ਲੋਕ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਸਬਕ ਸਿਖਾਉਣ : ਰਾਘਵ ਚੱਢਾ

Monday, Feb 14, 2022 - 08:43 PM (IST)

ਪਾਇਲ (ਲੁਧਿਆਣਾ)/ ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਪਾਰਟੀ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਦੇ ਹੱਕ 'ਚ ਪਾਇਲ  ਵਿਖੇ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਤਿੱਖੇ ਹਮਲੇ ਕੀਤੇ ਅਤੇ ਮੁੱਖ ਮੰਤਰੀ ਚੰਨੀ ਦੇ ਗਰੀਬ ਹੋਣ ਦੇ ਦਾਅਵੇ 'ਤੇ ਵੀ ਸਵਾਲ ਚੁੱਕੇ। ਚੱਢਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਆਗੂਆਂ ਨੇ ਪੰਜਾਬ ਨੂੰ ਲੁੱਟਿਆ ਹੈ, ਹੁਣ ਸਾਰਿਆਂ ਨੇ ਮਿਲ ਕੇ ਉਨ੍ਹਾਂ ਆਗੂਆਂ ਨੂੰ ਸਬਕ ਸਿਖਾਉਣਾ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਕੇਜਰੀਵਾਲ ’ਤੇ ਸਾਧੇ ਨਿਸ਼ਾਨੇ, ਪੰਜਾਬੀਆਂ ਲਈ ਕੀਤੇ ਖ਼ਾਸ ਐਲਾਨ

ਸੋਮਵਾਰ ਨੂੰ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਦੇ ਹੱਕ 'ਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਦਾਅਵਾ ਕਰਦੇ ਹਨ ਕਿ ਉਹ ਇੱਕ ਗਰੀਬ ਵਿਅਕਤੀ ਹਨ ਪਰ ਉਨ੍ਹਾਂ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਛਾਪਾ ਮਾਰ ਕੇ 10 ਕਰੋੜ ਰੁਪਏ ਨਕਦ, 54 ਲੱਖ ਦੀਆਂ ਬੈਂਕ ਦੀਆਂ ਐਂਟਰੀਆਂ, 16 ਲੱਖ ਦੀ ਘੜੀ, ਲਗਜ਼ਰੀ ਕਾਰ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਦੇ ਕਾਗਜ਼ ਬਰਾਮਦ ਕੀਤੇ ਹਨ। ਉਨ੍ਹਾਂ ਚੰਨੀ ਨੂੰ ਪੁੱਛਿਆ ਕਿ ਇੰਨੀ ਦੌਲਤ ਹਨੀ ਕੋਲ ਕਿੱਥੋਂ ਆਈ?

ਇਹ ਵੀ ਪੜ੍ਹੋ : ਕਾਂਗਰਸ ਐੱਸ. ਸੀ. ਭਾਈਚਾਰੇ ਨੂੰ ਗੁੰਮਰਾਹ ਕਰ ਰਹੀ, ਚੰਨੀ ਸਿਰਫ 20 ਫਰਵਰੀ ਤੱਕ ਮੁੱਖ ਮੰਤਰੀ : ਹਰਸਿਮਰਤ ਬਾਦਲ

ਚੱਢਾ ਨੇ ਦਾਅਵਾ ਕੀਤਾ ਕਿ ਹਨੀ ਨੇ ਈ. ਡੀ. ਕੋਲ ਕਬੂਲ ਕੀਤਾ ਕਿ ਚੰਨੀ ਦੇ 111 ਦਿਨਾਂ ਦੇ ਕਾਰਜਕਾਲ ਵਿੱਚ 325 ਕਰੋੜ ਰੁਪਏ ਇਕੱਠੇ ਕੀਤੇ ਹਨ। ਇੱਕ ਦਿਨ ਦਾ 3 ਕਰੋੜ ਰੁਪਏ ਤਿਜੌਰੀ ਵਿੱਚ ਪੈਂਦਾ ਰਿਹਾ। ਇੰਨਾ ਪੈਸਾ ਤਾਂ ਬਾਦਲਾਂ ਦੀ ਤਿਜੌਰੀ ਵਿੱਚ ਵੀ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਕਹਿੰਦਾ ਹੈ ਕਿ ਉਹ ਆਟੋ ਚਲਾਉਂਦਾ ਸੀ, ਟੈਂਟ ਲਾਉਂਦਾ ਸੀ ਅਤੇ ਪੈਂਚਰ ਲਾਉਂਦਾ ਸੀ ਪਰ ਕਿਸੇ ਆਟੋ ਚਲਾਉਣ ਵਾਲੇ ਕੋਲ ਕਰੋੜਾਂ ਰੁਪਏ ਨਹੀਂ ਹਨ, ਕਿਸੇ ਟੈਂਟ ਵਾਲੇ ਕੋਲ ਲਗਜ਼ਰੀ ਕਾਰ ਨਹੀਂ ਹੈ ਤੇ ਕਿਸੇ ਪੈਂਚਰ ਲਾਉਣ ਵਾਲੇ ਕੋਲ ਕਰੋੜਾਂ ਦੀਆਂ ਜਾਇਦਾਦਾਂ ਨਹੀਂ ਹਨ।

ਇਹ ਵੀ ਪੜ੍ਹੋ : ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਭਾਜਪਾ 'ਚ ਸ਼ਾਮਲ

ਚੱਢਾ ਨੇ ਦਾਅਵਾ ਕੀਤਾ, ''ਅਸੀਂ ਚੰਗੇ ਲੋਕ ਹਾਂ, ਚੰਗੇ ਕੰਮ ਕਰਾਂਗੇ। ਇਮਾਨਦਾਰ ਹਾਂ ਅਤੇ ਇਮਾਨਦਾਰ ਰਹਾਂਗੇ।'' ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ 'ਆਪ' ਦੇ ਆਗੂ  ਇਮਾਨਦਾਰ ਰਹਿਣਗੇ। ਇਸ ਲਈ ਲੋਕ ਭਰੋਸਾ ਕਰਕੇ ਚੋਣ ਨਿਸ਼ਾਨ 'ਝਾੜੂ' ਵਾਲਾ ਬਟਨ ਦੱਬ ਕੇ ਇੱਥੋਂ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਕਾਮਯਾਬ ਕਰਨ। ਇਸ ਮੌਕੇ ਉਮੀਦਵਾਰ ਗਿਆਸਪੁਰਾ ਨੇ ਰਾਘਵ ਚੱਢਾ ਅਤੇ ਹੋਰ ਪਾਰਟੀ ਆਗੂਆਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਰਾਘਵ ਚੱਢਾ ਨੇ ਅਮਰਗੜ੍ਹ (ਮਾਲੇਰਕੋਟਲਾ) ਵਿਖੇ ਜਸਵੰਤ ਸਿੰਘ ਗੱਜਣਮਾਜਰਾ ਤੇ ਨਾਭਾ ਵਿਖੇ ਗੁਰਦੇਵ ਸਿੰਘ ਮਾਨ ਦੇ ਹੱਕ ਵਿੱਚ ਵੀ ਜਨ ਸਭਾਵਾਂ ਨੂੰ ਸੰਬੋਧਨ ਕੀਤਾ।

ਇਹ ਵੀ ਪੜ੍ਹੋ : 'ਆਪ' ਸੁਪਰੀਮੋ 'ਅਰਵਿੰਦ ਕੇਜਰੀਵਾਲ' ਦੀ ਖ਼ਾਸ ਇੰਟਰਵਿਊ, ਵੱਖ-ਵੱਖ ਮੁੱਦਿਆਂ 'ਤੇ ਸਾਂਝੇ ਕੀਤੇ ਵਿਚਾਰ (ਵੀਡੀਓ)

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News