ਵਿਅਕਤੀ ਦੀ ਮੌਤ ਮਗਰੋਂ ਖੂੰਖਾਰ ਬਣੇ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਹਰਕਤ ’ਚ ਆਈ ਨਗਰ ਕੌਂਸਲ

07/13/2021 11:24:16 AM

ਗੁਰਦਾਸਪੁਰ (ਹਰਮਨ, ਸਰਬਜੀਤ, ਹੇਮੰਤ, ਗੁਰਪ੍ਰੀਤ) - ਗੁਰਦਾਸਪੁਰ ਸ਼ਹਿਰ ਅੰਦਰ ਆਵਾਰਾ ਕੁੱਤਿਆਂ ਵਲੋਂ ਇਕ ਵਿਅਕਤੀ ਨੂੰ ਨੋਚ-ਨੋਚ ਕੇ ਮਾਰ ਦਿੱਤੇ ਜਾਣ ਬਾਅਦ ਆਖਿਰਕਾਰ ਨਗਰ ਕੌਂਸਲ ਗੁਰਦਾਸਪੁਰ ਨੇ ਖੂੰਖਾਰ ਬਣੇ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਮੁੜ ਹਿੱਲਜੁਲ ਕੀਤੀ ਹੈ। ਨਗਰ ਕੌਂਸਲ ਦੀ ਟੀਮ ਨੇ ਗੀਤਾ ਭਵਨ ਰੋਡ ਅਤੇ ਗੋਪਾਲ ਸ਼ਾਹ ਰੋਡ ਤੋਂ ਕਰੀਬ 15 ਅਵਾਰਾ ਕੁੱਤਿਆਂ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਲੋਕਾਂ ਵੱਲੋਂ ਰੱਖੇ ਪਾਲਤੂ ਕੁੱਤਿਆਂ ਦੀ ਵੈਕਸੀਨੇਸ਼ਨ ਯਕੀਨੀ ਬਣਾਉਣ ਲਈ ਵੀ ਨਗਰ ਕੌਂਸਲ ਨੇ ਕਾਰਵਾਈ ਸ਼ੁਰੂ ਕੀਤੀ ਹੈ। ਇਸ ਦੇ ਲਈ ਦੋ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ 15 ਦਿਨਾਂ ਅੰਦਰ ਪਾਲਤੂ ਕੁੱਤਿਆਂ ਦੀ ਜਾਣਕਾਰੀ ਇਕੱਤਰ ਕਰਨਗੀਆਂ ਅਤੇ ਪਾਲਤੂ ਕੁੱਤਿਆਂ ਦੀ ਵੈਕਸੀਨੇਸ਼ਨ ਕਰਵਾਉਣ ਸਮੇਤ ਹੋਰ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨਗੀਆਂ।

ਪੜ੍ਹੋ ਇਹ ਵੀ ਖ਼ਬਰ - ਦਸੂਹਾ ’ਚ ਚੜ੍ਹਦੀ ਸਵੇਰ ਵਾਪਰਿਆ ਦਰਦਨਾਕ ਹਾਦਸਾ, 3 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ (ਤਸਵੀਰਾਂ) 

ਗੁਰਦਾਸਪੁਰ ਸ਼ਹਿਰ ਅੰਦਰ ਹਨ 1326 ਆਵਾਰਾ ਕੁੱਤੇ
ਗੁਰਦਾਸਪੁਰ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਅੰਦਰ ਇਸ ਮੌਕੇ 1326 ਆਵਾਰਾ ਕੁੱਤੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿਛਲੇ ਸਮੇਂ ਦੌਰਾਨ ਇਨ੍ਹਾਂ ਕੁੱਤਿਆਂ ਦੀ ਨਸਬੰਦੀ ਕਰ ਦਿੱਤੀ ਗਈ ਸੀ, ਜਿਸ ਦੇ ਬਾਅਦ ਸਬੰਧਿਤ ਕੰਪਨੀ ਦਾ ਠੇਕਾ ਖ਼ਤਮ ਹੋ ਗਿਆ ਸੀ। ਇਸ ਕਾਰਨ ਨਸਬੰਦੀ ਦੀ ਮੁਹਿੰਮ ਰੁਕੀ ਹੋਈ ਸੀ ਪਰ ਹੁਣ ਜਲਦੀ ਇਹ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਜਿਹੜੇ ਕੁੱਤੇ ਕਾਬੂ ਕੀਤੇ ਹਨ, ਉਨ੍ਹਾਂ ਦੀ ਨਸਬੰਦੀ ਤੇ ਵੈਕਸੀਨੇਸ਼ਨ ਵੈਟਰਨਰੀ ਡਾਕਟਰਾਂ ਦੀ ਸਲਾਹ ਮੁਤਾਬਕ ਕੀਤੀ ਜਾਵੇਗੀ। 

ਪੜ੍ਹੋ ਇਹ ਵੀ ਖ਼ਬਰ - ਘਰੋਂ ਕਿਸਾਨੀ ਅੰਦੋਲਨ ’ਚ ਗਏ ਨੌਜਵਾਨ ਦੀ ਭੇਤਭਰੀ ਹਾਲਤ ’ਚ ਮਿਲੀ ਲਾਸ਼

ਉਨ੍ਹਾਂ ਕਿਹਾ ਕਿ ਕੁੱਤਿਆ ਨੂੰ ਕਾਬੂ ਕਰਨ ਲਈ ਵਿਸ਼ੇਸ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ 2 ਟੀਮਾਂ ਗਠਿਤ ਕੀਤੀਆਂ ਹਨ। ਇਹ ਟੀਮਾਂ 15 ਦਿਨਾਂ ਵਿੱਚ ਹੀ ਪੂਰੇ ਸ਼ਹਿਰ ਅੰਦਰ ਪਾਲਤੂ ਕੁੱਤਿਆਂ ਸਬੰਧੀ ਵੇਰਵੇ ਇਕੱਤਰ ਕਰਨਗੀਆਂ। ਉਨ੍ਹਾਂ ਕਿਹਾ ਕਿ ਸਾਰੇ ਲੋਕ ਆਪਣੇ ਪਾਲਤੂ ਕੁਤਿਆਂ ਨੂੰ ਦੀ ਵੈਕਸੀਨੇਸ਼ਨ ਦਾ ਚਾਰਟ ਅਤੇ ਹੋਰ ਜਾਣਕਾਰੀਆਂ ਤੁਰੰਤ ਜਮਾਂ ਕਰਵਾਉਣ। ਜੇਕਰ ਲੋਕਾਂ ਨੇ ਇਸ ਸਬੰਧੀ ਲਾਪ੍ਰਵਾਹੀ ਵਰਤੀ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸ਼ਮਸ਼ਾਨਘਾਟ ’ਚੋਂ ਲਾਸ਼ ਮਿਲਣ ’ਤੇ ਰੋ-ਰੋ ਬੇਹਾਲ ਹੋਇਆ ਪਰਿਵਾਰ

ਚਿੰਤਤ ਅਤੇ ਗੁੱਸੇ ’ਚ ਹਨ ਲੋਕ
ਗੁਰਦਾਸਪੁਰ ਸ਼ਹਿਰ ਅੰਦਰ ਆਵਾਰਾ ਕੁੱਤਿਆਂ ਦੇ ਇਸ ਕਹਿਰ ਕਾਰਨ ਲੋਕਾਂ ਜਿਥੇ ਚਿੰਤਤ ਹਨ, ਉਥੇ ਲੋਕ ਗੁੱਸੇ ਵਿਚ ਵੀ ਹਨ, ਕਿਉਂਕਿ ਆਵਾਰਾ ਕੁੱਤੇ ਆਏ ਦਿਨ ਕਿਸੇ ਨਾ ਕਿਸੇ ਵਿਅਕਤੀ ਜਾਂ ਪਸ਼ੂ ਪੰਛੀ ਨੂੰ ਨੋਚ ਰਹੇ ਹਨ। ਇਸ ਦੇ ਬਾਵਜੂਦ ਕੁੱਤਿਆਂ ਨੂੰ ਕਾਬੂ ਕਰਨ ਲਈ ਸਖ਼ਤ ਕਦਮ ਨਹੀਂ ਚੁੱਕੇ ਜਾ ਰਹੇ। ਦੂਸਰੇ ਪਾਸੇ ਅੱਜ ਜਦੋਂ ਨਗਰ ਕੌਂਸਲ ਟੀਮ ਵੱਲੋਂ ਕੁੱਤਿਆਂ ਨੂੰ ਕਾਬੂ ਕਰ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਕ ਸਮਾਜ ਸੇਵੀ ਸੰਸਥਾ ਨਾਲ ਸਬੰਧਿਤ ਕੁੜੀ ਨੇ ਟੀਮ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਕੁੱਤਿਆਂ 'ਤੇ ਇਸਤਰਾਂ ਦਾ ਤਸ਼ੱਦਦ ਕਰਨਾ ਠੀਕ ਨਹੀਂ ਹੈ। ਮੌਕੇ ’ਤੇ ਕੁਝ ਲੋਕਾਂ ਨੇ ਕੁੜੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਖੂੰਖਾਰ ਬਣ ਰਹੇ ਕੁੱਤਿਆਂ ਦੀ ਜ਼ਿੰਦਗੀ ਇਨਸਾਨਾਂ ਦੀ ਜ਼ਿੰਦਗੀ ਤੋਂ ਜ਼ਿਆਦਾ ਕੀਮਤੀ ਨਹੀਂ ਹੈ। ਇਸ ਲਈ ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਸਾਰੇ ਆਵਾਰਾ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ


rajwinder kaur

Content Editor

Related News