ਫਗਵਾੜਾ ਦਾ ਕਈ ਸ਼ਹਿਰਾਂ ਨਾਲੋਂ ਕੱਟਿਆ ਰਿਹਾ ਸੰਪਰਕ, ਲੋਕਾਂ ''ਚ ਦਹਿਸ਼ਤ ਬਰਕਰਾਰ

04/30/2018 7:17:41 AM

ਫਗਵਾੜਾ,   (ਜਲੋਟਾ)-  ਫਗਵਾੜਾ 'ਚ ਐਤਵਾਰ ਖਿਚਾਅ ਭਰੀ ਸ਼ਾਂਤੀ ਬਣੀ ਰਹੀ। ਇਸ ਕਾਰਨ ਲੋਕਾਂ 'ਚ ਡਰ ਦੀ ਭਾਵਨਾ ਕਾਇਮ ਰਹੀ। ਜਿਥੇ ਇਕ ਪਾਸੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਤੇ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਫਗਵਾੜਾ 'ਚ ਰੁਕ ਕੇ ਹਾਲਾਤ ਦਾ ਜਾਇਜ਼ਾ ਲਿਆ, ਉਥੇ ਪੁਲਸ ਤੇ ਸਿਵਲ ਪ੍ਰਸ਼ਾਸਨ ਵਲੋਂ ਲਗਾਤਾਰ ਭਰੋਸਾ ਦਿੱਤਾ ਗਿਆ ਕਿ ਸ਼ਹਿਰ 'ਚ ਹਾਲਾਤ ਆਮ ਵਾਂਗ ਬਣਾਈ ਰੱਖਣ ਲਈ ਉਹ ਵਚਨਬੱਧ ਹਨ। 
ਐਤਵਾਰ ਦੀ ਛੁੱਟੀ ਕਾਰਨ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ। ਸਭ ਬਾਜ਼ਾਰ ਬੰਦ ਸਨ। ਦੁਕਾਨਾਂ ਦੇ ਬਾਹਰ ਸੁਰੱਖਿਆ ਫੋਰਸਾਂ ਦੇ ਜਵਾਨ ਤਾਇਨਾਤ ਦੇਖੇ ਗਏ। ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਰਹੀਆਂ। ਇਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆਈਆਂ। ਫਗਵਾੜਾ ਹੋਰਨਾਂ ਸ਼ਹਿਰਾਂ ਨਾਲੋਂ ਕਈ ਘੰਟੇ ਕੱਟਿਆ ਗਿਆ। ਪੁਲਸ ਨੇ ਨੈਸ਼ਨਲ ਹਾਈਵੇ ਨੰ. 1 ਨੂੰ ਆਮ ਟਰੈਫਿਕ ਲਈ ਬੰਦ ਕਰ ਦਿੱਤਾ। ਜਲੰਧਰ ਤੋਂ ਪਿੰਡ ਚਹੇੜੂ ਨੇੜੇ ਹਵੇਲੀ ਤੋਂ ਲੈ ਕੇ ਫਿਲੌਰ ਤਕ ਦਾ ਪੂਰਾ ਰਾਹ ਸਵੇਰੇ 8 ਤੋਂ ਦੁਪਹਿਰ 2 ਵਜੇ ਤਕ ਬੰਦ ਰਿਹਾ।
'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਫਗਵਾੜਾ ਦੇ ਐੱਸ. ਪੀ. ਸ਼੍ਰੀ ਪੀ. ਐੱਸ. ਭੰਡਾਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇੰਝ ਗੰਭੀਰ ਹਾਲਾਤ ਨੂੰ ਧਿਆਨ 'ਚ ਰੱਖਦਿਆਂ ਕੀਤਾ ਗਿਆ। ਫਗਵਾੜਾ 'ਚ ਸਵੇਰ ਤੋਂ ਲੈ ਕੇ ਰਾਤ ਤਕ ਨੀਮ ਸੁਰੱਖਿਆ ਫੋਰਸਾਂ ਤੇ ਪੁਲਸ ਦੇ ਜਵਾਨਾਂ ਨੇ ਫਲੈਗ ਮਾਰਚ ਕੀਤੇ। ਸ਼ਾਮ ਵੇਲੇ ਫਗਵਾੜਾ 'ਚੋਂ ਪੁਲਸ ਫੋਰਸ ਦੀ ਵਾਪਸੀ ਦਾ ਕੰਮ ਸ਼ੁਰੂ ਹੋ ਗਿਆ। ਇਸ ਦਾ ਨਤੀਜਾ ਸ਼ਾਮ ਹੁੰਦੇ ਹੀ ਪੁਲਸ ਕਰਮਚਾਰੀਆਂ ਨੂੰ ਬੱਸਾਂ 'ਚ ਸਵਾਰ ਹੋ ਕੇ ਵਾਪਸੀ ਕਰਦੇ ਦੇਖੇ ਜਾਣ ਤੋਂ ਵੀ ਮਿਲ ਰਿਹਾ ਸੀ। ਹਾਲਾਂਕਿ ਪ੍ਰਸ਼ਾਸਨਿਕ ਪੱਧਰ 'ਤੇ ਅਜਿਹੀ ਕਿਸੇ ਸੂਚਨਾ ਦੀ ਪੁਸ਼ਟੀ ਨਹੀਂ ਹੋਈ ਹੈ ਤੇ ਨਾ ਹੀ ਕੋਈ ਅਜਿਹੀ ਜਾਣਕਾਰੀ ਮਿਲੀ ਹੈ। ਖਬਰ ਲਿਖੇ ਜਾਣ ਤਕ ਫਗਵਾੜਾ 'ਚ ਹਾਲਾਤ ਪਹਿਲਾਂ ਵਾਂਗ ਤਣਾਅਗ੍ਰਸਤ ਬਣੇ ਹੋਏ ਸਨ ਤੇ ਲੋਕਾਂ 'ਚ ਡਰ ਤੇ ਅਸੁਰੱਖਿਆ ਦੀ ਭਾਵਨਾ ਬਣੀ ਹੋਈ ਹੈ।


Related News