ਮਾਛੀਵਾੜਾ ਦੀ ਧਰਤੀ ਹੇਠ ''ਪੈਟਰੋਲੀਅਮ ਪਦਾਰਥ'' ਹੋਣ ਦੀ ਸ਼ੰਕਾ

06/17/2019 11:27:24 AM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਮਾਛੀਵਾੜਾ ਇਲਾਕੇ ਦੇ ਆਸ-ਪਾਸ ਕਈ ਪਿੰਡਾਂ 'ਚ ਧਰਤੀ ਹੇਠਾਂ ਪੈਟਰੋਲੀਅਮ ਪਦਾਰਥ ਹੋਣ ਦੀ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ, ਜਿਸ ਤਹਿਤ ਭਾਰਤ ਸਰਕਾਰ ਦੀ ਕੰਪਨੀ ਓ. ਐੱਨ. ਜੀ. ਸੀ. ਵਲੋਂ ਇਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਕੇ ਧਰਤੀ ਹੇਠਾਂ ਡੂੰਘੇ ਬੋਰ ਕਰ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਥਾਂ 'ਤੇ ਪੈਟਰੋਲੀਅਮ ਪਦਾਰਥਾਂ ਦੀ ਕਿੰਨੀ ਮਾਤਰਾ ਹੈ।
ਮਾਛੀਵਾੜਾ ਦੇ ਆਸ-ਪਾਸ ਪਿੰਡ ਝੜੌਦੀ, ਲੱਖੋਵਾਲ ਅਤੇ ਰਤੀਪੁਰ ਨੇੜੇ ਧਰਤੀ ਹੇਠਾਂ ਸਰਵੇ ਕਰ ਰਹੀ ਕੰਪਨੀ ਅਲਫ਼ਾ ਜੀ. ਈ. ਓ. ਦੇ ਅਧਿਕਾਰੀ ਤੇ ਮਜ਼ਦੂਰਾਂ ਵਲੋਂ ਕਿਸਾਨਾਂ ਦੇ ਖੇਤਾਂ ਵਿਚ ਸੈਂਕੜੇ ਬੋਰ ਕੀਤੇ ਗਏ, ਤਾਂ ਜੋ ਧਰਤੀ ਹੇਠਾਂ ਪੈਟਰੋਲੀਅਮ ਪਦਾਰਥਾਂ ਦੀ ਜਾਣਕਾਰੀ ਮਿਲ ਸਕੇ। ਕੰਪਨੀ ਦੇ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਧਰਤੀ ਹੇਠਾਂ ਖਣਿਜ ਪਦਾਰਥਾਂ ਦੀ ਸੰਭਾਲ ਕਰਨ ਵਾਲੀ ਕੰਪਨੀ ਓ. ਐੱਨ.ਜੀ. ਸੀ. ਨੂੰ ਸੈਟੇਲਾਈਟ ਰਾਹੀਂ ਇਹ ਜਾਣਕਾਰੀ ਮਿਲੀ ਕਿ ਪਾਨੀਪਤ ਤੋਂ ਲੈ ਕੇ ਗੁਰਦਾਸਪੁਰ ਤੱਕ ਕੁਝ ਹਿੱਸੇ ਹਨ, ਜਿੱਥੇ ਧਰਤੀ ਹੇਠਾਂ ਪੈਟਰੋਲੀਅਮ ਪਦਾਰਥ ਤੇ ਗੈਸ ਹੋ ਸਕਦੀ ਹੈ।
ਭਾਰਤ ਸਰਕਾਰ ਨੇ ਅਲਫ਼ਾ ਜੀ. ਈ. ਓ. ਨੂੰ ਇਹ ਜ਼ਿੰਮੇਵਾਰੀ ਸੌਂਪੀ ਅਤੇ ਸੈਟੇਲਾਈਟ ਰਾਹੀਂ ਉਨ੍ਹਾਂ ਜ਼ਮੀਨਾਂ ਦੀ ਨਿਸ਼ਾਨਦੇਹੀ ਦਿੱਤੀ, ਜਿਸ ਤਹਿਤ ਉਹ ਪਾਨੀਪਤ ਤੋਂ ਲੈ ਕੇ ਗੁਰਦਾਸਪੁਰ ਤੱਕ ਵੱਖ-ਵੱਖ ਥਾਵਾਂ 'ਤੇ ਬੋਰ ਕਰ ਕੇ ਰਿਪੋਰਟ ਤਿਆਰ ਕਰ ਰਹੇ ਹਨ ਕਿ ਧਰਤੀ ਹੇਠਾਂ ਕਿੰਨੀ ਮਾਤਰਾ ਵਿਚ ਪੈਟਰੋਲੀਅਮ ਪਦਾਰਥ ਹਨ। ਮਾਛੀਵਾੜਾ ਦੇ ਵੱਖ-ਵੱਖ ਪਿੰਡਾਂ 'ਚ ਅਲਫ਼ਾ ਜੀ. ਈ. ਓ. ਵਲੋਂ ਮਸ਼ੀਨਾਂ ਰਾਹੀਂ 80 ਫੁੱਟ ਡੂੰਘਾ ਬੋਰ ਕਰ ਕੇ ਉਸ 'ਚ ਤਾਰ ਪਾ ਕੇ ਆਧੁਨਿਕ ਮਸ਼ੀਨਾਂ ਰਾਹੀਂ ਬਲਾਸਟ ਕਰ ਕੇ ਇਕ ਫਲੋਪੀ ਤਿਆਰ ਕੀਤੀ ਗਈ।


Babita

Content Editor

Related News