ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ''ਚ ਇਕ ਹੋ ਸਕਦੇ ਹਨ ਪੈਟਰੋਲ ਤੇ ਡੀਜ਼ਲ ਦੇ ਮੁੱਲ

Saturday, Mar 14, 2020 - 02:04 PM (IST)

ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ''ਚ ਇਕ ਹੋ ਸਕਦੇ ਹਨ ਪੈਟਰੋਲ ਤੇ ਡੀਜ਼ਲ ਦੇ ਮੁੱਲ

ਚੰਡੀਗੜ੍ਹ (ਸਾਜਨ) : ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ 'ਚ ਛੇਤੀ ਹੀ ਪੈਟਰੋਲ ਦੇ ਇਕ ਮੁੱਲ ਹੋ ਸਕਦੇ ਹਨ। ਮੰਗ ਤਾਂ ਇਹ ਉੱਠ ਰਹੀ ਹੈ ਕਿ ਪੂਰੇ ਪੰਜਾਬ ਅਤੇ ਹਰਿਆਣਾ ਦੇ ਬਰਾਬਰ ਚੰਡੀਗੜ੍ਹ 'ਚ ਵੀ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਕੀਤੇ ਜਾਣ ਪਰ ਫਿਲਹਾਲ ਇਸ 'ਤੇ ਮੰਥਨ ਹੋਣਾ ਬਾਕੀ ਹੈ। ਚੰਡੀਗੜ੍ਹ ਪ੍ਰਸ਼ਾਸਨ 'ਤੇ ਲਗਾਤਾਰ ਇਸ ਲਈ ਦਬਾਅ ਬਣਾਇਆ ਜਾ ਰਿਹਾ ਹੈ। ਪੰਜਾਬ ਤੇ ਹਰਿਆਣਾ ਵਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ ਚੰਡੀਗੜ੍ਹ 'ਚ ਹਾਲਾਂਕਿ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਘੱਟ ਹਨ, ਲਿਹਾਜ਼ਾ ਇਸ ਕਾਰਨ ਤੋਂ ਹਰਿਆਣਾ ਅਤੇ ਪੰਜਾਬ ਦੀ ਸੇਲ 'ਤੇ ਜ਼ਬਰਦਸਤ ਅਸਰ ਪੈਂਦਾ ਹੈ ਅਤੇ ਲੋਕ ਚੰਡੀਗੜ੍ਹ ਤੋਂ ਹੀ ਪੈਟਰੋਲ ਭਰਵਾਉਂਦੇ ਹਨ। ਪ੍ਰਸ਼ਾਸਨ ਨੇ ਹਾਲਾਂਕਿ ਇਸ 'ਤੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ ਪਰ ਇਸ ਨੂੰ ਲੈ ਕੇ ਛੇਤੀ ਮੀਟਿੰਗ ਹੋ ਸਕਦੀ ਹੈ ਜਾਂ ਪੰਜਾਬ ਦੇ ਗਵਰਨਰ ਅਤੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਕੋਲ ਮਾਮਲਾ ਪਹੁੰਚ ਸਕਦਾ ਹੈ।
ਉਂਝ ਤਾਂ ਪੰਜਾਬ ਅਤੇ ਹਰਿਆਣਾ ਦੀਆਂ ਪੈਟਰੋਲ ਪੰਪ ਐਸੋਸੀਏਸ਼ਨਾਂ ਅਤੇ ਕੁਝ ਪੈਟਰੋਲ ਪੰਪ ਮਾਲਕ ਚੰਡੀਗੜ੍ਹ 'ਚ ਪੈਟਰੋਲ ਦੇ ਮੁੱਲ ਘੱਟ ਕਰਨ ਨੂੰ ਲੈ ਕੇ ਲਗਾਤਾਰ ਦਬਾਅ ਬਣਾਉਂਦੇ ਰਹੇ ਹਨ ਪਰ ਇਨ੍ਹਾਂ ਦੀ ਮੰਗ 'ਤੇ ਹਾਲੇ ਯੂ. ਟੀ. ਪ੍ਰਸ਼ਾਸਨ ਵਲੋਂ ਗੌਰ ਨਹੀਂ ਕੀਤਾ ਗਿਆ। ਐਡਵਾਈਜ਼ਰ ਮਨੋਜ ਪਰਿਦਾ ਕੋਲ ਮੋਹਾਲੀ ਦੇ ਏਰੀਏ 'ਚ ਪੈਣ ਵਾਲੇ ਪੈਟਰੋਲ ਪੰਪ ਮਾਲਕ ਨੇ ਤਾਂ ਪੈਟਰੋਲ, ਡੀਜ਼ਲ ਦੀ ਸੇਲ ਘਟਣ ਨੂੰ ਲੈ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਚੰਡੀਗੜ੍ਹ ਪ੍ਰਸ਼ਾਸਨ ਨੇ ਰੇਟ ਨਾ ਘਟਾਏ ਤਾਂ ਉਹ ਖੁਦਕੁਸ਼ੀ ਤੱਕ ਕਰ ਲੈਣਗੇ। ਪ੍ਰਸ਼ਾਸਨ ਨੇ ਇਸ ਮੰਗ 'ਤੇ ਤਦ ਗੰਭੀਰਤਾ ਨਾਲ ਸੋਚਣਾ ਸ਼ੁਰੂ ਕੀਤਾ, ਜਦੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੈਟਰੋਲ-ਡੀਜ਼ਲ ਦੇ ਰੇਟ ਪੰਜਾਬ ਅਤੇ ਹਰਿਆਣਾ ਦੇ ਬਰਾਬਰ ਕਰਨ ਨੂੰ ਲੈ ਕੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੂੰ ਬੇਨਤੀ ਕੀਤੀ ਗਈ।

ਸੂਤਰਾਂ ਮੁਤਾਬਕ ਇਸ ਸਬੰਧ 'ਚ ਬਦਨੌਰ ਕੋਲ ਪੱਤਰ ਵੀ ਭੇਜਿਆ ਗਿਆ ਹੈ। ਇਸ 'ਤੇ ਹਾਲੇ ਤੱਕ ਤਾਂ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ ਪਰ ਇਸ ਮਸਲੇ 'ਤੇ ਇਕ ਅਣਉਪਚਾਰਿਕ ਚਰਚਾ ਜ਼ਰੂਰ ਹੋਈ ਹੈ। ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਦਲੀਲ ਹੈ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਰਾਹਤ ਦੇਣ ਲਈ ਪ੍ਰਸ਼ਾਸਨ ਨੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਘੱਟ ਕੀਤੇ ਹਨ, ਲਿਹਾਜ਼ਾ ਇਸ 'ਚ ਪੰਜਾਬ ਅਤੇ ਹਰਿਆਣਾ ਨੂੰ ਇਤਰਾਜ਼ ਚੁੱਕਣ ਦੀ ਲੋੜ ਨਹੀਂ ਹੈ। ਆਪਣੇ ਏਰੀਏ ਦੇ ਲੋਕਾਂ ਬਾਰੇ ਸੋਚਣਾ ਹਰ ਪ੍ਰਸ਼ਾਸਨ ਦਾ ਫਰਜ਼ ਹੈ ਅਤੇ ਅਸੀਂ ਉਹ ਫਰਜ਼ ਪੂਰਾ ਕਰ ਰਹੇ ਹਾਂ। ਪ੍ਰਸ਼ਾਸਨ 'ਤੇ ਜੇਕਰ ਇਸ ਪ੍ਰਪੋਜ਼ਲ ਨੂੰ ਲੈ ਕੇ ਦਬਾਅ ਬਣਾਇਆ ਜਾਵੇਗਾ ਤਾਂ ਪੰਜਾਬ ਤੇ ਹਰਿਆਣਾ ਲਈ ਇਕ ਦਲੀਲ ਤਿਆਰ ਕੀਤੀ ਜਾ ਰਹੀ ਹੈ। ਦਲੀਲ ਇਹ ਹੈ ਕਿ ਮੋਹਾਲੀ ਤੇ ਪੰਚਕੂਲਾ ਟ੍ਰਾਈਸਿਟੀ ਦੇ ਏਰੀਏ 'ਚ ਆਉਂਦੇ ਹਨ, ਲਿਹਾਜ਼ਾ ਦੋਹਾਂ ਜ਼ਿਲਿਆਂ 'ਚ ਪੰਜਾਬ ਅਤੇ ਹਰਿਆਣਾ ਪੈਟਰੋਲ ਅਤੇ ਡੀਜ਼ਲ ਦੇ ਰੇਟ ਘਟਾ ਕੇ ਚੰਡੀਗੜ੍ਹ ਦੇ ਬਰਾਬਰ ਕਰਕੇ ਦੇਣ ਤਾਂ ਜੋ ਇਨ੍ਹਾਂ ਥਾਵਾਂ ਦੇ ਲੋਕਾਂ ਨੂੰ ਵੀ ਰਾਹਤ ਮਿਲ ਸਕੇ ਅਤੇ ਤਿੰਨੇ ਥਾਵਾਂ 'ਤੇ ਇਕ ਵਰਗੀ ਸੇਲ ਹੋ ਜਾਵੇ। ਦੱਸ ਦੇਈਏ ਕਿ ਚੰਡੀਗੜ੍ਹ 'ਚ ਇਸ ਸਮੇਂ ਪੰਜਾਬ ਤੋਂ ਕਰੀਬ 7 ਰੁਪਏ ਸਸਤਾ ਪੈਟਰੋਲ ਅਤੇ ਇਕ ਤੋਂ ਡੇਢ ਰੁਪਏ ਸਸਤਾ ਡੀਜ਼ਲ ਹੈ, ਜਿਸ ਕਾਰਨ ਲੋਕ ਮੋਹਾਲੀ ਤੋਂ ਪੈਟਰੋਲ ਨਹੀਂ ਭਰਵਾਉਂਦੇ। ਪੰਚਕੂਲਾ 'ਚ ਵੀ ਪੈਟਰੋਲ ਅਤੇ ਡੀਜ਼ਲ ਦੇ ਰੇਟ 'ਚ ਚੰਡੀਗੜ੍ਹ ਦੀ ਤੁਲਨਾ 'ਚ ਕਾਫੀ ਫਰਕ ਹੈ।


author

Babita

Content Editor

Related News