ਭੁਲੇਖੇ ਨਾਲ ਜ਼ਹਿਰੀਲੀ ਦਵਾਈ ਪੀਣ ਕਾਰਨ ਵਿਅਕਤੀ ਦੀ ਮੌਤ
Sunday, Jul 22, 2018 - 11:29 AM (IST)

ਬੱਧਨੀ ਕਲਾਂ (ਬੱਬੀ) - ਭੁਲੇਖੇ ਨਾਲ ਜ਼ਹਿਰੀਲੀ ਦਵਾਈ ਪੀਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਕੁਲਦੀਪ ਕੁਮਾਰ (30) ਪੁੱਤਰ ਦੇਸ਼ ਰਾਜ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਮੋਗਾ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਕੁਝ ਸਮੇਂ ਤੋਂ ਉਹ ਆਪਣੀ ਪਤਨੀ ਨਾਲ ਬੱਧਨੀ ਕਲਾਂ ਰਹਿ ਰਿਹਾ ਸੀ। ਉਸ ਦੀ ਪਤਨੀ ਨੇ ਘਰ ਦਾ ਗੁਜ਼ਾਰਾ ਚਲਾਉਣ ਲਈ ਬਿਊਟੀ ਪਾਰਲਰ ਖੋਲ੍ਹਿਆ ਹੋਇਆ ਹੈ ਅਤੇ ਆਪ ਉਹ ਇਕ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੀ ਮਾਤਾ ਆਤਮਾ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਮੋਗਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤੀ।