ਵੱਡੀ ਖ਼ਬਰ : ਪੰਜਾਬ 'ਚ ਮੁੱਕਣ ਲੱਗਾ ਪੈਟਰੋਲ-ਡੀਜ਼ਲ! ਟੈਂਕੀਆਂ ਫੁੱਲ ਕਰਾ ਰਹੇ ਲੋਕ, ਵਿਗੜ ਸਕਦੇ ਨੇ ਹਾਲਾਤ (ਵੀਡੀਓ)

Tuesday, Jan 02, 2024 - 10:14 AM (IST)

ਵੱਡੀ ਖ਼ਬਰ : ਪੰਜਾਬ 'ਚ ਮੁੱਕਣ ਲੱਗਾ ਪੈਟਰੋਲ-ਡੀਜ਼ਲ! ਟੈਂਕੀਆਂ ਫੁੱਲ ਕਰਾ ਰਹੇ ਲੋਕ, ਵਿਗੜ ਸਕਦੇ ਨੇ ਹਾਲਾਤ (ਵੀਡੀਓ)

ਲੁਧਿਆਣਾ/ਜਲੰਧਰ : ਪੰਜਾਬ 'ਚ ਟਰੱਕ ਯੂਨੀਅਨਾਂ ਦੀ ਹੜਤਾਲ ਕਾਰਨ ਚੀਜ਼ਾਂ ਦੀ ਸਪਲਾਈ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ ਅਤੇ ਪੈਟਰੋਲ-ਡੀਜ਼ਲ ਦੀ ਕਿੱਲਤ ਵੱਧਣ ਲੱਗੀ ਹੈ। ਟਰੱਕ ਡਰਾਈਵਰਾਂ ਨੇ 'ਹਿੱਟ ਐਂਡ ਰਨ' ਮਾਮਲਿਆਂ ਨਾਲ ਸਬੰਧਿਤ ਨਵੇਂ ਕਾਨੂੰਨ ਦੇ ਵਿਰੋਧ 'ਚ ਆਵਾਜਾਈ ਠੱਪ ਕਰ ਦਿੱਤੀ ਹੈ। ਇਸ ਦੇ ਮੱਦੇਨਜ਼ਰ ਪੈਟਰੋਲ ਪੰਪਾਂ ਤੋਂ ਤੇਲ ਮੁੱਕਣ ਦੇ ਖ਼ਦਸ਼ੇ ਕਾਰਨ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਪੈਟਰੋਲ ਪੰਪਾਂ 'ਤੇ ਦੇਖਣ ਨੂੰ ਮਿਲ ਰਹੀਆਂ ਹਨ। ਲੋਕ ਵਾਹਨਾਂ ਦੀਆਂ ਟੈਕੀਆਂ ਫੁੱਲ ਕਰਵਾਉਣ ਲਈ ਲਾਈਨਾਂ 'ਚ ਲੱਗੇ ਦਿਖਾਈ ਦੇ ਰਹੇ ਹਨ। ਪੰਪ ਮਾਲਕਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਹਨਾਂ ਦੀ ਘੱਟ ਵਰਤੋਂ ਕਰਨ। ਸੂਬੇ ਦੇ ਕਈ ਪੈਟਰੋਲ ਪੰਪ ਡਰਾਈ ਹੋਣ ਕੰਢੇ ਪਹੁੰਚ ਚੁੱਕੇ ਹਨ। ਅਜਿਹੇ ਹਾਲਾਤ 'ਚ ਆਉਣ ਵਾਲੇ ਸਮੇਂ ਦੌਰਾਨ ਜਨਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਤੇਲ ਪੁਆਉਣ ਲਈ ਆਉਣ ਵਾਲੇ ਲੋਕਾਂ ਨੂੰ ਆਪਣੀ ਵਾਰੀ ਲਈ 20-25 ਮਿੰਟ ਅਤੇ ਇਸ ਤੋਂ ਵੱਧ ਸਮੇਂ ਤੱਕ ਉਡੀਕ ਕਰਨੀ ਪੈ ਰਹੀ ਹੈ ਪਰ ਆਉਣ ਵਾਲੇ ਦਿਨਾਂ ਵਿਚ ਹੋਣ ਵਾਲੀ ਦਿੱਕਤ ਤੋਂ ਬਚਣ ਲਈ ਲੋਕ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਪੈਟਰੋਲ ਪੰਪ ਸੰਚਾਲਕਾਂ ਦਾ ਕਹਿਣਾ ਸੀ ਕਿ ਰੂਟੀਨ ਦੇ ਮੁਕਾਬਲੇ ਹਰ ਵਿਅਕਤੀ ਵੱਧ ਤੇਲ ਪੁਆ ਰਿਹਾ ਹੈ, ਜਿਸ ਕਾਰਨ ਖ਼ਪਤ ਵਿਚ ਅਚਾਨਕ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਚੰਗੀ ਖ਼ਬਰ, ਹੁਣ ਦਰਵਾਜ਼ੇ 'ਤੇ ਮਿਲੇਗੀ ਇਹ ਸਹੂਲਤ

ਜਿਹੜੇ ਪੰਪਾਂ ’ਤੇ ਰੋਜ਼ਾਨਾ 1-2 ਹਜ਼ਾਰ ਲਿਟਰ ਪੈਟਰੋਲ ਦੀ ਵਿਕਰੀ ਹੁੰਦੀ ਸੀ, ਉੱਥੇ ਇਹ ਵਿਕਰੀ 4000 ਲਿਟਰ ਤੋਂ ਉੱਪਰ ਪਹੁੰਚ ਗਈ। ਦੂਜੇ ਪਾਸੇ ਡੀਜ਼ਲ ਦੀ ਗੱਲ ਕੀਤੀ ਜਾਵੇ ਤਾਂ ਕਈ ਪੰਪਾਂ ਨੇ 10000 ਲਿਟਰ ਤੋਂ ਵੱਧ ਦੀ ਵਿਕਰੀ ਕਰ ਕੇ ਬੇਹੱਦ ਮੁਨਾਫ਼ਾ ਹਾਸਲ ਕੀਤਾ। ਦੂਜੇ ਪਾਸੇ ਵੱਡੀਆਂ ਤੇਲ ਨਿਰਮਾਤਾ ਕੰਪਨੀਆਂ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਜਲੰਧਰ ਦੇ ਸੁੱਚੀ ਪਿੰਡ ਵਿਚ ਪੈਟਰੋਲ-ਡੀਜ਼ਲ ਦੀ ਸਟੋਰੇਜ ਹੁੰਦੀ ਹੈ। ਹੜਤਾਲ ਨੂੰ ਦੇਖਦਿਆਂ ਹਰੇਕ ਕੰਪਨੀ ਵੱਲੋਂ ਪਹਿਲਾਂ ਹੀ ਸਟਾਕ ਕਰ ਲਿਆ ਗਿਆ ਸੀ। ਇਸ ਕਾਰਨ ਆਉਣ ਵਾਲੇ 1-2 ਦਿਨਾਂ ਲਈ ਪੈਟਰੋਲ-ਡੀਜ਼ਲ ਉਪਲੱਬਧ ਹੈ। ਨਾਂ ਨਾ ਛਾਪਣ ਦੀ ਸੂਰਤ 'ਚ ਇਕ ਅਧਿਕਾਰੀ ਨੇ ਕਿਹਾ ਕਿ ਜੇਕਰ ਹੜਤਾਲ ਲੰਬੀ ਜਾਂਦੀ ਹੈ ਤਾਂ ਤੇਲ ਦੀ ਦਿੱਕਤ ਆ ਸਕਦੀ ਹੈ। ਦੂਜੇ ਪਾਸੇ ਪੈਟਰੋਲ ਪੰਪ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਹੜਤਾਲ ਤੋਂ ਪਹਿਲਾਂ ਹਰੇਕ ਪੰਪ ਨੇ ਰੂਟੀਨ ਤੋਂ ਵੱਧ ਸਪਲਾਈ ਮੰਗਵਾ ਲਈ ਸੀ ਤਾਂ ਕਿ ਆਉਣ ਵਾਲੇ ਦਿਨਾਂ ਵਿਚ ਤੇਲ ਦੀ ਵਿਕਰੀ ਪ੍ਰਭਾਵਿਤ ਨਾ ਹੋਵੇ ਪਰ ਤੇਲ ਦੀ ਖ਼ਪਤ ਜ਼ਿਆਦਾ ਹੋਣ ਕਾਰਨ ਪੰਪ ਡਰਾਈ ਹੋਣ ਦੇ ਕੰਢੇ ’ਤੇ ਪਹੁੰਚ ਚੁੱਕੇ ਹਨ।
ਜਾਣੋ ਕੀ ਹੈ ਪੂਰਾ ਮਾਮਲਾ
ਭਾਰਤ ਸਰਕਾਰ ਨੇ ਹਾਲ ਹੀ ’ਚ ਬ੍ਰਿਟਿਸ਼ ਇੰਡੀਅਨ ਪੈਨਲ ਕੋਡ ਨੂੰ ਭਾਰਤੀ ਸਜ਼ਾ ਜ਼ਾਫਤਾ ’ਚ ਬਦਲਦੇ ਹੋਏ ਕਾਨੂੰਨ ’ਚ ਕਈ ਸਖ਼ਤ ਬਦਲਾਅ ਕੀਤੇ ਹਨ। ਉਨ੍ਹਾਂ ’ਚ ਇਕ ਮੁੱਖ ਬਦਲਾਅ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ਨਾਲ ਸਬੰਧਿਤ ਹੈ। ਦੇਸ਼ ’ਚ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ 5 ਲੱਖ ਨੂੰ ਪਾਰ ਕਰ ਗਿਆ ਹੈ। ਇਸ ਲਈ ਹੁਣ ‘ਹਿੱਟ ਐਂਡ ਰਨ’ ਕੇਸਾਂ ’ਚ ਸਜ਼ਾ ਦੀ ਵਿਵਸਥਾ ਨੂੰ 2 ਸਾਲ ਤੋਂ ਵਧਾ ਕੇ 10 ਸਾਲ ਕਰ ਦਿੱਤੀ ਗਈ ਹੈ। ਇਸ ਦੇ ਵਿਰੋਧ ਵਿੱਚ ਦੇਸ਼ ਭਰ ਦੀਆਂ ਟਰਾਂਸਪੋਰਟ ਜੱਥੇਬੰਦੀਆਂ ਨੇ ਹੜਤਾਲ ਕਰ ਦਿੱਤੀ ਹੈ। ਸਪੋਰਟ ਐਸੋਸੀਏਸ਼ਨਾਂ ਨੇ ਦੇਸ਼ ’ਚ ਟਰੱਕ, ਟੈਂਪੂ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਹਨ ਅਤੇ ਪ੍ਰਾਈਵੇਟ ਗੱਡੀਆਂ ਦੀ ਸੜਕਾਂ ’ਤੇ ਰੋਕ ਕੇ ਹਵਾ ਕੱਢੀ ਜਾ ਰਹੀ ਹੈ ਅਤੇ ਉਨ੍ਹਾਂ ਨਾਲ ਦੁਰ-ਵਿਵਹਾਰ ਕੀਤਾ ਜਾ ਰਿਹਾ ਹੈ। ਟਰਾਂਸਰਟ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਤੋਂ ਬਾਅਦ ਦੇਸ਼ ’ਚ ਕੋਈ ਵੀ ਵਿਅਕਤੀ ਟਰਾਂਸਪੋਰਟ ’ਚ ਚਾਲਕ ਦੀ ਨੌਕਰੀ ਨਹੀਂ ਕਰੇਗਾ ਅਤੇ ਧੁੰਦ ਜਾਂ ਹੋਰਨਾਂ ਕਾਰਨਾਂ ਕਰ ਕੇ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਚਾਲਕ ਨੂੰ ਇਸ ਦੀ ਭਾਰੀ ਸਜ਼ਾ ਭੁਗਤਣੀ ਪਵੇਗੀ। ਟਰਾਂਸਪੋਰਟ ਦੇ ਇਸ ਚੱਕੇ ਜਾਮ ਦਾ ਸਿੱਧਾ ਅਸਰ ਦੇਸ਼ ਭਰ ਦੇ ਕਾਰੋਬਾਰ ’ਤੇ ਪਿਆ ਹੈ। ਪੰਜਾਬ ਭਰ ’ਚ 134 ਟਰਾਂਸਪੋਰਟ ਯੂਨੀਅਨਾਂ ਹਨ, ਜਿਨ੍ਹਾਂ ’ਚ 70,000 ਤੋਂ ਵੱਧ ਟਰੱਕ ਅਤੇ ਟੈਂਪੂ ਚੱਲਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਕੜਾਕੇ ਦੀ ਠੰਡ ਦੌਰਾਨ ਵਿਅਕਤੀ ਦੀ ਮੌਤ, 'ਮੌਸਮ' ਨੂੰ ਲੈ ਕੇ ਜਾਰੀ ਹੋਈ ਵੱਡੀ ਚਿਤਾਵਨੀ
ਮਹਿੰਗਾ ਪੈਟਰੋਲ-ਡੀਜ਼ਲ ਪੁਆਉਂਦੇ ਰਹੇ ਲੋਕ
ਸਾਰੇ ਪੈਟਰੋਲ ਪੰਪਾਂ ’ਤੇ ਹਾਈ ਸਪੀਡ ਤੇ ਪ੍ਰੀਮੀਅਮ ਪੈਟਰੋਲ-ਡੀਜ਼ਲ ਮਿਲਦਾ ਹੈ ਪਰ ਆਮ ਤੌਰ ’ਤੇ ਜਨਤਾ ਮਹਿੰਗਾ ਤੇਲ ਪੁਆਉਣ ਤੋਂ ਪਰਹੇਜ਼ ਕਰਦੀ ਹੈ ਪਰ ਬੀਤੀ ਰਾਤ ਪੰਪਾਂ ’ਤੇ ਲੋਕਾਂ ਨੂੰ ਮਹਿੰਗਾ ਪੈਟਰੋਲ-ਡੀਜ਼ਲ ਪੁਆਉਂਦੇ ਦੇਖਿਆ ਗਿਆ। ਹਰ ਵਿਅਕਤੀ ਆਪਣੀ ਗੱਡੀ ਅਤੇ ਦੋਪਹੀਆ ਵਾਹਨਾਂ ਦੀ ਟੈਂਕੀ ਭਰਵਾਉਣ ਨੂੰ ਮਹੱਤਵ ਦਿੰਦਾ ਨਜ਼ਰ ਆਇਆ। ਲੋਕਾਂ ਨੇ 2-3 ਰੁਪਏ ਪ੍ਰਤੀ ਲਿਟਰ ਮਹਿੰਗਾ ਹੋਣ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਟੈਂਕੀਆਂ ਭਰਵਾਉਂਦੇ ਰਹੇ। ਇਸੇ ਕਾਰਨ ਪੈਟਰੋਲ ਪੰਪਾਂ ’ਤੇ ਰੂਟੀਨ ਦੇ ਮੁਕਾਬਲੇ ਮਹਿੰਗੇ ਪੈਟਰੋਲ-ਡੀਜ਼ਲ ਦੀ ਸੇਲ ਵਿਚ ਵਾਧਾ ਦੇਖਣ ਨੂੰ ਮਿਲਿਆ। ਇਸ ਮਹਿੰਗੇ ਪੈਟਰੋਲ-ਡੀਜ਼ਲ ਵਿਚ ਪੈਟਰੋਲ ਪੰਪ ਸੰਚਾਲਕਾਂ ਦੀ ਕਮੀਸ਼ਨ ਵੀ ਜ਼ਿਆਦਾ ਹੁੰਦੀ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਬੁਲਾਈਆਂ ਮਹੱਤਵਪੂਰਨ ਬੈਠਕਾਂ, ਸਿਆਸੀ ਹਾਲਾਤ 'ਤੇ ਹੋਵੇਗਾ ਵਿਚਾਰ-ਵਟਾਂਦਰਾ
ਸਟੋਰ ਕਰਨ ਵਾਲਿਆਂ ਨੂੰ ਤੇਲ ਪਾਉਣ ਤੋਂ ਮਨ੍ਹਾ ਕਰਨ ’ਤੇ ਹੋਈਆਂ ਝੜਪਾਂ
ਕਈ ਪੈਟਰੋਲ ਪੰਪਾਂ ’ਤੇ ਦੇਖਣ ਨੂੰ ਮਿਲਿਆ ਕਿ ਕੈਨੀਆਂ ਵਿਚ ਤੇਲ ਪਾਉਣ ਤੋਂ ਮਨ੍ਹਾ ਕਰਨ ’ਤੇ ਲੋਕ ਪੰਪਾਂ ਵਾਲਿਆਂ ਨਾਲ ਝਗੜਾ ਕਰਨ ’ਤੇ ਉਤਾਰੂ ਹੋ ਗਏ। ਕਿੱਲਤ ਕਾਰਨ ਲੋਕਾਂ ਵਿਚ ਪੈਟਰੋਲ-ਡੀਜ਼ਲ ਕਰਨ ਦੀ ਹੋੜ ਮਚੀ ਦੇਖਣ ਨੂੰ ਮਿਲੀ। ਕਈ ਪੰਪਾਂ ’ਤੇ ਲੋਕ ਕੈਨੀਆਂ ਵਿਚ ਤੇਲ ਭਰਵਾਉਂਦੇ ਦੇਖੇ ਗਏ। ਇਸੇ ਲੜੀ 'ਚ ਪੰਪ ਵਾਲਿਆਂ ਨੇ ਕੈਨੀਆਂ ਅਤੇ ਬੋਤਲਾਂ ਵਿਚ ਤੇਲ ਦੇਣ ਤੋਂ ਨਾਂਹ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਲੋਕਾਂ ਅਤੇ ਪੈਟਰੋਲ ਪੰਪਾਂ ਦੇ ਸੇਲਜ਼ਮੈਨਾਂ ਵਿਚ ਹਲਕੀ ਝੜਪ ਦੇਖਣ ਨੂੰ ਮਿਲੀ। ਉਥੇ ਖੜ੍ਹੇ ਲੋਕਾਂ ਨੇ ਬਚ-ਬਚਾਅ ਕੀਤਾ ਤਾਂ ਕਿ ਮਾਹੌਲ ਖ਼ਰਾਬ ਹੋਣ ਤੋਂ ਰੁਕ ਸਕੇ ਅਤੇ ਉਨ੍ਹਾਂ ਨੂੰ ਤੇਲ ਮਿਲਣ ਵਿਚ ਦਿੱਕਤ ਪੇਸ਼ ਨਾ ਆਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News