ਖਸਤਾ ਹਾਲਤ ਸੜਕ ਤੋਂ ਪ੍ਰੇਸ਼ਾਨ ਲੋਕਾਂ ਵਲੋਂ ਰੋਸ ਪ੍ਰਦਰਸ਼ਨ

Tuesday, Jan 30, 2018 - 07:06 AM (IST)

ਖਸਤਾ ਹਾਲਤ ਸੜਕ ਤੋਂ ਪ੍ਰੇਸ਼ਾਨ ਲੋਕਾਂ ਵਲੋਂ ਰੋਸ ਪ੍ਰਦਰਸ਼ਨ

ਅੰਮ੍ਰਿਤਸਰ,  (ਛੀਨਾ)-  ਹਲਕਾ ਪੂਰਬੀ ਅਧੀਨ ਪੈਂਦੇ ਪਿੰਡ ਵੱਲਾ ਤੋਂ ਸਬਜ਼ੀ ਮੰਡੀ ਤੱਕ ਖਸਤਾ ਹਾਲਤ ਸੜਕ ਨਾ ਬਣਾਈ ਜਾਣ ਦੇ ਰੋਸ ਵਜੋਂ ਅੱਜ ਇਲਾਕੇ ਦੇ ਦੁਕਾਨਦਾਰਾਂ, ਨਿਵਾਸੀਆਂ ਅਤੇ ਰਾਹਗੀਰਾਂ ਵਲੋਂ ਜ਼ਿਲਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। 
ਇਸ ਮੌਕੇ ਗੱਲਬਾਤ ਕਰਦਿਆਂ ਗੁਰਦੇਵ ਸਿੰਘ, ਸਰਬਜੀਤ ਸਿੰਘ ਛੀਨਾ ਤੇ ਦਿਲਬਾਗ ਸਿੰਘ ਨੇ ਦੱਸਿਆ ਕਿ ਕਰੀਬ 1 ਸਾਲ ਪਹਿਲਾਂ ਸੀਵਰੇਜ ਪਾਉਣ ਲਈ ਇਸ ਸੜਕ ਵਾਲੀ ਜਗ੍ਹਾ ਨੂੰ ਪੁੱਟਿਆ ਗਿਆ ਸੀ ਪਰ ਉਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਇਸ ਨੂੰ ਬਣਾਉਣ ਦੀ ਖੇਚਲ ਨਹੀਂ ਕੀਤੀ ਗਈ ਜਿਸ ਦਾ ਖਮਿਆਜ਼ਾ ਇਲਾਕੇ ਦੇ ਲੋਕ ਤੇ ਰਾਹਗੀਰ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਸੜਕ ਜਗ੍ਹਾ-ਜਗ੍ਹਾ ਤੋਂ ਟੁੱਟੀ ਹੋਣ ਕਾਰਨ ਆਏ ਦਿਨ ਜਿਥੇ ਜਾਮ ਲੱਗਾ ਰਹਿੰਦਾ ਹੈ ਉਥੇ ਲਗਾਤਾਰ ਹਾਦਸੇ ਵੀ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਵੱਲਾ ਦਾ ਮੇਨ ਰਸਤਾ ਹੋਣ ਕਾਰਨ ਇਸ ਸੜਕ ਤੋਂ ਰੋਜ਼ਾਨਾ ਅਣਗਿਣਤ ਵੱਡੀਆਂ ਤੇ ਛੋਟੀਆਂ ਗੱਡੀਆਂ ਲੰਘਦੀਆਂ ਹਨ ਜਿਨ੍ਹਾਂ ਕਾਰਨ ਉਡਦੀ ਧੂੜ ਨੇ ਵੀ ਲੋਕਾਂ ਨੂੰ ਬੀਮਾਰੀਆਂ ਦੀ ਲਪੇਟ 'ਚ ਲਿਆਂਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਬਣਾਉਣ ਵਾਸਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਮਿਲ ਕੇ ਬੇਨਤੀ ਕੀਤੀ ਗਈ ਸੀ, ਜਿਨ੍ਹਾਂ ਵਲੋਂ ਸੜਕ ਨੂੰ ਜਲਦ ਬਣਾਉਣ ਦਾ ਭਰੋਸਾ ਦਿਵਾਇਆ ਗਿਆ ਸੀ ਪਰ ਅੱਜ ਤੱਕ ਇਸ ਦੀ ਹਾਲਤ ਉਸੇ ਤਰ੍ਹਾਂ ਹੀ ਹੈ। 
ਇਸ ਸਮੇਂ ਰੋਸ ਪ੍ਰਦਰਸ਼ਨ ਕਰ ਰਹੇ ਸੰਜੀਵ ਗੁਪਤਾ, ਨਵੀਨ ਕੁਮਾਰ, ਘਨੱ੍ਹਈਆ ਲਾਲ, ਹਰਮਨਦੀਪ ਸਿੰਘ, ਜਸਬੀਰ ਸਿੰਘ, ਸਤਨਾਮ ਸਿੰਘ, ਜਸਵੰਤ ਸਿੰਘ ਤੇ ਪ੍ਰਤਾਪ ਸਿੰਘ ਸਮੇਤ ਵੱਡੀ ਗਿਣਤੀ 'ਚ ਇਲਾਕਾ ਨਿਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ 15 ਦਿਨਾਂ 'ਚ ਇਸ ਸੜਕ ਨੂੰ ਨਾ ਬਣਾਇਆ ਗਿਆ ਤਾਂ ਵੱਲਾ -ਵੇਰਕਾ ਬਾਈਪਾਸ ਦੀ ਮੇਨ ਸੜਕ 'ਤੇ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। 


Related News