ਜਿਸ ਦੀ ਪਟੀਸ਼ਨ ਨੂੰ ਦੋ ਵਾਰ ਹਾਈ ਕੋਰਟ ਨੇ ਠੁਕਰਾ ਦਿੱਤਾ, ਉਸ ਨੂੰ ਕੌਣ ਮੁੱਖ ਮੰਤਰੀ ਨੌਕਰੀ ਦੇਵੇਗਾ : ਚੰਨੀ

06/01/2023 12:22:39 PM

ਚੰਡੀਗੜ੍ਹ (ਅਸ਼ਵਨੀ): ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਟਹਿਰੇ ’ਚ ਖੜ੍ਹਾ ਕਰਨ ’ਤੇ ਪਲਟਵਾਰ ਕਰਦਿਆਂ ਚੰਨੀ ਨੇ ਕਿਹਾ ਹੈ ਕਿ ਇਹ ਸਭ ਕਰਨ ਦੀ ਲੋੜ ਨਹੀਂ ਹਨ। ਮੇਰਾ ਐਨਕਾਊਂਟਰ ਹੀ ਕਰਵਾ ਲਓ। ਸਰਕਾਰਾਂ ਕੀ ਨਹੀਂ ਕਰਦੀਆਂ। ਤੁਹਾਨੂੰ ਸਭ ਪਾਸੇ ਚੰਨੀ ਹੀ ਦਿਖਾਈ ਦੇ ਰਿਹਾ ਹੈ। ਪੰਜਾਬ ਕਾਂਗਰਸ ਭਵਨ ’ਚ ਗੱਲਬਾਤ ਕਰਦਿਆਂ ਚੰਨੀ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਜਦੋਂ ਤੋਂ ਦੋਸ਼ ਲੱਗ ਰਹੇ ਹਨ, ਉਦੋਂ ਤੋਂ ਉਨ੍ਹਾਂ ਦੇ ਘਰ ਵਿਚ ਰੋਟੀ ਪੱਕਣੀ ਮੁਸ਼ਕਿਲ ਹੋਈ ਪਈ ਹੈ। ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਕੋਲ ਜੇਕਰ ਸ਼ਿਕਾਇਤ ਆਈ ਹੈ ਤਾਂ ਪੁਲਸ ਤੋਂ ਜਾਂਚ ਕਰਵਾਓ, ਮਾਮਲੇ ਨੂੰ ਸਨਸਨੀਖੇਜ਼ ਬਣਾਉਣ ਦੀ ਲੋੜ ਨਹੀਂ ਹੈ। ਚੰਨੀ ਨੇ ਇਹ ਵੀ ਕਿਹਾ ਕਿ ਦੋਸ਼ ਲਗਾਉਣ ਵਾਲੇ ਜਿਸ ਨੌਜਵਾਨ ਦੇ ਮਾਮਲੇ ਨੂੰ ਦੋ ਵਾਰ ਹਾਈ ਕੋਰਟ ਨੇ ਠੁਕਰਾ ਦਿੱਤਾ, ਉਸ ਨੂੰ ਕੌਣ ਮੁੱਖ ਮੰਤਰੀ ਨੌਕਰੀ ਦੇਵੇਗਾ। ਚੰਨੀ ਨੇ ਇਹ ਵੀ ਕਿਹਾ ਕਿ ਦੋਸ਼ ਲਗਾਉਣ ਵਾਲੇ ਨੂੰ ਨੌਕਰੀ ਕਿਉਂ ਦਿੱਤੀ ਜਾਵੇ, ਕਿਉਂਕਿ ਪੰਜਾਬ ਵਿਚ ਅਜਿਹੇ ਹਜ਼ਾਰਾਂ ਨੌਜਵਾਨ ਹਨ। ਉਸ ’ਤੇ ਨੌਜਵਾਨ ਕੋਲ ਤਾਂ ਡੀ ਗ੍ਰੇਡ ਹੈ। ਚੰਨੀ ਨੇ ਕਿਹਾ ਕਿ ਮੇਰੇ ਕੋਲ ਬੀ ਪਲੱਸ ਹੈ। ਮੇਰਾ ਪੁੱਤਰ ਫੁੱਟਬਾਲ ਪਲੇਅਰ ਹੈ ਅਤੇ ਉਸ ਕੋਲ ਬੀ ਪਲੱਸ ਗ੍ਰੇਡ ਹੈ ਪਰ ਉਸ ਨੂੰ ਤਾਂ ਨੌਕਰੀ ਦਿੱਤੀ ਨਹੀਂ।

ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਸਕੂਲ ਆਫ਼ ਐਮੀਨੈਂਸ ਅਹਿਮ ਭੂਮਿਕਾ ਨਿਭਾਉਣਗੇ : ਭਗਵੰਤ ਮਾਨ     

ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੀ ਗੱਲਬਾਤ ਵਿਚ ਇਹ ਕਿਹਾ ਕਿ ਚੰਨੀ ਨੇ ਨੌਜਵਾਨ ਨੂੰ ਕਿਹਾ ਕਿ ਕਿਉਂ ਦਿੱਤੀ ਜਾਵੇ ਨੌਕਰੀ, ਕੀ ਤੂੰ ਓਲੰਪਿਕ ਖੇਡਿਆ ਹੋਇਆ ਹੈ। ਚੰਨੀ ਨੇ ਕਿਹਾ ਕਿ ਇਹ ਸਹੀ ਹੈ ਕਿ ਕਾਂਗਰਸ ਨੇ ਓਲੰਪਿਕ ਵਾਲੇ ਨੂੰ ਹੀ ਨੌਕਰੀ ਦਿੱਤੀ ਹੈ। ਉਨ੍ਹਾਂ ਨੂੰ ਜਾ ਕੇ ਪੁੱਛਣਾ ਚਾਹੀਦਾ ਹੈ ਕਿ ਚੰਨੀ ਨੇ ਕੀ ਪੈਸੇ ਲਏ। ਚੰਨੀ ਨੇ ਕਿਹਾ ਕਿ ਜਿਨ੍ਹਾਂ ਨੂੰ ਨੌਕਰੀ ਦਿੱਤੀ ਗਈ, ਉਨ੍ਹਾਂ ਨੂੰ ਤਾਂ ਪੁੱਛਿਆ ਨਹੀਂ ਜਾ ਰਿਹਾ ਪਰ ਜਿਸ ਨੂੰ ਨੌਕਰੀ ਨਹੀਂ ਦਿੱਤੀ, ਉਸ ਨੂੰ ਝੂਠ ਬੋਲਣ ਲਈ ਖੜ੍ਹਾ ਕਰ ਲਿਆ। ਜੇਕਰ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਜਾਂ ਉਨ੍ਹਾਂ ਨੇ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਤਾਂ ਕਮੀ ਹੋਣ ਦੇ ਕਾਰਣ ਹੀ ਨੌਕਰੀ ਨਹੀਂ ਦਿੱਤੀ ਗਈ ਹੋਵੇਗੀ। ਗੱਲਬਾਤ ਦੌਰਾਨ ਚੰਨੀ ਦੇ ਭਤੀਜੇ ਜਸ਼ਨ ਨੇ ਕਿਹਾ ਕਿ ਉਹ ਨੌਜਵਾਨ ਨੂੰ ਕਦੇ ਨਹੀਂ ਮਿਲੇ। ਇਸ ਲਈ ਇਹ ਨਹੀਂ ਪਤਾ ਕਿ ਨੌਜਵਾਨ ਝੂਠੇ ਦੋਸ਼ ਕਿਉਂ ਲਗਾ ਰਿਹਾ ਹੈ।

ਪਰਗਟ ਸਿੰਘ ਦਾ ਚੈਲੰਜ : ਕਲਾਸ ਵਨ ਅਫਸਰ ਦੀ ਨੌਕਰੀ ਦੇ ਕੇ ਦਿਖਾਉਣ ਮੁੱਖ ਮੰਤਰੀ
ਸਾਬਕਾ ਖੇਡ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਜਿਸ ਨੌਜਵਾਨ ਨਾਲ ਬੈਠ ਕੇ ਮੁੱਖ ਮੰਤਰੀ ਨੌਕਰੀ ਸਬੰਧੀ ਦਾਅਵਾ ਕਰ ਰਹੇ ਹਨ, ਉਸਨੂੰ ਕਲਾਸ ਵਨ ਸ਼੍ਰੇਣੀ ਦੀ ਨੌਕਰੀ ਮਿਲ ਨਹੀਂ ਸਕਦੀ। ਪਰਗਟ ਨੇ ਕਿਹਾ ਕਿ ਹਰਭਜਨ ਸਿੰਘ, ਅਮਨਦੀਪ ਕੌਰ ਭਾਰਤ ਦੀ ਤਰਜਮਾਨੀ ਕਰ ਚੁੱਕੇ ਹਨ ਪਰ ਦੋਸ਼ ਲਗਾਉਣ ਵਾਲਾ ਨੌਜਵਾਨ ਤਾਂ ਪਲੇਇੰਗ ਇਲੈਵਨ ਵਿਚ ਵੀ ਨਹੀਂ ਹੈ। ਪੰਜਾਬ ਵਿਚ ਇਸ ਸ਼੍ਰੇਣੀ ਦੇ 2 ਹਜ਼ਾਰ ਪਲੇਅਰ ਹੋਣਗੇ। ਜੇਕਰ ਇਸ ਨੂੰ ਨੌਕਰੀ ਦਿੱਤੀ ਗਈ ਤਾਂ ਸਾਰਿਆਂ ਨੂੰ ਨੌਕਰੀ ਦੇਣੀ ਪਵੇਗੀ, ਨਹੀਂ ਤਾਂ ਹਾਈ ਕੋਰਟ ਵਿਚ ਰਿਟ ਪੈ ਜਾਵੇਗੀ। ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ਵਿਚ ਟਿੱਪਣੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਮੁੱਖ ਮੰਤਰੀ ਦੇ ਪੱਧਰ ਦੀ ਗੱਲ ਨਹੀਂ ਹੈ। ਬੇਵਜਾ ਮਾਮਲੇ ਨੂੰ ਸਨਸਨੀਖੇਜ ਬਣਾਇਆ ਜਾ ਰਿਹਾ ਹੈ। ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਚੈਲੰਜ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ 4 ਸਾਲ ਦੇ ਕਾਰਜਕਾਲ ਵਿਚ ਅਜਿਹੇ ਨੌਜਵਾਨਾਂ ਨੂੰ ਨੌਕਰੀ ਦੇ ਕੇ ਦਿਖਾਉਣ।

ਇਹ ਵੀ ਪੜ੍ਹੋ : ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚ ਕੈਦੀਆਂ ਵਿਚਾਲੇ ਖੂਨੀ ਝੜਪ, ਹੱਥ ਤੋਂ ਵੱਖ ਕੀਤਾ ਅੰਗੂਠਾ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


Anuradha

Content Editor

Related News