ਫਗਵਾੜਾ ਗੋਲੀਕਾਂਡ ਮਾਮਲੇ 'ਚ ਪੰਜਾਬੀ ਗਾਇਕ ਗ੍ਰਿਫਤਾਰ
Wednesday, Mar 11, 2020 - 07:04 PM (IST)
ਫਗਵਾੜਾ (ਜਲੋਟਾ)— ਆਈਸਕ੍ਰੀਮ ਕਾਰੋਬਾਰੀ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੇ ਮਾਮਲੇ ਨੂੰ ਫਗਵਾੜਾ ਪੁਲਸ ਨੇ ਸੁਲਝਾਉਂਦੇ ਹੋਏ ਇਸ ਮਾਮਲੇ 'ਚ ਪੰਜਾਬੀ ਗਾਇਕ ਪ੍ਰਿਤਪਾਲ ਉਰਫ ਸਾਜਨ ਜੋਹਰਾ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਾਇਕ ਫਗਵਾੜਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਹ ਗ੍ਰਿਫਤਾਰੀ ਪੁਲਸ ਵੱਲੋਂ ਕੀਤੀ ਗਈ ਟ੍ਰੇਸਿੰਗ ਤੋਂ ਬਾਅਦ ਕੀਤੀ ਗਈ ਹੈ। ਸਾਜਨ ਜੋਹਰਾ ਵੱਲੋਂ 'ਸਰਕਾਰ ਤਾਂ ਸਾਡੀ ਆਪਣੀ ਹੈ' ਗੀਤ ਗਾਇਆ ਗਿਆ ਹੈ ਅਤੇ ਇਸ ਦੇ ਗਾਣੇ ਪਾਕਿਸਤਾਨ 'ਚ ਵੀ ਚਲਦੇ ਹਨ। ਗਾਇਕ 'ਤੇ 307, 336, 25, 54 ਆਰਮਸ ਐਕਟ ਦੀਆਂ ਧਰਾਵਾਂ ਲਗਾਈਆਂ ਗਈਆਂ ਹਨ। ਉਕਤ ਗਾਇਕ ਨੇ ਗੋਲੀਆਂ ਕਿਉਂ ਚਲਾਈਆਂ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਪੁਲਸ ਨੇ ਅੱਜ ਉਕਤ ਗਾਇਕ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਇਸ ਮਾਮਲੇ 'ਚ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮਾਮਲੇ 'ਚ ਸ਼ਾਮਲ ਬਾਕੀ ਮੁਲਜ਼ਮਾਂ ਨੂੰ ਵੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਐੱਸ. ਐੱਚ. ਓ. ਓਂਕਾਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਪੁਲਸ ਦੀ ਜਾਂਚ ਦੌਰਾਨ ਸ਼ੱਕ ਦੀ ਸੂਈ ਉਕਤ ਨੌਜਵਾਨ 'ਤੇ ਪੁੱਜੀ ਹੈ, ਜਿਸ ਕਾਰਨ ਪੁਲਸ ਨੇ ਇਸ ਨੂੰ ਕਾਬੂ ਕਰਕੇ ਪੁਲਸ ਰਿਮਾਂਡ ਲਿਆ ਹੈ ਅਤੇ ਹੁਣ ਪੁੱਛਗਿੱਛ ਦੌਰਾਨ ਇਸ ਗੱਲ ਦੀ ਛਾਣਬੀਣ ਕੀਤੀ ਜਾਵੇਗੀ ਕਿ ਇਸ ਘਟਨਾ ਦੌਰਾਨ ਵਰਤੀ ਗਈ ਗੱਡੀ ਕਿਸ ਦੀ ਸੀ? ਅਤੇ ਕਿਹੜੇ-ਕਿਹੜੇ ਨੌਜਵਾਨ ਇਸ ਗੱਡੀ 'ਚ ਸ਼ਾਮਲ ਸਨ।
ਜਾਣੋ ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ 28 ਫਰਵਰੀ ਦੀ ਦੇਰ ਰਾਤ ਅਣਪਛਾਤਿਆਂ ਵੱਲੋਂ ਸ਼ਹਿਰ ਦੀ ਪਾਸ਼ ਕਾਲੋਨੀ ਹਰ ਗੋਬਿੰਦ ਨਗਰ 'ਚ ਸਥਿਤ ਆਈਸ ਕਰੀਮ ਵਿਕਰੇਤਾ ਰਵੀ ਸਵਾਨੀ ਦੇ ਘਰ ਬਾਹਰ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਸੀ। ਫਿਲਹਾਲ ਪੁਲਸ ਨੇ ਧਾਰਾ 336, 25, 27-54 ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਸੀ। ਪੁਲਸ ਬਾਕੀ ਮਾਮਲਿਆਂ ਵਾਂਗ ਜਾਂਚ 'ਚ ਤਾਂ ਜ਼ਰੂਰ ਜੁੱਟੀ ਹੋਈ ਸੀ।
ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਦੇਰ ਰਾਤ ਲੁਟੇਰੇ ਇਕ ਬਰੇਜਾ ਕਾਰ 'ਚ ਸਵਾਰ ਹੋ ਕੇ ਆਏ ਸਨ ਅਤੇ ਇਕ ਨੌਜਵਾਨ ਨੇ ਉੱਤਰ ਕੇ ਆਈਸ ਕਰੀਮ ਵਿਕਰੇਤਾ ਦੇ ਘਰ ਬਾਹਰ ਗੇਟ 'ਤੇ ਤਿੰਨ ਫਾਇਰ ਕੀਤੇ ਸਨ ਜਦਕਿ ਦੂਜੇ ਨੌਜਵਾਨ ਨੇ ਕਾਰ 'ਚੋਂ ਦੋ ਫਾਇਰ ਕੀਤੇ ਸਨ ਪਰ ਗੋਲੀ ਨਾਲ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਸੀ।
ਇਹ ਵੀ ਪੜ੍ਹੋ: ਫਗਵਾੜਾ: ਪਾਸ਼ ਕਾਲੋਨੀ 'ਚ ਘਰ ਦੇ ਬਾਹਰ ਹਥਿਆਰਬੰਦ ਲੁਟੇਰਿਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ
ਮੌਕੇ 'ਤੇ ਐੱਸ. ਪੀ. ਮਨਵਿੰਦਰ ਸਿੰਘ, ਐੱਸ. ਐੱਚ. ਓ. ਸਿਟੀ ਓਂਕਾਰ ਸਿੰਘ ਬਰਾੜ ਨੇ ਮੌਕੇ 'ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਗੋਲੀ ਦੇ ਰਾਊਂਦ ਵੀ ਬਰਾਮਦ ਕਰ ਲਏ ਸਨ। ਹੁਣ ਇਸ ਮਾਮਲੇ ਨੂੰ ਪੁਲਸ ਨੇ ਸੁਲਝਾਉਂਦੇ ਹੋਏ ਫਗਵਾੜਾ ਦੇ ਪੰਜਾਬੀ ਗਾਇਕ ਸਾਜਨ ਜੋਹਰਾ ਦੀ ਪਹਿਲੀ ਗ੍ਰਿਫਤਾਰੀ ਦਿਖਾਈ ਹੈ। ਪੁਲਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮੈਲਬੋਰਨ 'ਚ ਵਾਪਰੇ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਸਣੇ ਦੋ ਰਿਸ਼ਤੇਦਾਰਾਂ ਦੀ ਮੌਤ