ਬਿਜਲੀ ਦੇ ਕੱਟਾਂ ਕਾਰਨ ਲੋਕ ਹੋਏ ਹਾਲੋਂ ਬੇਹਾਲ : ਅਕਾਲੀ ਆਗੂ
Friday, Jul 02, 2021 - 01:17 AM (IST)
ਬੁਢਲਾਡਾ(ਮਨਜੀਤ)- ਪੰਜਾਬ ਦੇ ਵਿੱਚ ਲੱਗ ਰਹੇ ਬਿਜਲੀ ਦੇ ਵੱਡੇ-ਵੱਡੇ ਕੱਟਾਂ ਨੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ। ਕਿਉਂਕਿ ਝੋਨੇ ਦੀ ਬਿਜਾਈ ਕਾਰਨ ਕਿਸਾਨ 8 ਤੋਂ 10 ਘੰਟੇ ਬਿਜਲੀ ਦੀ ਨਿਰੰਤਰ ਸਪਲਾਈ ਦੀ ਮੰਗ ਕਰ ਰਹੇ ਹਨ ਅਤੇ ਸ਼ਹਿਰੀ ਅੱਤ ਦੀ ਗਰਮੀ ਹੋਣ ਕਾਰਨ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਹਨ ਪਰ ਕੈਪਟਨ ਸਰਕਾਰ ਆਪਣੇ ਮਹਿਲਾਂ ਵਿੱਚ ਬੈਠੀ ਕੁਰਸੀ ਦੀ ਲੜਾਈ ਲੜ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਜ਼ਿਲ੍ਹਾ ਮਾਨਸਾ ਦਿਹਾਤੀ ਦੇ ਪ੍ਰਧਾਨ ਗੁਰਮੇਲ ਸਿੰਘ ਫਫੜੇ, ਸ਼੍ਰੌਮਣੀ ਅਕਾਲੀ ਦਲ ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਨਿਸ਼ਾਨ ਸਿੰਘ, ਜਥੇਦਾਰ ਬਲਵਿੰਦਰ ਸਿੰਘ ਪਟਵਾਰੀ ਨੇ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਬਿਜਲੀ ਦੇ ਵਿਸ਼ੇਸ਼ ਪ੍ਰਬੰਧਾਂ ਨੇ ਲੋਕਾਂ ਨੂੰ ਭੁਲਾ ਦਿੱਤਾ ਸੀ ਕਿ ਬਿਜਲੀ ਦੇ ਕੱਟ ਕੀ ਹੁੰਦੇ ਹਨ ਅਤੇ ਕਿਸਾਨਾਂ ਨੂੰ ਨਿਰੰਤਰ ਬਿਜਲੀ ਦੇ ਕੇ ਖੁਸ਼ਹਾਲੀ ਦੇ ਰਾਹ ਵੱਲ ਤੋਰਿਆ ਜਾ ਰਿਹਾ ਸੀ। ਪੰਜਾਬ ਦੇ ਲੋਕ ਤਾਂ ਆਪਣੇ ਜਰਨੇਟਰ ਵੇਚ ਰਹੇ ਸੀ ਕਿਉਂਕਿ ਪੰਜਾਬ ਵਿੱਚ ਬਿਜਲੀ ਦੇ ਕੱਟ ਲੱਗ ਹੀ ਨਹੀਂ ਰਹੇ ਸੀ ਪਰ ਹੁਣ ਕੈਪਟਨ ਸਰਕਾਰ ਦੀਆਂ ਨਲਾਇਕੀਆਂ ਕਾਰਨ ਪੰਜਾਬ ਵਿੱਚ ਲੱਗ ਰਹੇ ਵੱਡੇ-ਵੱਡੇ ਕੱਟ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਕਤ ਆਗੂਆਂ ਨੇ ਦਾਅਵਾ ਕੀਤਾ ਕਿ ਕੈਪਟਨ ਸਰਕਾਰ ਦੀਆਂ ਨਲਾਇਕੀਆਂ ਕਾਰਨ ਅੱਜ ਪੰਜਾਬ ਦੇ ਲੋਕ ਬਾਦਲ ਸਰਕਾਰ ਨੂੰ ਚੇਤੇ ਕਰ ਰਹੇ ਹਨ। ਇਨ੍ਹਾਂ ਦੱਸਿਆ ਕਿ ਜਲਦੀ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ 'ਤੇ ਬਿਜਲੀ ਦੇ ਮਸਲੇ ਨੂੰ ਲੈ ਕੇ ਵੱਡੀ ਪੱਧਰ 'ਤੇ ਸੰਘਰਸ਼ ਆਰੰਭਿਆ ਜਾਵੇਗਾ।