ਦਿੱਲੀ ਤੋਂ ਪਰਤੇ ਕਿਸਾਨਾਂ ਦਾ ਲੋਕਾਂ ਵੱਲੋਂ ਭਰਵਾਂ ਸੁਆਗਤ, ਫੁੱਲਾਂ ਦੀ ਵਰਖਾ ਕਰਕੇ ਪਾਏ ਭੰਗੜੇ (ਤਸਵੀਰਾਂ)
Saturday, Dec 11, 2021 - 03:45 PM (IST)
ਲੁਧਿਆਣਾ (ਨਰਿੰਦਰ) : ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਵਿਖੇ ਲਗਾਤਾਰ ਸੰਘਰਸ਼ ਲੜ ਰਹੇ ਕਿਸਾਨਾਂ ਵੱਲੋਂ ਅੱਜ ਅਰਦਾਸ ਕਰਨ ਤੋਂ ਬਾਅਦ ਪੰਜਾਬ ਵੱਲ ਚਾਲੇ ਪਾ ਦਿੱਤੇ ਗਏ। ਇਸ ਦੇ ਤਹਿਤ ਦਿੱਲੀ ਤੋਂ ਕਿਸਾਨਾਂ ਨਾਲ ਭਰੀਆਂ ਟਰਾਲੀਆਂ ਲਗਾਤਾਰ ਲਾਡੋਵਾਲ ਟੋਲ ਪਲਾਜ਼ਾ 'ਤੇ ਪਹੁੰਚ ਰਹੀਆਂ ਹਨ, ਜਿਨ੍ਹਾਂ ਦਾ ਸਥਾਨਕ ਵਾਸੀਆਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ।
ਇਹ ਵੀ ਪੜ੍ਹੋ : ਮਾਤਾ ਨੈਣਾ ਦੇਵੀ ਦੇ ਸ਼ਰਧਾਲੂਆਂ ਲਈ ਰਾਹਤ ਭਰੀ ਖ਼ਬਰ, ਹਿਮਾਚਲ ਪ੍ਰਦੇਸ਼ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਟਰਾਲੀਆਂ ਭਰ ਕੇ ਜਦੋਂ ਕਿਸਾਨ ਲਾਡੋਵਾਲ ਟੋਲ ਪਲਾਜ਼ਾ 'ਤੇ ਪਹੁੰਚੇ ਤਾਂ ਸਥਾਨਕ ਲੋਕਾਂ ਨੇ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਭੰਗੜੇ ਪਾਏ। ਇੰਨਾ ਹੀ ਨਹੀਂ, ਉਨ੍ਹਾਂ ਨੇ ਲੱਡੂ ਖੁਆ ਕੇ ਕਿਸਾਨਾਂ ਦਾ ਮੂੰਹ ਮਿੱਠਾ ਕੀਤਾ ਅਤੇ ਇਕ-ਦੂਜੇ ਨੂੰ ਜਿੱਤ ਦੀ ਵਧਾਈ ਦਿੱਤੀ। ਇਸ ਦੌਰਾਨ ਦਿੱਲੀ ਤੋਂ ਪਰਤੇ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਕਦਰ ਮੋਰਚਾ ਫਤਹਿ ਕਰਕੇ ਪਰਤਣਗੇ ਅਤੇ ਉਨ੍ਹਾਂ ਦਾ ਇਸ ਤਰ੍ਹਾਂ ਸੁਆਗਤ ਹੋਵੇਗਾ।
ਭਾਵੁਕ ਹੁੰਦਿਆਂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਈ ਸਾਥੀ ਵੀ ਉਥੇ ਗੁਆ ਲਏ ,ਜਿਸ ਦਾ ਉਨ੍ਹਾਂ ਨੂੰ ਬੇਹੱਦ ਮਲਾਲ ਹੈ। ਕਿਸਾਨਾਂ ਨੇ ਕਿਹਾ ਕਿ ਜਿੱਤ ਦੀ ਖੁਸ਼ੀ ਵੀ ਹੈ ਪਰ ਨਾਲ ਹੀ ਇਸ ਦਾ ਗ਼ਮ ਵੀ ਹੈ ਕਿ ਕਈ ਕਿਸਾਨ ਸਾਥੀ ਸਾਨੂੰ ਛੱਡ ਕੇ ਚਲੇ ਗਏ ਪਰ ਉਹ ਹੁਣ ਅਮਰ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ 'ਚ ਹੋਵੇਗੀ ਕਾਂਗਰਸ ਦੇ ਬਾਗੀਆਂ ਦੀ ਫ਼ੌਜ!
ਕਿਸਾਨਾਂ ਨੇ ਕਿਹਾ ਕਿ ਉਹ ਦਿੱਲੀ ਫ਼ਤਹਿ ਕਰ ਆਏ ਹਨ ਤੇ ਹੁਣ ਪੰਜਾਬ ਦੀ ਵਾਰੀ ਹੈ। ਪੰਜਾਬ 'ਚ ਉਹ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕਰ ਰਹੇ ਸਿਆਸਤਦਾਨਾਂ ਨੂੰ ਹੁਣ ਸਵਾਲ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ