ਦੀਨਾਨਗਰ ’ਚ ਔਰਤ ਨੂੰ ਮਾਰ ਕੇ ਲਾਸ਼ ਗਟਰ ’ਚ ਸੁੱਟਣ ਵਾਲਾ ਫਿਲੌਰ ’ਚ ਗ੍ਰਿਫਤਾਰ

06/03/2023 8:45:43 PM

ਫਿਲੌਰ (ਭਾਖੜੀ) : ਸਥਾਨਕ ਪੁਲਸ ਨੇ ਇਕ ਖਤਰਨਾਕ ਕਾਤਲ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜਿਸ ਨੇ ਦੀਨਾਨਗਰ ’ਚ ਇਕ ਬਜ਼ੁਰਗ ਔਰਤ ਨੂੰ ਲੁੱਟਣ ਤੋਂ ਬਾਅਦ ਉਸ ਦਾ ਕਤਲ ਕਰ ਕੇ ਲਾਸ਼ ਸੀਵਰੇਜ ਦੇ ਗਟਰ ’ਚ ਸੁੱਟ ਦਿੱਤੀ। ਔਰਤ ਰੌਲਾ ਨਾ ਪਾ ਸਕੇ, ਇਸ ਦੇ ਲਈ ਉਨ੍ਹਾਂ ਦੇ ਮੂੰਹ ’ਚ ਦੋਵੇਂ ਹੱਥ ਪਾ ਕੇ ਮੂੰਹ ਨੂੰ ਪਾੜ ਦਿੱਤਾ। ਫਿਲੌਰ ਸ਼ਹਿਰ ਦੀਆਂ ਵੀ 2 ਔਰਤਾਂ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਗਟਰ ’ਚ ਸੁੱਟਣ ਵਾਲਾ ਸੀ, ਜੋ ਕਿਸੇ ਤਰ੍ਹਾਂ ਜ਼ਖਮੀ ਹਾਲਤ ’ਚ ਉਸ ਦੇ ਹੱਥੋਂ ਬਚ ਗਈਆਂ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮੁਲਜ਼ਮ ਹੁਣ ਤੱਕ 100 ਤੋਂ ਵੱਧ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰ ਚੁੱਕਾ ਹੈ। ਡੀ. ਐੱਸ. ਪੀ. ਫਿਲੌਰ ਜਗਦੀਸ਼ ਰਾਜ, ਥਾਣਾ ਮੁਖੀ ਇੰਸ. ਹਰਜਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨੇ ਇਕ ਮੋਸਟ ਵਾਂਟਿਡ ਅਪਰਾਧੀ ਮਿਥੁਨ ਉਰਫ ਪ੍ਰੇਮ ਚੰਦ ਵਾਸੀ ਥਾਣਾ ਦੀਨਾਨਗਰ ਨੂੰ ਸਪੈਸ਼ਲ ਆਪ੍ਰੇਸ਼ਨ ਚਲਾ ਕੇ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜੋ ਪਹਿਲਾਂ ਰੇਕੀ ਕਰ ਕੇ ਇਹ ਗੱਲ ਯਕੀਨੀ ਬਣਾਉਂਦਾ ਸੀ ਕਿ ਕਿਹੜੀ ਔਰਤ ਕਿਸ ਸਮੇਂ ਘਰ ਇਕੱਲੀ ਹੁੰਦੀ ਹੈ। ਫਿਰ ਲੁੱਟ-ਖੋਹ ਦੇ ਇਰਾਦੇ ਨਾਲ ਘਰ ’ਚ ਦਾਖਲ ਹੋ ਕੇ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਸੀ। ਡੀ. ਐੱਸ. ਪੀ. ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੇ ਦੀਨਾਨਗਰ ’ਚ ਘਰ ’ਚ ਇਕੱਲੀ ਬੈਠੀ 65 ਸਾਲਾਂ ਬਜ਼ੁਰਗ ਔਰਤ ਦੇ ਘਰ ’ਚ ਦਾਖਲ ਹੋਣ ਤੋਂ ਪਹਿਲਾਂ ਉਸ ਦਾ ਗਲਾ ਘੁੱਟ ਕੇ ਮਾਰਨ ਦਾ ਯਤਨ ਕੀਤਾ। ਔਰਤ ਰੌਲਾ ਨਾ ਪਾ ਸਕੇ, ਉਸ ਦੇ ਮੂੰਹ ’ਚ ਦੋਵੇਂ ਹੱਥ ਪਾ ਕੇ ਕੰਨਾਂ ਤੱਕ ਗਲਾ ਪਾੜ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਬਾਅਦ ’ਚ ਔਰਤ ਨੂੰ ਨਗਨ ਕਰ ਕੇ ਲਾਸ਼ ਘਰ ਕੋਲ ਸੀਵਰੇਜ ਦੇ ਗਟਰ ’ਚ ਸੁੱਟ ਦਿੱਤੀ। ਜਦੋਂ ਉਹ ਮੁੜ ਔਰਤ ਦੇ ਘਰ ’ਚ ਦਾਖਲ ਹੋ ਕੇ ਨਕਦੀ ਅਤੇ ਗਹਿਣੇ ਚੋਰੀ ਕਰ ਰਿਹਾ ਸੀ ਤਾਂ ਗੁਆਂਢੀ ਨੇ ਉਸ ਨੂੰ ਦੇਖ ਲਿਆ। ਉਹ ਉੱਥੋਂ ਫਰਾਰ ਹੋ ਕੇ ਸਥਾਨਕ ਸ਼ਹਿਰ ਦੇ ਪਿੰਡ ਗੜ੍ਹਾ ਦੀ ਗੋਪਾਲ ਕਾਲੋਨੀ ’ਚ ਜਿੱਥੇ ਉਸ ਦੀਆਂ ਭੈਣਾਂ ਦਾ ਘਰ ਹੈ, ਉਨ੍ਹਾਂ ਨੇ ਉਸ ਨੂੰ ਉੱਥੇ ਲੁਕੋ ਦਿੱਤਾ। ਡੀ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਮਿਥੁਨ ਨੇ ਪੁਲਸ ਸਾਹਮਣੇ ਕਬੂਲ ਕੀਤਾ ਹੈ ਕਿ ਉਹ ਹੁਣ ਤੱਕ 100 ਤੋਂ ਵੱਧ ਲੁੱਟ-ਖੋਹ, ਚੋਰੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਪੁਲਸ ਉਸ ਨੂੰ ਰਿਮਾਂਡ ’ਤੇ ਲੈ ਕੇ ਅਗਲੀ ਪੁੱਛਗਿੱਛ ਕਰੇਗੀ ਕਿ ਉਸ ਨੇ ਹੋਰ ਕਿੰਨੀਆਂ ਔਰਤਾਂ ਨੂੰ ਕਿਨ੍ਹਾਂ ਸ਼ਹਿਰਾਂ ’ਚ ਆਪਣਾ ਸ਼ਿਕਾਰ ਬਣਾਇਆ ਹੈ।


ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨੇ ਪੰਜਾਬ ਅਤੇ ਪੰਜਾਬੀਅਤ ਲਈ ਜੋ ਕੰਮ ਕੀਤੇ ਹਨ, ਇਨੇ ਕਿਸੇ ਸਰਕਾਰ ਨੇ ਨਹੀਂ ਕੀਤੇ : ਅਸ਼ਵਨੀ ਸ਼ਰਮਾ    

ਫਿਲੌਰ ਦੀਆਂ ਦੋਵੇਂ ਔਰਤਾਂ ਹਿੰਮਤ ਨਾ ਦਿਖਾਉਂਦੀਆਂ ਤਾਂ ਸ਼ਾਇਦ ਅੱਜ ਜਿਊਂਦੀਆਂ ਨਾ ਹੁੰਦੀਆਂ
ਡੀ. ਐੱਸ. ਪੀ. ਜਗਦੀਸ਼ ਰਾਜ, ਇੰਸ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਮਿਥੁਨ ਦੀਨਾਨਗਰ ’ਚ ਕਤਲ ਕਰ ਕੇ ਫਿਲੌਰ ’ਚ ਆਪਣੀਆਂ ਭੈਣਾਂ ਦੇ ਘਰ ਆ ਕੇ ਲੁਕ ਗਿਆ ਤਾਂ ਉਸ ਦੀਆਂ ਤਿੰਨੋਂ ਭੈਣਾਂ ਆਪਣੇ ਭਰਾ ਮਿਥੁਨ ਨੂੰ ਘਰ ਅੰਦਰ ਬਿਠਾ ਕੇ ਬਾਹਰੋਂ ਗੇਟ ਨੂੰ ਜਿੰਦਾ ਮਾਰ ਕੇ ਚਲੀਆਂ ਜਾਂਦੀਆਂ, ਜਿਸ ਨਾਲ ਮੁਹੱਲਾ ਨਿਵਾਸੀਆਂ ਨੂੰ ਪਤਾ ਨਾ ਲੱਗ ਸਕੇ ਕਿ ਘਰ ਦੇ ਅੰਦਰ ਕੋਈ ਰਹਿ ਰਿਹਾ ਹੈ। ਰਾਤ ਨੂੰ ਉਹ ਉਸ ਨੂੰ ਬਾਹਰ ਕੱਢ ਦਿੰਦੀਆਂ, ਜੋ ਲੁੱਟ-ਖੋਹ ਕਰ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਮੁੜ ਘਰ ਅੰਦਰ ਦਾਖਲ ਹੋ ਜਾਂਦਾ। ਮੁਲਜ਼ਮ ਦੀਆਂ ਭੈਣਾਂ ਨੇ ਉਸ ਨੂੰ ਦੱਸਿਆ ਕਿ ਗੁਆਂਢ ’ਚ ਰਹਿਣ ਵਾਲੀ ਔਰਤ ਗੁਰਪ੍ਰੀਤ ਕੌਰ ਦਾ ਪਤੀ ਸਵੇਰੇ 10 ਵਜੇ ਘਰੋਂ ਕੰਮ ’ਤੇ ਚਲਾ ਜਾਂਦਾ ਹੈ, ਜਿਸ ਤੋਂ ਬਾਅਦ ਉਹ ਘਰ ’ਚ ਇਕੱਲੀ ਹੁੰਦੀ ਹੈ। ਮੁਲਜ਼ਮ ਨੇ ਇਹ ਵੀ ਦੇਖ ਲਿਆ ਸੀ ਕਿ ਔਰਤ ਦੇ ਘਰ ਦੇ ਬਿਲਕੁਲ ਅੱਗੇ ਹੀ ਸੀਵਰੇਜ ਦਾ ਗਟਰ ਹੈ। ਬੀਤੇ ਦਿਨ ਜਦੋਂ ਔਰਤ ਦਾ ਪਤੀ ਘਰੋਂ ਚਲਾ ਗਿਆ ਤਾਂ ਪਹਿਲਾਂ ਉਸ ਨੇ ਅਲਮਾਰੀ ’ਚ ਪਏ ਸੋਨੇ ਦੇ ਗਹਿਣੇ ਚੋਰੀ ਕੀਤੇ। ਉਸ ਤੋਂ ਬਾਅਦ ਔਰਤ ਗੁਰਪ੍ਰੀਤ ਜੋ ਰਸੋਈ ’ਚ ਖਾਣਾ ਬਣਾ ਰਹੀ ਸੀ, ਉੱਥੇ ਪੁੱਜ ਕੇ ਉਸ ਦੇ ਸਿਰ ’ਚ ਜ਼ੋਰ ਨਾਲ ਬਾਲਾ ਮਾਰਿਆ। ਉਹ ਉੱਥੇ ਹੀ ਜ਼ਮੀਨ ’ਤੇ ਡਿੱਗ ਗਈ। ਔਰਤ ਰੌਲਾ ਨਾ ਪਾਵੇ, ਉਸ ਨੇ ਉਸ ਦੇ ਮੂੰਹ ’ਚ ਦੋਵੇਂ ਹੱਥ ਪਾ ਕੇ ਮੂੰਹ ਪਾੜਨ ਦਾ ਯਤਨ ਕੀਤਾ ਤਾਂ ਗੁਰਪ੍ਰੀਤ ਦੇ ਚੀਕਣ ਦੀਆਂ ਆਵਾਜ਼ਾਂ ਸੁਣ ਕੇ ਗੁਆਂਢ ’ਚ ਰਹਿਣ ਵਾਲੀ ਬਲਜੀਤ ਕੌਰ ਉਨ੍ਹਾਂ ਦੇ ਘਰ ਅੰਦਰ ਗਈ ਤਾਂ ਮੁਲਜ਼ਮ ਨੇ ਉਸ ਦੇ ਸਿਰ ’ਤੇ ਵੀ ਬਾਲਾ ਮਾਰ ਕੇ ਉਸ ਨੂੰ ਵੀ ਉੱਥੇ ਹੀ ਢੇਰ ਕਰ ਦਿੱਤਾ।

ਇਹ ਵੀ ਪੜ੍ਹੋ : ਰਾਹਤ : ਜੀ. ਐੱਸ. ਟੀ. ਰਿਟਰਨ ਸਕਰੂਟਨੀ ਨੂੰ ਲੈ ਕੇ ਸੀ. ਬੀ. ਆਈ. ਸੀ. ਦੇ ਨਵੇਂ ਨਿਰਦੇਸ਼

ਬੁਰੀ ਤਰ੍ਹਾਂ ਜ਼ਖਮੀ ਗੁਰਪ੍ਰੀਤ ਨੇ ਕਿਸੇ ਤਰ੍ਹਾਂ ਹਿੰਮਤ ਕਰ ਕੇ ਮੁਲਜ਼ਮ ਨੂੰ ਫੜ ਲਿਆ, ਜਿਸ ਨਾਲ ਜ਼ਖਮੀ ਬਲਜੀਤ ਕੌਰ ਖੂਨ ਨਾਲ ਲਥਪਥ ਗੇਟ ਖੋਲ੍ਹ ਕੇ ਬਾਹਰ ਮੁਹੱਲੇ ’ਚ ਆ ਗਈ। ਮੁਲਜ਼ਮ ਨੇ ਉਸ ਦੇ ਪਿੱਛੇ ਆ ਕੇ ਉਸ ਨੂੰ ਉੱਥੇ ਵੀ ਬੁਰੀ ਤਰ੍ਹਾਂ ਮਾਰਿਆ ਅਤੇ ਖਿੱਚ ਕੇ ਜਦੋਂ ਘਰ ਦੇ ਅੰਦਰ ਲਿਜਾਣ ਲੱਗਾ ਤਾਂ ਬਲਜੀਤ ਕੌਰ ਦਾ ਬੇਟਾ ਘਰੋਂ ਬਾਹਰ ਆ ਗਿਆ ਅਤੇ ਮੁਲਜ਼ਮ ਉੱਥੋਂ ਫਰਾਰ ਹੋ ਗਿਆ। ਮੁਲਜ਼ਮ ਨੇ ਪਹਿਲਾਂ ਹੀ ਮੁਹੱਲੇ ਦੀ ਰੇਕੀ ਕੀਤੀ ਹੋਈ ਸੀ ਅਤੇ ਇਨ੍ਹਾਂ ਔਰਤਾਂ ਨੂੰ ਵੀ ਮਾਰ ਕੇ ਉਸ ਨੇ ਉਨ੍ਹਾਂ ਦੇ ਘਰ ਦੇ ਬਾਹਰ ਬਣੇ ਗਟਰ ’ਚ ਲਾਸ਼ਾਂ ਲੁਕੋ ਦੇਣੀਆਂ ਸਨ। ਬਲਜੀਤ ਕੌਰ ਦੇ ਸਿਰ ’ਚ 18 ਟਾਂਕੇ ਲੱਗੇ, ਜਦੋਂਕਿ ਗੁਰਪ੍ਰੀਤ ਦੇ ਸਿਰ ’ਤੇ 10 ਟਾਂਕੇ ਲੱਗੇ। ਮੂੰਹ ’ਚ ਹੱਥ ਪਾ ਕੇ ਖਿੱਚਣ ਕਾਰਨ ਉਸ ਦਾ ਜਬਾੜਾ ਹਿੱਲ ਗਿਆ।

ਮੁਲਜ਼ਮ ਦੀਆਂ 3 ਭੈਣਾਂ ਰੇਕੀ ਕਰ ਕੇ ਦੱਸਦੀਆਂ ਸਨ ਕਿਹੜੀ ਔਰਤ ਕਦੋਂ ਘਰ ਇਕੱਲੀ ਹੁੰਦੀ ਹੈ, ਭੇਜੀਆਂ ਜੇਲ
ਪੁਲਸ ਨੇ ਦੱਸਿਆ ਕਿ ਮੁਲਜ਼ਮ ਦਾ ਪੂਰਾ ਪਰਿਵਾਰ ਹੀ ਅਪਰਾਧਕ ਪ੍ਰਵਿਰਤੀ ਤੇ ਅਪਰਾਧਕ ਪਿਛੋਕੜ ਵਾਲਾ ਹੈ। ਮੁਲਜ਼ਮ ਦੀ ਮਾਤਾ ’ਤੇ ਵੀ ਕਈ ਮੁਕੱਦਮੇ ਦਰਜ ਹਨ, ਜਦੋਂਕਿ ਪੁਲਸ ਨੇ ਇਸ ਦੀਆਂ ਤਿੰਨੋਂ ਭੈਣਾਂ ਨੀਲਮ ਪਤਨੀ ਸਤਨਾਮ ਵਾਸੀ ਜੱਜਾਂ ਕਲਾਂ, ਥਾਣਾ ਗੋਰਾਇਆਂ ਹਾਲ ਵਾਸੀ ਪਿੰਡ ਗੜ੍ਹਾ, ਰਜਨੀ ਪਤਨੀ ਪਾਲ ਸਿੰਘ ਵਾਸੀ ਮੁਹੱਲਾ ਬਾਜ਼ੀਗਰ, ਅਜਨਾਲਾ, ਜ਼ਿਲਾ ਅੰਮ੍ਰਿਤਸਰ, ਜੋਤੀ ਬਾਲਾ ਪਤਨੀ ਸਰਬਜੀਤ ਸਿੰਘ ਵਾਸੀ ਪਿੰਡ ਸੰਗੋਵਾਲ, ਥਾਣਾ ਬਿਲਗਾ ਨੂੰ ਗ੍ਰਿਫਤਾਰ ਕਰ ਕੇ ਤਿੰਨਾਂ ਨੂੰ ਜੇਲ ਭੇਜ ਦਿੱਤਾ ਹੈ। ਇਹ ਤਿੰਨੋਂ ਭੈਣਾਂ ਰੇਕੀ ਕਰ ਕੇ ਉਸ ਨੂੰ ਦੱਸ ਦਿੰਦੀਆਂ ਸਨ ਕਿ ਕਿਹੜੇ ਘਰ ਕਿਹੜੀ ਔਰਤ ਇਕੱਲੀ ਹੁੰਦੀ ਹੈ, ਜਿਸ ਤੋਂ ਬਾਅਦ ਇਹ ਵਾਰਦਾਤ ਕਰਨ ਨਿਕਲ ਪੈਂਦਾ ਸੀ।

ਇਹ ਵੀ ਪੜ੍ਹੋ : ਕੇਜਰੀਵਾਲ ਨੇ ਜਦੋਂ ਦਿੱਲੀ ਵਿਧਾਨ ਸਭਾ ਦੀ ਚੋਣ ਲੜੀ ਤਾਂ ਜਾਣਦੇ ਨਹੀਂ ਸਨ ਕਿ ਉਹ UT ਤੋਂ ਲੜ ਰਹੇ ਹਨ : ਤਰੁਣ ਚੁਘ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


Anuradha

Content Editor

Related News