ਪਾਬੰਦੀ ਦੇ ਬਾਵਜੂਦ ਬੋਤਲਾਂ ਤੇ ਕੇਨਾਂ ''ਚ ਵਿਕ ਰਿਹਾ ਪੈਟਰੋਲ

Friday, Sep 29, 2017 - 02:55 AM (IST)

ਲੁਧਿਆਣਾ,  (ਖੁਰਾਣਾ)-  ਨਗਰ 'ਚ ਜ਼ਿਆਦਾਤਰ ਪੈਟਰੋਲ ਪੰਪ ਡੀਲਰ ਸ਼ਹਿਰ 'ਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਠੇਂਗਾ ਦਿਖਾ ਕੇ ਪਾਬੰਦੀਸ਼ੁਦਾ ਪਲਾਸਟਿਕ ਬੋਤਲਾਂ 'ਚ ਖੁੱਲ੍ਹਾ ਪੈਟਰੋਲ ਵੇਚ ਰਹੇ ਹਨ, ਜੋ ਕਿ ਤੇਲ ਕੰਪਨੀਆਂ ਅਤੇ ਪ੍ਰਸ਼ਾਸਨ ਦੇ ਮੁਤਾਬਕ ਨਿਯਮਾਂ ਖਿਲਾਫ ਦੱਸਿਆ ਜਾ ਰਿਹਾ ਹੈ।
ਇਥੇ ਇਸ ਤਰ੍ਹਾਂ ਨਹੀਂ ਹੈ ਕਿ ਪੈਟਰੋਲ ਦੀ ਖੁੱਲ੍ਹੇ 'ਚ ਵਿਕਰੀ ਕਰਨ ਦੇ ਆਦੇਸ਼ਾਂ ਸਬੰਧੀ ਪੈਟਰੋ ਕਾਰੋਬਾਰੀ ਅਣਜਾਣ ਹੈ, ਸਗੋਂ ਇਸ ਸਬੰਧ 'ਚ ਸਮੇਂ-ਸਮੇਂ 'ਤੇ ਕਾਰੋਬਾਰੀਆਂ ਨੂੰ ਖੁੱਲ੍ਹੇ 'ਚ ਪੈਟਰੋਲ ਦੀ ਵਿਕਰੀ ਨਾਲ ਹੋਣ ਵਾਲੇ ਖਤਰੇ ਤੋਂ ਜਾਣੂ ਕਰਵਾਉਣ ਲਈ ਪ੍ਰਸ਼ਾਸਨ ਵਲੋਂ ਵੱਖ-ਵੱਖ ਤਰੀਕਿਆਂ ਨਾਲ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਬਾਵਜੂਦ ਇਸ ਦੇ ਚੰਦ ਪੈਸਿਆਂ ਦੇ ਲਾਲਚ 'ਚ ਕੁਝ ਪੰਪ ਮਾਲਕ ਲੋਕਾਂ ਦੀ ਜਾਨ-ਮਾਲ ਨਾਲ ਖਿਲਵਾੜ ਕਰ ਰਹੇ ਹਨ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਐਕਸਪਲੋਸਿਵ ਨਿਯਮਾਂ ਮੁਤਾਬਕ ਪੈਟਰੋਲ ਨੂੰ ਅਤਿ-ਜਲਣਸ਼ੀਲ ਪਦਾਰਥ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ, ਜਿਸ ਦੀ ਵਿਕਰੀ ਵਾਹਨਾਂ ਦੀਆਂ ਟੈਂਕੀਆਂ ਭਰਨ ਤੋਂ ਇਲਾਵਾ ਬੋਤਲਾਂ ਅਤੇ ਕੇਨਾਂ 'ਚ ਕਦੇ ਵੀ ਨਹੀਂ ਕੀਤੀ ਜਾ ਸਕਦੀ ਹੈ। 
ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਸ਼ਿਵਪੁਰੀ ਚੌਕ ਨੇੜੇ ਪੈਂਦੇ ਐੱਚ. ਪੀ. ਕੰਪਨੀ ਨਾਲ ਸਬੰਧਤ ਪੈਟਰੋਲ ਪੰਪ ਅਤੇ ਹੈਬੋਵਾਲ ਇਲਾਕੇ ਦੇ ਇੰਡੀਅਨ ਆਇਲ ਕੰਪਨੀ ਨਾਲ ਸਬੰਧਤ ਪੈਟਰੋਲ ਪੰਪ ਦੀ ਪਲਾਸਟਿਕ ਬੋਤਲਾਂ 'ਚ ਨਾਜਾਇਜ਼ ਵਿਕਰੀ ਖੁੱਲ੍ਹੇਆਮ ਚੱਲ ਰਹੀ ਹੈ, ਜਿਸਨੂੰ 'ਜਗ ਬਾਣੀ' ਦੇ ਫੋਟੋਗ੍ਰਾਫਰ ਵੱਲੋਂ ਆਪਣੇ ਕੈਮਰੇ 'ਚ ਕੈਦ ਕੀਤਾ ਗਿਆ ਹੈ।


Related News