ਹੰਦੋਵਾਲ ਦੇ ਲੋਕਾਂ ਨੇ ਕਣਕ ਨਾ ਮਿਲਣ ''ਤੇ ਕੀਤਾ ਪ੍ਰਦਰਸ਼ਨ
Thursday, Apr 12, 2018 - 11:59 AM (IST)

ਹੁਸ਼ਿਆਰਪੁਰ (ਘੁੰਮਣ)— ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਟਾ-ਦਾਲ ਸਕੀਮ ਅਧੀਨ ਸਮੇਂ-ਸਿਰ ਕਣਕ ਨਾ ਮੁਹੱਈਆ ਕਰਵਾਏ ਜਾਣ ਨੂੰ ਲੈ ਕੇ ਚੰਡੀਗੜ੍ਹ ਰੋਡ 'ਤੇ ਸਥਿਤ ਪਿੰਡ ਹੰਦੋਵਾਲ ਦੇ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਆਟਾ-ਦਾਲ ਸਕੀਮ ਤਹਿਤ ਕਣਕ ਨਹੀਂ ਦਿੱਤੀ ਜਾ ਰਹੀ। ਪਿੰਡ ਵਾਸੀਆਂ ਨੇ ਰਾਸ਼ਨ ਕਾਰਡ ਮੂਵਮੈਂਟ ਪੰਜਾਬ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ 'ਚ ਬੁੱਧਵਾਰ ਜ਼ਿਲਾ ਪ੍ਰਸ਼ਾਸਨ ਦੇ ਖਿਲਾਫ ਰੋਸ ਮੁਜ਼ਾਹਰਾ ਕਰਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਕਣਕ ਦੇਣ ਲਈ ਐਡਵਾਂਸ ਪੈਸੇ ਲਏ ਜਾਂਦੇ ਹਨ ਪਰ ਇਸ ਦੇ ਬਾਵਜੂਦ ਕਈ-ਕਈ ਦਿਨ ਕਣਕ ਲੈਣ ਲਈ ਚੱਕਰ ਕੱਟਣੇ ਪੈਂਦੇ ਹਨ। ਇਸ ਸਕੀਮ ਤਹਿਤ ਬੀਤੇ 2 ਸਾਲਾਂ ਤੋਂ ਜ਼ਿਲੇ 'ਚ ਇਕ ਵੀ ਵਿਅਕਤੀ ਨੂੰ ਦਾਲ ਮੁਹੱਈਆ ਨਹੀਂ ਕਰਵਾਈ ਗਈ। ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਪਿਛਲੇ ਕਈ ਸਾਲਾਂ ਤੋਂ ਨੀਲੇ ਕਾਰਡਾਂ 'ਚ ਉਨ੍ਹਾਂ ਦੇ ਬੱਚਿਆਂ ਦੇ ਨਾਂ ਦਰਜ ਨਹੀਂ ਕੀਤੇ ਜਾ ਰਹੇ। ਇਸ ਮੌਕੇ ਰਾਸ਼ਨ ਕਾਰਡ ਮੂਵਮੈਂਟ ਪੰਜਾਬ ਦੇ ਆਗੂ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਮੇਂ 'ਤੇ ਇਸ ਸਕੀਮ ਦਾ ਲਾਭ ਨਾ ਪਹੁੰਚਾਉਣਾ ਨੈਸ਼ਨਲ ਫੂਡ ਸਕਿਓਰਿਟੀ ਐਕਟ 2013 ਦੀ ਖੁੱਲ੍ਹੇ ਤੌਰ 'ਤੇ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਡੀਪੂ ਹੋਲਡਰ ਲੋਕਾਂ ਨੂੰ ਕਣਕ ਨਾ ਦੇ ਕੇ ਬੋਗਸ ਐਂਟਰੀਆਂ ਪਾ ਕੇ ਬਾਜ਼ਾਰ 'ਚ ਕਣਕ ਵੇਚਦੇ ਹਨ।
9 ਮੈਂਬਰੀ ਕਮੇਟੀ ਗਠਿਤ
ਇਸ ਮੌਕੇ ਡੀਪੂ ਹੋਲਡਰਾਂ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਾਰਡ ਧਾਰਕਾਂ ਨਾਲ ਕੀਤੇ ਜਾ ਰਹੇ ਅਨਿਆਂ ਦੇ ਖਿਲਾਫਸੰਘਰਸ਼ ਕਰਨ ਲਈ ਇਕ 9 ਮੈਂਬਰੀ ਕਮੇਟੀ ਬਣਾਈ ਗਈ। ਜਿਸ ਦੀ ਪ੍ਰਧਾਨ ਮਹਿੰਦਰ ਕੌਰ, ਉਪ ਪ੍ਰਧਾਨ ਸੰਤੋਸ਼ ਕੁਮਾਰੀ, ਜਨਰਲ ਸਕੱਤਰ ਮਨਜੀਤ ਕੌਰ ਨੂੰ ਬਣਾਇਆ ਗਿਆ। ਇਸ ਮੌਕੇ ਦੇਵ ਰਾਜ, ਸੁਮਨਜੀਤ ਕੌਰ, ਪਰਮਜੀਤ ਕੌਰ ਤੇ ਕੁਲਦੀਪ ਕੌਰ ਨੇ ਵੀ ਵਿਚਾਰ ਪ੍ਰਗਟ ਕੀਤੇ।