ਫਗਵਾੜਾ ਅਤੇ ਜਲਾਲਾਬਾਦ ਹਲਕਿਆਂ ਲਈ ਉਪ ਚੋਣਾਂ ਅਕਤੂਬਰ 'ਚ ਸੰਭਵ

Friday, Jul 26, 2019 - 09:31 AM (IST)

ਫਗਵਾੜਾ ਅਤੇ ਜਲਾਲਾਬਾਦ ਹਲਕਿਆਂ ਲਈ ਉਪ ਚੋਣਾਂ ਅਕਤੂਬਰ 'ਚ ਸੰਭਵ

ਜਲੰਧਰ (ਧਵਨ) : ਪੰਜਾਬ 'ਚ ਖਾਲੀ ਹੋਈਆਂ ਦੋ ਵਿਧਾਨ ਸਭਾ ਸੀਟਾਂ ਫਗਵਾੜਾ ਅਤੇ ਜਲਾਲਾਬਾਦ ਵਿਖੇ ਉਪ ਚੋਣਾਂ ਇਸੇ ਸਾਲ ਅਕਤੂਬਰ 'ਚ ਕਰਵਾਈਆਂ ਜਾ ਸਕਦੀਆਂ ਹਨ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਕੇਂਦਰੀ ਚੋਣ ਕਮਿਸ਼ਨ ਵਲੋਂ ਹਰਿਆਣਾ ਅਤੇ ਹੋਰਨਾਂ ਸੂਬਿਆਂ 'ਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੇ ਨਾਲ ਹੀ ਉਕਤ ਦੋਹਾਂ ਸੀਟਾਂ 'ਤੇ ਉਪ ਚੋਣ ਕਰਵਾਈ ਜਾਏਗੀ। ਆਮ ਤੌਰ 'ਤੇ ਖਾਲੀ ਹੋਈਆਂ ਸੀਟਾਂ 'ਤੇ ਉਪ ਚੋਣਾਂ 6 ਮਹੀਨਿਆਂ ਅੰਦਰ ਕਰਵਾਉਣੀਆਂ ਜ਼ਰੂਰੀ ਹੁੰਦੀਆਂ ਹਨ। ਚੋਣ ਕਮਿਸ਼ਨ ਅਕਸਰ ਹੀ ਹੋਰਨਾਂ ਸੂਬਿਆਂ ਦੀਆਂ ਅਸੈਂਬਲੀ ਚੋਣਾਂ ਜਾਂ ਦੇਸ਼ 'ਚ ਹੋਣ ਵਾਲੀਆਂ ਵੱਖ-ਵੱਖ ਉਪ ਚੋਣਾਂ ਨਾਲ ਹੀ ਕਈ ਸੂਬਿਆਂ ਦੀਆਂ ਉਪ ਚੋਣਾਂ ਕਰਵਾ ਦਿੱਤੀਆਂ ਜਾਂਦੀਆਂ ਹਨ

ਸਰਕਾਰੀ ਹਲਕਿਆਂ ਨੇ ਵੀਰਵਾਰ ਦੱਸਿਆ ਕਿ ਅਕਤੂਬਰ 'ਚ ਹਰਿਆਣਾ, ਮਹਾਰਾਸ਼ਟਰ ਅਤੇ ਕੁਝ ਹੋਰਨਾਂ ਸੂਬਿਆਂ 'ਚ ਅਸੈਂਬਲੀ ਚੋਣਾਂ ਪ੍ਰਸਤਾਵਿਤ ਹਨ। ਇਸ ਲਈ ਚੋਣ ਕਮਿਸ਼ਨ ਵਲੋਂ ਫਗਵਾੜਾ ਅਤੇ ਜਲਾਲਾਬਾਦ ਵਿਖੇ ਵੀ ਅਕਤੂਬਰ 'ਚ ਹੀ ਚੋਣਾਂ ਕਰਵਾ ਦਿੱਤੀਆਂ ਜਾਣਗੀਆਂ। ਉਕਤ ਦੋਵੇਂ ਸੀਟਾਂ ਇਸ ਲਈ ਖਾਲੀ ਹੋਈਆਂ ਹਨ ਕਿਉਂਕਿ ਫਗਵਾੜਾ ਤੋਂ ਭਾਜਪਾ ਦੇ ਵਿਧਾਇਕ ਸੋਮ ਪ੍ਰਕਾਸ਼ ਅਤੇ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸੁਖਬੀਰ ਸਿੰਘ ਬਾਦਲ ਲੋਕ ਸਭਾ ਲਈ ਚੁਣੇ ਜਾ ਚੁੱਕੇ ਹਨ।

ਭਾਵੇਂ ਉਕਤ ਦੋਹਾਂ ਸੀਟਾਂ ਲਈ ਉਪ ਚੋਣਾਂ 'ਚ ਅਜੇ ਕਾਫੀ ਸਮਾਂ ਬਾਕੀ ਹੈ, ਕਾਂਗਰਸ ਦੇ ਦਾਅਵੇਦਾਰਾਂ ਨੇ ਟਿਕਟ ਲੈਣ ਲਈ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਉਹ ਕੈਪਟਨ ਅਮਰਿੰਦਰ ਸਿੰਘ ਦੇ ਆਲੇ-ਦੁਆਲੇ ਘੁੰਮਣ ਲੱਗ ਪਏ ਹਨ। ਫਗਵਾੜਾ ਦੀ ਰਿਜ਼ਰਵ ਸੀਟ ਲਈ ਸਾਬਕਾ ਮੰਤਰੀ ਜੁਗਿੰਦਰ ਸਿੰਘ ਮਾਨ, ਸਾਬਕਾ ਵਿਧਾਇਕ ਤ੍ਰਿਲੋਚਨ ਸਿੰਘ ਸੂੰਡ ਅਤੇ ਬਲਬੀਰ ਰਾਣੀ ਸੋਢੀ ਦੇ ਨਾਂ ਚਰਚਾ 'ਚ ਦੱਸੇ ਜਾਂਦੇ ਹਨ। ਜਲਾਲਾਬਾਦ ਤੋਂ ਯੂਥ ਕਾਂਗਰਸੀ ਨੇਤਾ ਅਨੀਸ਼ ਸਿਡਾਨਾ, ਹੰਸਰਾਜ ਜਾਨਸਨ ਅਤੇ ਸ਼ੇਰ ਸਿੰਘ ਘੁਬਾਇਆ ਦੇ ਨਾਮ ਚਰਚਾ 'ਚ ਹਨ। ਕੁਝ ਸਮਾਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਨਾਮ ਵੀ ਚਰਚਾ 'ਚ ਸੀ ਪਰ ਪਤਾ ਲੱਗਾ ਹੈ ਕਿ ਜਾਖੜ ਉਪ ਚੋਣ ਲੜਨ ਦੇ ਹੱਕ 'ਚ ਨਹੀਂ ਹਨ। ਫਗਵਾੜਾ ਤੋਂ ਕਈ ਹੋਰ ਦਾਅਵੇਦਾਰਾਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ ਪਰ ਮੁੱਖ ਮੰਤਰੀ ਨੇ ਆਪਣੇ ਤੌਰ 'ਤੇ ਅਜੇ ਕੋਈ ਫੈਸਲਾ ਨਹੀਂ ਕੀਤਾ। ਇਸ ਸਬੰਧੀ ਸਤੰਬਰ 'ਚ ਫੈਸਲਾ ਕੀਤੇ ਜਾਣ ਦੀ ਸੰਭਾਵਨਾ ਹੈ।


author

cherry

Content Editor

Related News