ਪੀ. ਜੀ. ਆਈ. ''ਚ ਇਲਾਜ ਲਈ ਪੁੱਜੇ ਮਰੀਜ਼ ਪਰੇਸ਼ਾਨ, ਜਾਣੋ ਕਿਉਂ
Wednesday, Dec 27, 2017 - 02:11 PM (IST)

ਚੰਡੀਗੜ੍ਹ (ਸੰਦੀਪ) : ਪੀ. ਜੀ. ਆਈ. ਕੰਪਲੈਕਸ ਦੇ ਏ. ਟੀ. ਐੱਮ. ਵਿਚ ਪੈਸੇ ਨਾ ਹੋਣ ਕਾਰਨ ਮਰੀਜ਼ਾਂ ਤੇ ਉਨ੍ਹਾਂ ਦੇ ਸਬੰਧੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ ਤੇ ਉਨ੍ਹਾਂ ਦੇ ਸਬੰਧੀਆਂ ਨੂੰ ਦਵਾਈਆਂ, ਸਰਜੀਕਲ ਆਦਿ ਖਰੀਦਣ ਲਈ ਪੈਸਿਆਂ ਲਈ ਇਧਰ-ਉਧਰ ਦੌੜ-ਭੱਜ ਕਰਨੀ ਪੈ ਰਹੀ ਹੈ। ਆਲਮ ਇਹ ਹੈ ਕਿ ਲੋਕਾਂ ਨੂੰ ਆਸ-ਪਾਸ ਦੇ ਸੈਕਟਰਾਂ ਵਿਚ ਜਾ ਕੇ ਪੈਸੇ ਕਢਵਾਉਣੇ ਪੈ ਰਹੇ ਹਨ। ਸਭ ਤੋਂ ਜ਼ਿਆਦਾ ਮੁਸ਼ਕਲ ਦੂਜੇ ਸੂਬਿਆਂ ਤੋਂ ਆਏ ਮਰੀਜ਼ਾਂ ਨੂੰ ਹੋ ਰਹੀ ਹੈ, ਕਿਉਂਕਿ ਉਨ੍ਹਾਂ ਨਾਲ ਆਏ ਸਬੰਧੀਆਂ ਨੂੰ ਦੂਜੇ ਸੈਕਟਰਾਂ ਦੀ ਜਾਣਕਾਰੀ ਨਹੀਂ ਹੈ ਤੇ ਉਹ ਕਈ ਲੋਕਾਂ ਤੋਂ ਪੁੱਛ-ਪੁੱਛ ਕੇ ਉਥੇ ਪਹੁੰਚ ਰਹੇ ਹਨ। ਜਦੋਂ ਇਸ ਸਬੰਧੀ ਏ. ਟੀ. ਐੱਮ. 'ਤੇ ਬੈਂਕ ਵਲੋਂ ਦਿੱਤੇ ਗਏ ਹੈਲਪਲਾਈਨ ਨੰਬਰ 'ਤੇ ਕਾਲ ਕਰਕੇ ਏ. ਟੀ. ਐੱਮ. ਵਿਚ ਪੈਸੇ ਨਾ ਹੋਣ ਬਾਰੇ ਪੁੱਛਿਆ ਤਾਂ ਦੱਸਿਆ ਗਿਆ ਕਿ ਸ਼ਹਿਰ ਦੇ ਸਾਰੇ ਐੱਸ. ਬੀ. ਆਈ. ਏ. ਟੀ. ਐੱਮਜ਼ ਨੂੰ ਹਾਲ ਹੀ ਵਿਚ ਮੋਹਾਲੀ ਵਿਚ ਬਣਾਈ ਗਈ ਮੇਘਾ ਜਸਟ ਬ੍ਰਾਂਚ ਨਾਲ ਜੋੜਿਆ ਜਾ ਰਿਹਾ ਹੈ, ਜਿਸ ਕਾਰਨ ਹੀ ਸਾਰੇ ਏ. ਟੀ. ਐੱਮਜ਼ ਨੂੰ ਖਾਲੀ ਕੀਤਾ ਜਾ ਰਿਹਾ ਹੈ। ਮੋਹਾਲੀ ਬ੍ਰਾਂਚ ਨਾਲ ਜੋੜੇ ਜਾਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸਾਰੇ ਏ. ਟੀ. ਐੱਮਜ਼ ਵਿਚ ਪੈਸੇ ਪਾ ਦਿੱਤੇ ਜਾਣਗੇ।
2 ਦਿਨਾਂ ਤੋਂ ਏ. ਟੀ. ਐੱਮ. 'ਚ ਨਹੀਂ ਹਨ ਪੈਸੇ
ਕਿਡਨੀ ਦੇ ਇਲਾਜ ਲਈ ਪੀ. ਜੀ. ਆਈ. ਆਏੇ ਯਾਦਵਿੰਦਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ ਡਾਇਲਸਿਸ ਚੱਲ ਰਿਹਾ ਹੈ, ਜਿਸ ਲਈ ਉਨ੍ਹਾਂ ਨੂੰ ਪੈਸੇ ਚਾਹੀਦੇ ਹੁੰਦੇ ਹਨ। ਜਿੰਨੇ ਪੈਸੇ ਚਾਹੀਦੇ ਹੁੰਦੇ ਹਨ, ਉਹ ਏ. ਟੀ. ਐੱਮ. 'ਚੋਂ ਕਢਵਾ ਲੈਂਦੇ ਹਨ ਪਰ ਪਿਛਲੇ 2 ਦਿਨਾਂ ਤੋਂ ਏ. ਟੀ. ਐੱਮ. ਵਿਚ ਪੈਸੇ ਨਾ ਹੋਣ ਕਾਰਨ ਸਾਮਾਨ ਤੇ ਦਵਾਈਆਂ ਖਰੀਦਣਾ ਮੁਸ਼ਕਲ ਹੋ ਰਿਹਾ ਹੈ। ਪੰਜਾਬ ਤੋਂ ਬੇਟੇ ਮੁਨੀਸ਼, ਜੋ ਸੜਕ ਹਾਦਸੇ ਵਿਚ ਜਖ਼ਮੀ ਹੋਇਆ ਹੈ, ਨਾਲ ਆਏ ਉਸਦੇ ਪਿਤਾ ਨੇ ਦੱਸਿਆ ਕਿ ਬੇਟੇ ਦੀਆਂ ਦਵਾਈਆਂ ਲਈ ਰੋਜ਼ ਹਜ਼ਾਰਾਂ ਰੁਪਏ ਦੀ ਜ਼ਰੂਰਤ ਹੁੰਦੀ ਹੈ ਪਰ ਏ. ਟੀ. ਐੱਮ. ਵਿਚ ਪੈਸੇ ਨਾ ਹੋਣ ਕਾਰਨ ਉਨ੍ਹਾਂ ਨੂੰ ਪੈਸੇ ਹੀ ਨਹੀਂ ਮਿਲ ਰਹੇ ਹਨ ਤੇ ਉਨ੍ਹਾਂ ਨੂੰ ਬੇਟੇ ਦੇ ਇਲਾਜ ਵਿਚ ਸਮੱਸਿਆ ਆ ਰਹੀ ਹੈ। ਅਜਿਹੇ ਵਿਚ ਉਨ੍ਹਾਂ ਨੂੰ ਆਸ-ਪਾਸ ਦੇ ਸੈਕਟਰਾਂ ਦੇ ਏ. ਟੀ. ਐੱਮਜ਼ ਵਿਚ ਜਾ ਕੇ ਪੈਸੇ ਕਢਵਾਉਣ ਲਈ ਮਜਬੂਰ ਹੋਣਾ ਪਿਆ ਹੈ।