਿਆਹ ਰਚਾ ਕੁੜੀ ਪੁੱਜੀ ਆਸਟ੍ਰੇਲੀਆ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਪਰਿਵਾਰ ਦੇ ਹੋਸ਼
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ