ਹਿੰਦੂ ਨੇਤਾਵਾਂ ਦੀ ਰਿਹਾਈ ਨੂੰ ਲੈ ਕੇ ਜਨਰਲ ਸਮਾਜ ਵੱਲੋਂ ਰੋਸ ਪ੍ਰਦਰਸ਼ਨ

02/18/2020 1:20:36 PM

ਫਗਵਾੜਾ (ਜਲੋਟਾ)— 13 ਅਪ੍ਰੈਲ 2018 ਨੂੰ ਫਗਵਾੜਾ ਦੇ ਗੋਲ ਚੌਕ 'ਚ ਵਾਪਰੇ ਗੋਲੀ ਕਾਂਡ ਦੌਰਾਨ ਜੇਲ 'ਚ ਫਸੇ ਹਿੰਦੂ ਨੇਤਾਵਾਂ ਦੀ ਰਿਹਾਈ ਨੂੰ ਲੈ ਕੇ ਅੱਜ ਜਨਰਲ ਸਮਾਜ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਨਰਲ ਸਮਾਜ ਦੇ ਲੋਕ ਸਵੇਰੇ 10 ਵਜੇ ਦੇ ਕਰੀਬ ਦੁਕਾਨਾਂ ਨੂੰ ਬੰਦ ਕਰਕੇ ਗਾਂਧੀ ਚੌਕ ਇਕੱਠੇ ਹੋਏ ਅਤੇ ਪੰਜਾਬ ਸਰਕਾਰ ਅਤੇ ਪੁਲਸ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ। ਇਸ ਧਰਨੇ ਦੌਰਾਨ 2 ਘੰਟੇ ਤੱਕ ਬਾਜ਼ਾਰ ਬੰਦ ਰੱਖਣ ਦੀ ਅਪੀਲ 'ਤੇ ਸ਼ਹਿਰ ਦੇ ਕੁਝ ਬਾਜ਼ਾਰ ਬੰਦ ਰਹੇ। ਪੁਲਸ ਨੇ ਸ਼ਹਿਰ 'ਚ ਨਾਕੇਬੰਦੀ ਕੀਤੀ ਹੋਈ ਸੀ।  

ਉਥੇ ਹੀ ਪ੍ਰਸ਼ਾਸਨ ਨੇ ਚਾਰ ਹਿੰਦੂ ਨੇਤਾਵਾਂ ਦੇ ਪਰਿਵਾਰ ਸਮੇਤ ਲੋਕਾਂ ਨੂੰ ਰੋਸ ਮਾਰਚ ਨਹੀਂ ਕੱਢਣ ਦਿੱਤਾ ਅਤੇ ਐੱਸ. ਡੀ. ਐੱਮ. ਗੁਰਮੀਤ ਸਿੰਘ ਜੌਹਲ ਨੇ ਮੌਕੇ 'ਤੇ ਪਹੁੰਚ ਕੇ ਜਨਰਲ ਸਮਾਜ ਤੋਂ ਮੰਗ ਪੱਤਰ ਲੈ ਲਿਆ। ਇਸ ਦੇ ਨਾਲ ਹੀ ਰੋਸ ਧਰਨੇ ਨੂੰ ਵੀ ਖਤਮ ਕਰਵਾਇਆ।

PunjabKesari

ਦੱਸਣਯੋਗ ਹੈ ਕਿ ਫਗਵਾੜਾ ਦੇ ਗੋਲ ਚੌਕ 'ਚ ਵਾਪਰੇ ਗੋਲੀ ਕਾਂਡ ਦੌਰਾਨ ਜੇਲ 'ਚ ਫਸੇ ਹਿੰਦੂ ਨੇਤਾਵਾਂ ਦੀ ਰਿਹਾਈ ਲਈ ਹਿੰਦੂ ਸੰਗਠਨਾਂ ਅਤੇ ਜਨਰਲ ਸਮਾਜ ਦੇ ਆਗੂਆਂ ਦੀ ਮੀਟਿੰਗ ਬੀਤੇ ਦਿਨੀਂ ਹਨੂੰਮਾਨਗੜ੍ਹੀ ਵਿਖੇ ਹੋਈ ਸੀ। ਮੀਟਿੰਗ ਦੌਰਾਨ ਆਗੂਆਂ ਨੇ ਹਿੰਦੂ ਨੇਤਾਵਾ ਦੀ ਰਿਹਾਈ ਨੂੰ ਰੋਕਣ ਲਈ ਇਕ ਪੁਲਸ ਅਧਿਕਾਰੀ ਵੱਲੋਂ ਅਦਾਲਤ 'ਚ ਦਿੱਤੇ ਗਏ ਹਲਫੀਆ ਬਿਆਨ 'ਤੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਇਹ ਹਲਫੀਆ ਬਿਆਨ ਜ਼ਮਾਨਤ 'ਚ ਰੁਕਾਵਟ ਪਾ ਰਿਹਾ ਹੈ ਜਿਸ ਨੂੰ ਜਰਨਲ ਸਮਾਜ ਸਹਿਣ ਨਹੀਂ ਕਰੇਗਾ। ਉਨ੍ਹਾਂ ਕਿਹਾ ਸੀ ਕਿ ਪੁਲਸ ਪ੍ਰਸਾਸ਼ਨ ਸਰਕਾਰ ਦੇ ਇਸ਼ਾਰੇ 'ਤੇ ਜਨਰਲ ਸਮਾਜ ਦੇ ਨਾਲ ਖਿਲਵਾੜ ਕਰ ਰਹੀ ਹੈ। ਆਗੂਆਂ ਨੇ ਦੱਸਿਆ ਸੀ ਕਿ 18 ਫਰਵਰੀ ਯਾਨੀ ਕਿ ਅੱਜ ਉਕਤ ਪੁਲਸ ਅਧਿਕਾਰੀ ਨੂੰ ਨੌਕਰੀ ਤੋਂ ਬਰਖਾਸਤ ਕਰਨ ਅਤੇ ਹਿੰਦੂ ਨੇਤਾਵਾਂ ਦੀ ਰਿਹਾਈ ਲਈ ਐੱਸ. ਡੀ. ਐੱਮ. ਫਗਵਾੜਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ।

ਕੀ ਹੈ ਮਾਮਲਾ
ਵਰਨਣਯੋਗ ਹੈ ਕਿ 13 ਅਪਰੈਲ 2018 ਦੀ ਰਾਤ ਨੂੰ ਫਗਵਾੜਾ ਦੇ ਗੋਲ ਚੌਕ 'ਚ ਦੋ ਧੜ੍ਹਿਆ ਦੇ ਵਿਚਕਾਰ ਇਕ ਬੋਰਡ ਲਗਾਉਣ ਅਤੇ ਚੌਕ ਦਾ ਨਾਮ ਬਦਲਣ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਜਿਸ ਦੌਰਾਨ ਚੱਲੀ ਗੋਲੀ ਕਾਰਨ ਇੱਕ ਦਲਿਤ ਨੌਜਵਾਨ ਯਸ਼ਵੰਤ ਉਰਫ਼ ਬੋਬੀ ਦੀ ਮੌਤ ਹੋ ਗਈ ਸੀ। ਇਸ ਸਬੰਧ 'ਚ ਪੁਲਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਸ਼ਿਵ ਸੈਨਾ ਦੇ ਨੇਤਾ ਇੰਦਰਜੀਤ ਕਰਵਲ, ਸ਼ਿਵੀ ਬੱਤਾ, ਹਿੰਦੂ ਸੁਰੱਖਿਆ ਸੰਮਤੀ ਦੇ ਨੇਤਾ ਦੀਪਕ ਭਾਰਦਵਾਜ ਅਤੇ ਭਾਰਤੀ ਜਨਤਾ ਯੁਵਾ ਮੋਰਚਾ ਨੇਤਾ ਰਾਜੂ ਚਾਹਲ ਦੇ ਰਿਵਾਲਵਰ ਕਬਜੇ 'ਚ ਲੈ ਲਏ ਸਨ ਅਤੇ ਉਨ੍ਹਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਸੀ ਜੋ ਹੁਣ ਤੱਕ ਜੇਲ 'ਚ ਹਨ।


shivani attri

Content Editor

Related News