ਪੰਜਾਬ ਦੇ ਲੋਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੋਸ਼ ਉਡਾਉਣ ਵਾਲੀ ਆਈ ਰਿਪੋਰਟ, ਇਨ੍ਹਾਂ ਜ਼ਿਲ੍ਹਿਆਂ ''ਚ...
Monday, May 26, 2025 - 10:58 AM (IST)

ਚੰਡੀਗੜ੍ਹ (ਅਰਚਨਾ ਸੇਠੀ) : ਪੰਜਾਬ ਵਾਸੀਆਂ ਲਈ ਬੇਹੱਦ ਚਿੰਤਾ ਭਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ ਦੇ ਧਰਤੀ ਹੇਠਲੇ ਪਾਣੀ 'ਚ ਮੌਜੂਦ ਰਸਾਇਣਕ ਪਦਾਰਥਾਂ ਨੇ ਪਾਣੀ ਦੀ ਗੁਣਵੱਤਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੰਜਾਬ ਦੇ ਜਲ ਸੰਸਾਧਨ ਵਿਭਾਗ ਵਲੋਂ ਕੀਤੇ ਗਏ ਅਧਿਐਨ ਦੀ ਰਿਪੋਰਟ ਦੀ ਮੰਨੀਏ ਤਾਂ ਸੂਬੇ ਦੇ ਭੂਜਲ 'ਚ ਸਭ ਕੁੱਝ ਠੀਕ ਨਹੀਂ ਹੈ। ਪੰਜਾਬ ਦੇ ਕੁੱਝ ਇਲਾਕਿਆਂ ਦੇ ਭੂਜਲ ਦੇ ਨਮੂਨਿਆਂ 'ਚ ਯੂਰੇਨੀਅਮ, ਆਰਸੈਨਿਕ, ਆਇਰਨ, ਨਾਈਟ੍ਰੇਟ, ਫਲੋਰਾਈਡ ਦੀ ਮਾਤਰਾ ਤੈਅ ਮਾਪਦੰਡਾਂ ਦੀ ਹੱਦ ਤੋਂ ਕਿਤੇ ਜ਼ਿਆਦਾ ਮਿਲੀ ਹੈ। ਰਿਪੋਰਟ ਦੇ ਮੁਤਾਬਕ ਪੰਜਾਬ ਦੇ ਭੂਜਲ 'ਚ ਯੂਰੇਨੀਅਮ ਦੀ ਮੌਜੂਦਗੀ 32.1 ਫ਼ੀਸਦੀ, ਆਰਸੈਨਿਕ 4.9 ਫ਼ੀਸਦੀ, ਆਇਰਨ 5.5 ਫ਼ੀਸਦੀ, ਫਲੋਰਾਈਡ 13.8 ਫ਼ੀਸਦੀ, ਨਾਈਟ੍ਰੇਟ 12.8 ਫ਼ੀਸਦੀ ਅਤੇ ਪਾਣੀ 'ਚ ਨਮਕ ਦੀ ਮਾਤਰਾ 6.7 ਫ਼ੀਸਦੀ (ਇਲੈਕਟ੍ਰਿਕ ਕੰਡਕਟੀਵਿਟੀ) ਪਾਈ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਭੂਜਲ ਦੀ ਇਸ ਹਾਲਤ ਲਈ ਪਾਣੀ ਦੀ ਜ਼ਿਆਦਾ ਵਰਤੋਂ ਦੇ ਨਾਲ-ਨਾਲ ਗੰਦੇ ਪਾਣੀ ਦਾ ਜ਼ਮੀਨ 'ਚ ਰਿਸਾਅ, ਪੱਥਰਾਂ ਦੇ ਘਿਸਣ 'ਤੇ ਉਨ੍ਹਾਂ ਦੇ ਤੱਤਾਂ ਦਾ ਜ਼ਮੀਨ ਦੇ ਪਾਣੀ 'ਚ ਜਾ ਕੇ ਮਿਲਣਾ, ਗੰਦੇ ਮੈਲੇ ਪਾਣੀ ਦਾ ਵੀ ਜ਼ਮੀਨ 'ਚ ਰਿਸਾਅ, ਖੇਤੀਬਾੜੀ ਲਈ ਇਸਤੇਮਾਲ ਕੀਤੇ ਜਾਣ ਵਾਲੇ ਕੀਟਨਾਸ਼ਕਾਂ ਦੀ ਕਿਸਮ ਕਾਰਨ ਭਾਰੀ ਧਾਤੂ ਅਤੇ ਰਸਾਇਣਕ ਪਦਾਰਥ ਜ਼ਮੀਨ ਅੰਦਰ ਰਿਸ ਰਹੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪੰਜਾਬ ਦੇ ਸਾਰੇ ਲੋਕਾਂ ਲਈ ਸੁਰੱਖਿਅਤ ਅਤੇ ਸਵੱਛ ਜਲ ਉਪਲੱਬਧ ਕਰਾਉਣ ਲਈ ਰੋਜ਼ਾਨਾ ਤੌਰ 'ਤੇ ਮਾਨੀਟਰਿੰਗ ਅਤੇ ਜ਼ਰੂਰੀ ਕਾਰਵਾਈ ਦੀ ਲੋੜ ਹੈ।
ਇਹ ਵੀ ਪੜ੍ਹੋ : ਟ੍ਰਾਈਸਿਟੀ 'ਚ ਕੋਰੋਨਾ ਦਾ ਪਹਿਲਾ ਮਾਮਲਾ, ਸਿਹਤ ਵਿਭਾਗ ਨੇ ਦਿੱਤੀ ਲੋਕਾਂ ਨੂੰ ਸਲਾਹ
ਵੱਧ ਗਏ ਪੰਜਾਬ 'ਚ ਵਾਟਰ ਸੈਂਪਲ ਸਟੇਸ਼ਨ
ਰਿਪੋਰਟ ਦੇ ਮੁਤਾਬਕ ਪੰਜਾਬ 'ਚ ਮੌਜੂਦਾ ਸਮੇਂ 'ਚ ਪਾਣੀ ਦੇ ਸੈਂਪਲ 924 ਥਾਵਾਂ ਤੋਂ ਲਏ ਗਏ ਹਨ, ਜਦੋਂ ਕਿ ਸਾਲ 2020 'ਚ ਪੰਜਾਬ 'ਚ 323 ਥਾਵਾਂ ਤੋਂ ਪਾਣੀ ਦੇ ਸੈਂਪਲ ਲਏ ਜਾਂਦੇ ਰਹੇ ਸਨ। ਸਾਲ 2021 'ਚ ਇਨ੍ਹਾਂ ਦੀ ਗਿਣਤੀ 330 ਹੋ ਗਈ ਸੀ। ਸਾਲ 2022 'ਚ ਸਟੇਸ਼ਨਾਂ ਦਾ ਅੰਕੜਾ 338 'ਤੇ ਪਹੁੰਚ ਗਿਆ ਸੀ। ਪਾਣੀ ਦੇ ਸੈਂਪਲਾਂ ਦੇ ਸਥਾਨ ਵੱਧਣ ਦੇ ਨਾਲ-ਨਾਲ ਪਾਣੀ ਦੀ ਗੁਣਵੱਤਾ ਨੂੰ ਸਟੀਕਤਾ ਨਾਲ ਜਾਣਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਸ਼ੁਰੂ ਹੋਇਆ 'ਨੌਤਪਾ', ਇਨ੍ਹਾਂ ਦਿਨਾਂ ਨੂੰ ਵਰੇਗੀ ਅੱਗ ਵਰਗੀ ਗਰਮੀ
ਇਨ੍ਹਾਂ ਜ਼ਿਲ੍ਹਿਆਂ 'ਚ ਮਿਲੇ ਭਾਰੀ ਪਦਾਰਥ
ਪੰਜਾਬ ਦੇ ਭੂਜਲ 'ਚ ਪਾਣੀ 'ਚ ਨਮਕ ਦੀ ਮੌਜੂਦਗੀ (ਇਲੈਕਟ੍ਰਿਕ ਕੰਡਕਟੀਵਿਟੀ) ਸਭ ਤੋਂ ਜ਼ਿਆਦਾ ਫਾਜ਼ਿਲਕਾ 'ਚ 36 ਫ਼ੀਸਦੀ, ਮਾਨਸਾ 31 ਫ਼ੀਸਦੀ, ਸ੍ਰੀ ਮੁਕਤਸਰ ਸਾਹਿਬ 30 ਫ਼ੀਸਦੀ, ਬਠਿੰਡਾ, ਫ਼ਰੀਦਕੋਟ ਅਤੇ ਫਿਰੋਜ਼ਪੁਰ 'ਚ ਮਿਲੀ ਹੈ। ਨਾਈਟ੍ਰੇਟ ਦੀ ਮੌਜੂਦਗੀ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਜ਼ਿਲ੍ਹਿਆਂ ਦੇ ਭੂਜਲ 'ਚ ਪਾਈ ਗਈ ਹੈ। ਫਲੋਰਾਈਡ ਦੀ ਮਾਤਰਾ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫ਼ਿਰੋਜਪੁਰ, ਫ਼ਰੀਦਕੋਟ, ਬਠਿੰਡਾ, ਮਾਨਸਾ ਦੇ ਭੂਜਲ 'ਚ ਤੈਅ ਮਾਪਦੰਡਾਂ ਤੋਂ ਜ਼ਿਆਦਾ ਮਿਲੀ ਹੈ। ਆਇਰਨ ਤੈਅ ਮਾਪਦੰਡਾਂ ਤੋਂ ਜ਼ਿਆਦਾ ਮਾਤਰਾ 'ਚ ਮਾਨਸਾ, ਮੋਹਾਲੀ, ਰੂਪਨਗਰ ਦੇ ਭੂਜਲ 'ਚ ਪਾਇਆ ਗਿਆ ਹੈ। ਆਰਸੈਨਿਕ ਦੀ ਮਾਤਰਾ ਪੰਜਾਬ ਦੇ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਜ਼ਿਲ੍ਹਿਆਂ ਦੇ ਭੂਜਲ 'ਚ ਪਾਈ ਗਈ ਹੈ, ਜਦੋਂ ਕਿ ਯੂਰੇਨੀਅਮ ਪਦਾਰਥ ਨੂੰ ਪੰਜਾਬ ਦੇ ਫਾਜ਼ਿਲਕਾ, ਫ਼ਿਰੋਜਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਮੋਗਾ, ਬਰਨਾਲਾ, ਸੰਗਰੂਰ ਦੇ ਭੂਜਲ 'ਚ ਮਿਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8