PGI ’ਚ 65 ਸਾਲਾ ਬ੍ਰੇਨ ਡੈੱਡ ਔਰਤ ਦੇ ਅੰਗਦਾਨ, ਕਾਰਨੀਆ ਤੇ ਕਿਡਨੀ ਹੋਈ ਟਰਾਂਸਪਲਾਂਟ

Monday, Jul 18, 2022 - 11:40 AM (IST)

PGI ’ਚ 65 ਸਾਲਾ ਬ੍ਰੇਨ ਡੈੱਡ ਔਰਤ ਦੇ ਅੰਗਦਾਨ, ਕਾਰਨੀਆ ਤੇ ਕਿਡਨੀ ਹੋਈ ਟਰਾਂਸਪਲਾਂਟ

ਚੰਡੀਗੜ੍ਹ (ਪਾਲ) : ਪੀ. ਜੀ. ਆਈ. 'ਚ ਇਕ ਵਾਰ ਫਿਰ ਬ੍ਰੇਨ ਡੈੱਡ ਮਰੀਜ਼ ਦੀ ਬਦੌਲਤ ਲੋੜਵੰਦ ਮਰੀਜ਼ਾਂ ਨੂੰ ਨਵਾਂ ਜੀਵਨ ਮਿਲ ਸਕਿਆ ਹੈ। ਸੋਲਨ ਦੀ ਰਹਿਣ ਵਾਲੀ 65 ਸਾਲਾ ਔਰਤ ਨਿਸ਼ਾ ਠਾਕੁਰ ਦੀ ਕਿਡਨੀ ਅਤੇ ਕਾਰਨੀਆ ਮਰੀਜ਼ਾਂ ਨੂੰ ਟਰਾਂਸਪਲਾਂਟ ਹੋਈ ਹੈ। ਡਾਇਰੈਕਟਰ ਪੀ. ਜੀ. ਆਈ. ਡਾ. ਵਿਵੇਕ ਲਾਲ ਨੇ ਕਿਹਾ ਕਿ ਇਹ ਆਸਾਨ ਨਹੀਂ ਹੈ, ਕਿਸੇ ਵੀ ਪਰਿਵਾਰ ਲਈ ਦੁੱਖ ਦੀ ਇਸ ਘੜੀ 'ਚ ਦੂਸਰੇ ਦੀ ਮਦਦ ਕਰਨਾ। ਇਹ ਬੜਾ ਮੁਸ਼ਕਿਲ ਕੰਮ ਹੈ। ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਅੰਗਦਾਨ 'ਚ ਸਹਿਯੋਗ ਦਿੱਤਾ ਹੈ, ਅਸੀਂ ਧੰਨਵਾਦ ਕਰਦੇ ਹਾਂ। ਪੀ. ਜੀ. ਆਈ. ਦੇ ਡਾਕਟਰਾਂ ਅਤੇ ਸਾਰੀ ਟੀਮ ਦਾ ਇਸ 'ਚ ਸਹਿਯੋਗ ਹੈ ਪਰ ਇਹ ਸਭ ਬੇਕਾਰ ਹੈ ਜੇਕਰ ਪਰਿਵਾਰ ਦੀ ਰਜ਼ਾਮੰਦੀ ਨਾ ਹੋਵੇ। ਉਮੀਦ ਹੈ ਇਸ ਨਾਲ ਲੋਕ ਵੀ ਅੰਗਦਾਨ ਸਬੰਧੀ ਜਾਗਰੂਕ ਹੋਣਗੇ। ਕੈਡੇਵਰ ਆਰਗਨ ਡੋਨੇਸ਼ਨ ਪ੍ਰੋਗਰਾਮ ਡੋਨਰਜ਼ ਪਰਿਵਾਰ ’ਤੇ ਟਿਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨਿਸ਼ਾ ਦੇ ਪਰਿਵਾਰ ਵਰਗੇ ਪਰਿਵਾਰਾਂ ਦੀ ਬਦੌਲਤ ਇਹ ਪ੍ਰੋਗਰਾਮ ਚੱਲ ਰਿਹਾ ਹੈ, ਜੋ ਇਸ ਸਮੇਂ ਵੀ ਦੂਸਰਿਆਂ ਲਈ ਸੋਚਦੇ ਹਨ। ਉਥੇ ਹੀ ਡੋਨਰਜ਼ ਦੇ ਫ਼ੈਸਲੇ ਨੂੰ ਸੱਚਾਈ 'ਚ ਬਦਲਣ 'ਚ ਪੀ. ਜੀ. ਆਈ. ਟੀਮ ਦਾ ਬੜਾ ਸਹਿਯੋਗ ਹੈ, ਜਿਸ ਕਾਰਨ ਪਿਛਲੇ ਕਈ ਸਾਲਾਂ ਤੋਂ ਪੀ. ਜੀ. ਆਈ. ਨੇ ਕਈ ਸੈਂਕੜੇ ਲੋਕਾਂ ਦੀ ਜਾਨ ਬਚਾਈ ਹੈ।
11 ਜੁਲਾਈ ਨੂੰ ਪੀ. ਜੀ. ਆਈ. ’ਚ ਦਾਖ਼ਲ ਹੋਈ ਸੀ ਨਿਸ਼ਾ
65 ਸਾਲਾ ਨਿਸ਼ਾ 11 ਜੁਲਾਈ ਨੂੰ ਪੀ. ਜੀ. ਆਈ. 'ਚ ਦਾਖ਼ਲ ਹੋਈ ਸੀ। ਐਨਿਓਰਿਜ਼ਮ (ਬ੍ਰੇਨ ਦੀ ਬੀਮਾਰੀ) ਕਾਰਨ ਉਸ ਨੂੰ ਪੀ. ਜੀ. ਆਈ. ਲਿਆਂਦਾ ਗਿਆ ਸੀ। ਇਲਾਜ ਦੇ ਬਾਵਜੂਦ ਉਸ ਦੀ ਹਲਾਤ 'ਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਦੋ ਦਿਨ ਨਿਸ਼ਾ ਵੈਂਟੀਲੇਟਰ ’ਤੇ ਰਹੀ। ਜਿਸ ਤੋਂ ਬਾਅਦ ਡਾਕਟਰਾਂ ਨੇ ਸਾਰੇ ਪ੍ਰੋਟੋਕਾਲ ਦੇਖਦਿਆਂ ਉਸ ਨੂੰ 13 ਜੁਲਾਈ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। ਪਤੀ ਯਸ਼ਪਾਲ ਠਾਕੁਰ ਤੋਂ ਜਦੋਂ ਅੰਗ ਦਾਨ ਸਬੰਧੀ ਪੁੱਛਿਆ ਤਾਂ ਉਨ੍ਹਾਂ ਨੇ ਇਸ ਲਈ ਰਜ਼ਾਮੰਦੀ ਦੇ ਦਿੱਤੀ। ਪਰਿਵਾਰ ਨੇ ਇਸ ਦੁੱਖ ਦੀ ਘੜੀ 'ਚ ਵੀ ਹਿੰਮਤ ਭਰਿਆ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਪਤਨੀ ਦੇ ਅੰਗਦਾਨ ਨਾਲ ਉਹ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਅਸੀਂ ਕਿਸੇ ਦੀ ਜ਼ਿੰਦਗੀ ਮੌਤ ਤੋਂ ਬਾਅਦ ਵੀ ਬਚਾ ਸਕਦੇ ਹਾਂ। ਅੰਗਦਾਨ ਲਈ ਹਾਂ ਕਹਿਣਾ ਸਭ ਤੋਂ ਮੁਸ਼ਕਿਲ ਸੀ ਪਰ ਕਿਸੇ ਤਰ੍ਹਾਂ ਸਾਨੂੰ ਲੱਗਾ ਕਿ ਇਹ ਕੁੱਝ ਅਜਿਹਾ ਹੈ, ਜੋ ਸਾਨੂੰ ਕਰਨਾ ਚਾਹੀਦਾ ਹੈ। ਕਿਸੇ ਹੋਰ ਨੂੰ ਬਚਾਇਆ ਜਾ ਸਕਦਾ ਹੈ।
ਉੱਤਰ ਖੇਤਰ ’ਚ ਸਭ ਤੋਂ ਅੱਗੇ ਪੀ. ਜੀ. ਆਈ.
ਪੀ. ਜੀ. ਆਈ. ਦੇ ਮੈਡੀਕਲ ਸੁਪਰੀਡੈਂਟ ਰੋਟੇ ਦੇ ਨੋਡਲ ਅਫ਼ਸਰ ਪ੍ਰੋ. ਵਿਪਨ ਕੌਸ਼ਲ ਨੇ ਦੱਸਿਆ ਕਿ ਪਰਿਵਾਰ ਦੀ ਰਜ਼ਾਮੰਦੀ ਮਿਲਣ ਤੋਂ ਬਾਅਦ ਸਰਜਨਾਂ ਵੱਲੋਂ ਕਿਡਨੀ ਅਤੇ ਕਾਰਨੀਆ ਰਿਟਰੀਵ ਕੀਤਾ ਗਿਆ। ਜਿਹੜੇ ਮਰੀਜ਼ ਨੂੰ ਕਿਡਨੀ ਲਾਈ ਗਈ ਹੈ, ਉਹ ਬੀਮਾਰੀ ਦੀ ਆਖ਼ਰੀ ਸਟੇਜ ’ਤੇ ਸਨ, ਜਦੋਂ ਕਿ ਦੋ ਲੋਕਾਂ ਨੂੰ ਕਾਰਨੀਆ ਟਰਾਂਸਪਲਾਂਟ ਕੀਤਾ ਗਿਆ ਹੈ। ਜਿਵੇਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਡੋਨਰ ਸਾਡੇ ਕੋਲ ਹੈ ਤਾ ਸਾਨੂੰ ਪਤਾ ਹੈ ਕਿ ਅੱਗੇ ਦਾ ਪ੍ਰੋਸੈੱਸ ਕਿਵੇਂ ਤੈਅ ਕਰਨਾ ਹੈ।
 


author

Babita

Content Editor

Related News