ਪੈਟਰੋਲ ਪੰਪ ਕਰਿੰਦੇ ਦਾ ਕਮਾਲ! ਗੱਡੀ ਦੀ 37 ਲੀਟਰ ਵਾਲੀ ਟੈਂਕੀ ’ਚ ਪਾਇਆ 47 ਲੀਟਰ ਤੇਲ
Wednesday, Sep 08, 2021 - 09:22 AM (IST)
ਲੁਧਿਆਣਾ (ਖੁਰਾਣਾ) : ਪੱਖੋਵਾਲ ਨਹਿਰ ਨੇੜੇ ਪੈਂਦੇ ਪੈਟਰੋਲ ਪੰਪ ’ਤੇ ਉਸ ਸਮੇਂ ਵਿਵਾਦ ਖੜ੍ਹਾ ਹੋ ਗਿਆ, ਜਦੋਂ ਗੱਡੀ ਸਵਾਰ ਰੋਹਿਤ ਬੈਂਸ ਨਾਮੀ ਨੌਜਵਾਨ ਨੇ ਪੰਪ ’ਤੇ ਤਾਇਨਾਤ ਕਰਿੰਦੇ ਖ਼ਿਲਾਫ਼ ਤੇਲ ਦੀ ਕੁੰਡੀ ਮਾਰਨ ਦੇ ਕਥਿਤ ਦੋਸ਼ ਲਾਉਂਦੇ ਹੋਏ ਵਿਭਾਗੀ ਜਾਂਚ ਕਰਵਾਉਣ ਦੀ ਮੰਗ ਰੱਖੀ। ਉਕਤ ਸਾਰੇ ਮਾਮਲੇ ਦੀ ਇਕ ਵੀਡੀਓ ਕਲਿੱਪ ਵੀ ਤੇਜ਼ੀ ਨਾਲ ਸੋਸ਼ਲ ਮੀਡੀਆ ਗਰੁੱਪਾਂ ’ਚ ਵਾਇਰਲ ਹੋ ਰਹੀ ਹੈ, ਜਿਸ ਵਿਚ ਸ਼ਿਕਾਇਤਕਰਤਾ ਰੋਹਿਤ ਬੈਂਸ ਨੇ ਪੰਪ ਦੇ ਕਰਿੰਦੇ ਖ਼ਿਲਾਫ਼ ਗੰਭੀਰ ਦੋਸ਼ ਲਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਉਹ ਜਵੱਦੀ ਨਿਵਾਸੀ ਹੈ ਅਤੇ ਉਕਤ ਪੈਟਰੋਲ ਪੰਪ ’ਤੇ ਉਹ ਆਪਣੀ ਸਵਿੱਫਟ ਡਿਜ਼ਾਇਰ ਗੱਡੀ ’ਚ ਪਤਨੀ ਅਤੇ ਬੱਚੇ ਸਮੇਤ ਤੇਲ ਪਵਾਉਣ ਲਈ ਰੁਕਿਆ ਤਾਂ ਇਸ ਦੌਰਾਨ ਕਰਿੰਦੇ ਵੱਲੋਂ ਉਨ੍ਹਾਂ ਦੀ ਗੱਡੀ ’ਚ 47 ਲੀਟਰ ਡੀਜ਼ਲ ਭਰ ਕੇ 4350 ਰੁਪਏ ਰਾਸ਼ੀ ਵਸੂਲ ਲਈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਆਨਲਾਈਨ ਪ੍ਰਣਾਲੀ ਜ਼ਰੀਏ ਚੈੱਕ ਕਰਨ ’ਤੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਗੱਡੀ ਨਿਰਮਾਤਾ ਕੰਪਨੀ ਵੱਲੋਂ ਟੈਂਕੀ ਦੀ ਸਮਰੱਥਾ 37 ਲੀਟਰ ਤੈਅ ਕੀਤੀ ਗਈ ਹੈ, ਜਦੋਂ ਕਿ ਪੰਪ ਮੁਲਾਜ਼ਮ ਵੱਲੋਂ ਟੈਂਕੀ ਵਿਚ 47 ਲੀਟਰ ਤੇਲ ਪਾਉਣ ਦੀ ਗੱਲ ਕਹਿ ਕੇ ਉਨ੍ਹਾਂ ਤੋਂ 4350 ਰੁਪਏ ਵਸੂਲੇ ਗਏ ਹਨ। ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਗੱਡੀ ਦੀ ਟੈਂਕੀ ਵਿਚ ਪਹਿਲਾਂ ਹੀ ਕਰੀਬ 5-7 ਲੀਟਰ ਤੇਲ ਮੌਜੂਦ ਸੀ ਤਾਂ ਅਜਿਹੇ ਵਿਚ ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਗੱਡੀ ਵਿਚ 52-54 ਲੀਟਰ ਤੇਲ ਕਿਵੇਂ ਆ ਸਕਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸਰਕਾਰ ਵੱਲੋਂ ਦਿੱਤਾ ਗਿਆ ਤੋਹਫ਼ਾ
ਉਨ੍ਹਾਂ ਨੇ ਮੁਲਜ਼ਮਾਂ ’ਤੇ ਦੋਸ਼ ਲਾਏ ਕਿ ਉਹ ਆਪਣੀ ਪਤਨੀ ਅਤੇ ਬੱਚੇ ਨਾਲ ਉਕਤ ਪੰਪ ’ਤੇ ਘੰਟਿਆਂ ਬੱਧੀ ਖੜ੍ਹੇ ਰਹੇ ਪਰ ਕਿਸੇ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਗੱਡੀ ਦੀ ਟੈਂਕੀ ਤੋਂ ਤੇਲ ਕੱਢ ਕੇ ਉਨ੍ਹਾਂ ਦੀ ਤਸੱਲੀ ਕਰਵਾਈ ਜਾਵੇ। ਉਧਰ, ਇਸ ਕੇਸ ’ਚ ਪੰਪ ਮਾਲਕ ਆਸ਼ੀਸ਼ ਗਰਗ ਨੇ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਗੱਡੀਆਂ ਦੀਆਂ ਟੈਂਕੀਆਂ ਵਿਚ ਸਮਰੱਥਾ ਤੋਂ ਜ਼ਿਆਦਾ ਤੇਲ ਭਰਿਆ ਜਾ ਸਕਦਾ ਹੈ, ਜੋ ਕਿ ਕਥਿਤ ਸਮੇਂ-ਸਮੇਂ ’ਤੇ ਸਾਹਮਣੇ ਆਉਂਦਾ ਹੈ।
ਆਸ਼ੀਸ਼ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪੰਪ ’ਤੇ ਅਤਿ-ਆਧੁਨਿਕ ਮਸ਼ੀਨਾਂ ਲੱਗੀਆਂ ਹੋਈਆਂ ਹਨ, ਜਿਸ ਨੂੰ ਇਕ ਬੂੰਦ ਤੇਲ ਦੀ ਵੀ ਹੇਰਾ-ਫੇਰੀ ਹੋਣਾ ਸੰਭਵ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਸ਼ਿਕਾਇਤਕਰਤਾ ਦੀ ਤਸੱਲੀ ਕਰਵਾਈ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ