ਫਗਵਾੜਾ ਗੇਟ ਗੋਲੀਕਾਂਡ 'ਚ ਹੋਇਆ ਖੁਲਾਸਾ, ਸਾਹਮਣੇ ਆਇਆ ਇਹ ਸੱਚ
Wednesday, Jun 24, 2020 - 11:18 PM (IST)
ਜਲੰਧਰ (ਜਤਿੰਦਰ ਚੋਪੜਾ, ਕਮਲੇਸ਼, ਸੁਧੀਰ) — ਫਗਵਾੜਾ ਗੇਟ ਨੇੜੇ ਪੈਂਦੇ ਮੋਬਾਇਲ ਹਾਊਸ ਨੇੜੇ ਹੋਈ ਗੋਲੀਬਾਰੀ 'ਚ ਵੱਡਾ ਖੁਲਾਸਾ ਹੋਇਆ ਹੈ। ਇਸ ਕਾਂਡ 'ਚ ਹਰਿਆਣਾ ਕੈਥਲ ਦੀ ਪੁਲਸ ਨੇ ਟਰੈਪ ਲਗਾ ਕੇ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋਕਿ ਉਨ੍ਹਾਂ ਨੂੰ ਲੋੜੀਂਦਾ ਸਨ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ 'ਚ ਇਕ ਜੀਂਦ ਦਾ ਰਹਿਣ ਵਾਲਾ ਅਜੇ ਅਤੇ ਪੰਜਾਬ ਦਾ ਰਹਿਣ ਵਾਲਾ ਕਮਲਜੀਤ ਸਿੰਘ ਹੈ। ਅਜੇ ਖ਼ਿਲਾਫ਼ ਪਹਿਲਾਂ ਵੀ ਕਈ ਹੱਤਿਆ ਅਤੇ ਅਪਰਾਧਿਕ ਮਾਮਲੇ ਦਰਜ ਹਨ। ਕੈਥਲ ਦੇ ਸੀ. ਆਈ. ਏ. ਸਟਾਫ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਅਜੇ ਜਲੰਧਰ 'ਚ ਹੈ।
ਪੁਲਸ ਨੇ ਉਸ 'ਤੇ ਟਰੈਪ ਲਗਾ ਦਿੱਤਾ ਸੀ। ਜਦੋਂ ਉਹ ਇਨੋਵਾ ਗੱਡੀ 'ਤੇ ਭਗਤ ਸਿੰਘ ਚੌਕ ਵੱਲ ਆ ਰਹੇ ਸਨ ਤਾਂ ਪੁਲਸ ਨੇ ਘੇਰ ਲਿਆ। ਉਨ੍ਹਾਂ ਦੀ ਗੱਡੀ ਦੇ ਟਾਇਰ 'ਤੇ ਗੋਲੀ ਚਲਾਈ ਅਤੇ ਦੋਹਾਂ ਨੂੰ ਕਾਬੂ ਕਰ ਲਿਆ ਗਿਆ। ਡੀ. ਸੀ. ਪੀ. ਪੁਲਸ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਗੋਲੀ ਸਿਰਫ ਕਾਰ ਦੇ ਟਾਇਰ 'ਤੇ ਮਾਰੀ ਗਈ ਹੈ। ਹਰਿਆਣਾ ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ ਹੈ।
ਜ਼ਿਕਰਯੋਗ ਹੈ ਕਿ ਫਗਵਾੜਾ ਮੋਬਾਇਲ ਹਾਊਸ ਦੇ ਕੋਲ ਦੁਪਿਹਰ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਜਦੋਂ ਇਥੇ ਕੁਝ ਅਣਪਛਾਤਿਆਂ ਵੱਲੋਂ ਦਿਨ-ਦਿਹਾੜੇ ਗੋਲੀਬਾਰੀ ਕਰ ਦਿੱਤੀ ਗਈ ਸੀ। ਇਹ ਵੀ ਪਤਾ ਲੱਗਾ ਸੀ ਕਿ ਕਾਰ 'ਚ ਸਵਾਰ ਹੋ ਕੇ ਆਏ ਅਣਪਛਾਤੇ ਨੌਜਵਾਨ ਵੱਲੋਂ ਗੋਲੀਬਾਰੀ ਕਰਦੇ ਹੋਏ 2 ਮੁੰਡਿਆਂ ਨੂੰ ਅਗਵਾ ਕੀਤਾ ਗਿਆ ਸੀ, ਜੋਕਿ ਬਾਅਦ 'ਚ ਇਹ ਖੁਲਾਸਾ ਹੋਇਆ ਕਿ ਕੈਥਲ ਪੁਲਸ ਵੱਲੋਂ ਟਰੈਪ ਲਗਾ ਕੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।