ਘਟੀਆ ਮਿਆਰ ਵਾਲਾ ਗੁੜ ਵੇਚ ਰਹੇ ਨੇ ਪ੍ਰਵਾਸੀ ਲੋਕ

Sunday, Jan 21, 2018 - 01:23 AM (IST)

ਘਟੀਆ ਮਿਆਰ ਵਾਲਾ ਗੁੜ ਵੇਚ ਰਹੇ ਨੇ ਪ੍ਰਵਾਸੀ ਲੋਕ

ਸ੍ਰੀ ਅਨੰਦਪੁਰ ਸਾਹਿਬ, (ਸ਼ਮਸ਼ੇਰ)- ਵਰਤਮਾਨ ਦੌਰ 'ਚ ਪੰਜਾਬ ਦੀ ਕਿਸਾਨੀ ਬਹੁਪੱਖੀ ਚੁਣੌਤੀਆਂ 'ਚ ਘਿਰੀ ਹੈ।  ਕਮਾਦ ਦੀ ਕਾਸ਼ਤ ਤੇ ਗੁੜ ਦੀ ਪੈਦਾਵਾਰ ਡੁੱਬਦੀ ਜਾ ਰਹੀ ਕਿਸਾਨੀ ਲਈ ਲਾਹੇਵੰਦ ਹੋ ਸਕਦੀ ਹੈ। ਖੇਤੀ ਮਾਹਿਰਾਂ ਨੇ ਇਹ ਤਰਕ ਰਾਜ ਦੇ ਕਿਸਾਨਾਂ ਨੂੰ ਦਿੱਤਾ ਅਤੇ ਸਰਕਾਰ ਨੇ ਪੰਜਾਬ 'ਚ ਮਿੱਠਾ ਇਨਕਲਾਬ ਲਿਆਉਣ ਲਈ ਕਿਸਾਨਾਂ ਨੂੰ ਹੱਲਾਸ਼ੇਰੀ ਦਿੱਤੀ ਪਰ ਇਸ ਦੇ ਬਾਵਜੂਦ ਮਿੱਠਾ ਇਨਕਲਾਬ ਕਿਸਾਨਾਂ ਲਈ ਜ਼ਹਿਰ ਹੋ ਨਿੱਬੜਿਆ। ਕਰੋੜਾਂ ਦੀ ਅਦਾਇਗੀ ਤੇ ਗੰਨੇ ਦਾ ਵਾਜਬ ਮੁੱਲ ਕਿਸਾਨਾਂ ਨੂੰ ਨਹੀਂ ਮਿਲ ਸਕਿਆ। ਸ਼ੂਗਰ ਦੀ ਬੀਮਾਰੀ ਤੋਂ ਪੀੜਤ ਲੋਕ ਗੁੜ ਤੇ ਸ਼ੱਕਰ ਦੀ ਖਰੀਦ ਲਈ ਤਤਪਰ ਹੋਣ ਦੇ ਬਾਵਜੂਦ ਕਿਸਾਨ ਉਨ੍ਹਾਂ ਦੀ ਡਿਮਾਂਡ ਪੂਰੀ ਨਹੀਂ ਕਰ ਸਕੇ ਤੇ ਨਾ ਹੀ ਇਸ ਮਿੱਠੇ ਇਨਕਲਾਬ ਦੇ ਆਰਥਿਕ ਪੱਖੋਂ ਹੱਕਦਾਰ ਬਣ ਸਕੇ। ਜਦੋਂਕਿ ਅੱਜ ਵੀ ਇਹ ਸਹਾਇਕ ਕਿੱਤਾ ਖਤਰੇ ਦੀ ਕਗਾਰ 'ਤੇ ਖੜ੍ਹੀ ਕਿਸਾਨੀ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ। ਦੂਜੇ ਪਾਸੇ ਪ੍ਰਵਾਸੀ ਲੋਕ ਗੁੜ ਦੇ ਨਾਂ 'ਤੇ ਘਟੀਆ ਮਿਆਰ ਵਾਲੇ ਪਦਾਰਥ ਵੇਚ ਕੇ ਮਿੱਠੇ ਇਨਕਲਾਬ ਦੇ ਵੈਰੀ ਬਣੇ ਬੈਠੇ ਹਨ।
PunjabKesari
ਸ਼ੂਗਰ ਮਿੱਲਾਂ ਦੀ ਅਦਾਇਗੀ ਦਾ ਦੁਖਾਂਤ
ਮਿੱਠੇ ਇਨਕਲਾਬ ਤਹਿਤ ਉਤਸ਼ਾਹਿਤ ਹੋਏ ਕਿਸਾਨਾਂ ਦਾ ਇਹ ਵੱਡਾ ਦੁੱਖਾਂਤ ਹੈ ਕਿ ਸ਼ੂਗਰ ਮਿੱਲਾਂ ਵੱਲੋਂ ਉਨ੍ਹਾਂ ਨੂੰ ਗੰਨੇ ਦੀ ਅਦਾਇਗੀ ਨਾ ਤਾਂ ਸਮੇਂ ਸਿਰ ਕੀਤੀ ਜਾਂਦੀ ਹੈ ਤੇ ਨਾ ਹੀ ਬਾਕੀ ਰਾਜਾਂ ਦੇ ਮੁਕਾਬਲੇ ਕਮਾਦ ਦਾ ਮੁੱਲ ਤਾਰਿਆ ਜਾਂਦਾ ਹੈ। ਰਾਜ ਦੀਆਂ ਮਿੱਲਾਂ ਬੀਤੇ ਲੰਬੇ ਸਮੇਂ ਤੋਂ 300 ਰੁ. ਪ੍ਰਤੀ ਕੁਇੰਟਲ ਦੇ ਮੁੱਲ ਨਾਲ ਗੰਨੇ ਦੀ ਖਰੀਦ ਕਰਦੀਆਂ ਰਹੀਆਂ ਹਨ, ਜਿਸ 'ਚ ਹੁਣ ਭਾਰੀ ਦਬਾਅ ਕਾਰਨ 10 ਰੁ. ਪ੍ਰਤੀ ਕੁਇੰਟਲ ਵਾਧਾ ਕੀਤਾ ਹੈ। ਰਾਜ ਦੀਆਂ ਕਿਸਾਨ ਜਥੇਬੰਦੀਆਂ ਸ਼੍ਰੀ ਰੰਗਰਾਜਨ ਕਮਿਸ਼ਨ ਦੀਆਂ ਰਿਪੋਰਟਾਂ ਲਾਗੂ ਕਰਨ ਲਈ ਸਰਕਾਰ 'ਤੇ ਦਬਾਅ ਬਣਾ ਰਹੀਆਂ ਹਨ ਪਰ ਬਾਕੀ ਰਾਜਾਂ ਦੇ ਮੁਕਾਬਲੇ ਪੰਜਾਬ 'ਚ ਇਸ ਰਿਪੋਰਟ ਨੂੰ ਅਮਲੀਜਾਮਾ ਨਹੀਂ ਪਹਿਨਾਇਆ ਗਿਆ। ਪੰਜਾਬ ਦੀਆਂ ਸ਼ੂਗਰ ਮਿੱਲਾਂ ਦੀ ਮਾਲਕੀ ਬਹੁਗਿਣਤੀ ਸਿਆਸੀ ਧਿਰਾਂ ਕੋਲ ਹੋਣ ਕਾਰਨ ਕਿਸਾਨਾਂ ਦੀ ਆਵਾਜ਼ ਤੇ ਹੱਕ ਹਮੇਸ਼ਾ ਸਿਆਸਤ ਦੀ ਭੇਟ ਚੜ੍ਹਦੇ ਹਨ।
ਗੁੜ-ਸ਼ੱਕਰ ਦੀਆਂ ਵਿਸ਼ੇਸ਼ਤਾਵਾਂ ਤੇ ਲੋੜਾਂ
ਲੋਕ ਮੌਜੂਦਾ ਦੌਰ 'ਚ ਗੁੜ-ਸ਼ੱਕਰ ਦਾ ਇਸਤੇਮਾਲ ਦਹਾਕਿਆਂ ਤੋਂ ਬਾਅਦ ਸ਼ੂਗਰ ਜਿਹੀਆਂ ਬੀਮਾਰੀਆਂ ਤੋਂ ਤੰਗ ਆ ਕੇ ਮੁੜ ਕਰਨ ਦੇ ਇੱਛੁਕ ਹੋਏ ਹਨ। ਕਦੇ ਸਮਾਂ ਸੀ ਜਦੋਂ ਪਿੰਡਾਂ 'ਚ ਚਾਲੀ ਫੀਸਦੀ ਕਿਸਾਨ ਕਮਾਦ ਦੀ ਕਾਸ਼ਤ ਕਰਦੇ ਸਨ। ਖਾਦਾਂ, ਕੀਟਨਾਸ਼ਕ ਦਵਾਈਆਂ ਤੇ ਹੋਰ ਰਸਾਇਣਕ ਵਸਤਾਂ ਤੋਂ ਬਿਨਾਂ ਵੇਲਣੇ ਤੇ ਘੁਲਾੜੀਆਂ ਰਾਹੀਂ ਤਿਆਰ ਕੀਤਾ ਸ਼ੁੱਧ ਗੁੜ ਵਰਤਮਾਨ ਦੌਰ ਦੀਆਂ ਮਠਿਆਈਆਂ ਨੂੰ ਮਾਤ ਦਿੰਦਾ ਸੀ ਪਰ ਜਿਵੇਂ ਕਿਸਾਨਾਂ ਦਾ ਰੁਝਾਨ ਝੋਨੇ ਦੀ ਫਸਲ ਵੱਲ ਵਧੇਰੇ ਵਧਿਆ ਤੇ ਪੰਜਾਬ 'ਚ ਸ਼ੂਗਰ ਮਿੱਲਾਂ ਲੱਗੀਆਂ ਤਾਂ ਕਮਾਦ, ਵੇਲਣੇ ਤੇ ਘੁਲਾੜੀਆਂ ਵੱਡੇ ਪੈਮਾਨੇ 'ਤੇ ਪੰਜਾਬ 'ਚੋਂ ਅਲੋਪ ਹੋ ਗਏ। ਅੱਜ ਜੋ ਦਹਾਕਿਆਂ ਬਾਅਦ ਪਾਣੀ ਦੀ ਸਮੱਸਿਆ ਤੇ ਖੇਤੀ ਵਿਭਿੰਨਤਾ ਦੀ ਗੱਲ ਛਿੜੀ ਤਾਂ ਵਧ ਰਹੀ ਡਿਮਾਂਡ ਦੇ ਮੱਦੇਨਜ਼ਰ ਕਿਸਾਨਾਂ ਦਾ ਉਤਸ਼ਾਹ ਗੰਨਾ ਉਤਪਾਦਨ ਵੱਲ ਮੁੜ ਪੈਦਾ ਹੋਇਆ ਹੈ।  ਮਾਹਿਰ ਡਾਕਟਰਾਂ ਵੱਲੋਂ ਸ਼ੂਗਰ ਦੇ ਬਚਾਅ ਲਈ ਖੰਡ ਦਾ ਸੇਵਨ ਛੱਡ ਕੇ ਲੋਕਾਂ ਨੂੰ ਗੁੜ ਦੀ ਵਰਤੋਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਸ਼ੁੱਧ ਤੇ ਮਿਲਾਵਟ ਰਹਿਤ ਸ਼ੱਕਰ ਤੇ ਗੁੜ ਮਿਲਣਾ ਔਖਾ ਹੋਇਆ ਹੈ ਕਿਉਂਕਿ ਕਿਸਾਨ ਚਾਹੁੰਦਿਆਂ ਵੀ ਗੰਨੇ ਦੀ ਕਾਸ਼ਤ ਨਹੀਂ ਕਰ ਰਹੇ। ਸ਼ੂਗਰ ਮਿੱਲਾਂ ਦੀ ਅਦਾਇਗੀ ਦੇ ਨਾਲ-ਨਾਲ ਆਵਾਰਾ ਜੰਗਲੀ ਪਸ਼ੂਆਂ ਵੱਲੋਂ ਕੀਤਾ ਜਾ ਰਿਹਾ ਫਸਲਾਂ ਦਾ ਉਜਾੜਾ ਵੀ ਇਸ ਦਾ ਇਕ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਇਸੇ ਕਾਰਨ ਹੀ ਪੰਜਾਬ ਅੰਦਰ ਗੁੜ 50 ਰੁਪਏ ਪ੍ਰਤੀ ਕਿਲੋ ਤੇ ਸ਼ੱਕਰ 60 ਰੁ. ਪ੍ਰਚੂਨ 'ਚ ਮਿਲ ਰਹੇ ਹਨ, ਜੋ ਪੈਦਾਵਾਰ ਤੋਂ ਜ਼ਿਆਦਾ ਖਪਤ ਦਾ ਵੱਡਾ ਪ੍ਰਮਾਣ ਹੈ। 
ਕਿਸਾਨਾਂ ਦੀ ਮਜਬੂਰੀ ਦਾ ਪ੍ਰਵਾਸੀ ਮਜ਼ਦੂਰ ਉਠਾ ਰਹੇ ਨੇ ਲਾਭ
ਪੰਜਾਬ ਦੇ ਕਿਸਾਨਾਂ ਵੱਲੋਂ ਇਸ ਕਾਸ਼ਤ ਪ੍ਰਤੀ ਰੁਝਾਨ ਘਟਾਉਣ ਤੇ ਗੁੜ-ਸ਼ੱਕਰ ਦੀ ਲੋੜ ਵਧਣ ਦਾ ਵਧੇਰੇ ਲਾਭ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਹੋਇਆ ਹੈ ਜੋ ਸੜਕਾਂ ਕਿਨਾਰੇ ਵੇਲਣੇ ਲਾ ਕੇ ਸ਼ੁੱਧ ਗੁੜ ਦੀ ਥਾਂ ਮਹਿੰਗੇ ਮੁੱਲ ਲੋਕਾਂ ਨੂੰ ਮਿਲਾਵਟੀ ਗੁੜ ਤੇ ਸ਼ੱਕਰ ਵੇਚਦੇ ਹਨ। ਭੋਲੇ-ਭਾਲੇ ਲੋਕ ਇਨ੍ਹਾਂ ਦੇ ਚੁੰਗਲ 'ਚ ਫਸ ਕੇ ਜਿੱਥੇ ਮਿੱਠੇ ਸੋਢੇ ਦੀ ਮਿਲਾਵਟ ਤੇ ਗੈਰ-ਮਿਆਰੀ ਗੁੜ ਸ਼ੱਕਰ ਖਰੀਦਦੇ ਹਨ, ਉੱਥੇ ਗੁੜ ਬਣਾਉਣ ਵੇਲੇ ਇਹ ਪ੍ਰਵਾਸੀ ਮਜ਼ਦੂਰ ਸਾਫ ਸਫਾਈ ਦਾ ਧਿਆਨ ਵੀ ਨਹੀਂ ਰੱਖਦੇ। ਇਸੇ ਤਰ੍ਹਾਂ ਹੀ ਗੰਨੇ ਦਾ ਰਸ ਕੱਢਣ ਵੇਲੇ ਕਈ ਦਿਨ ਪਹਿਲਾਂ ਵੱਢੇ ਪੁਰਾਣੇ ਗੰਨਿਆਂ ਦੀ ਵਰਤੋਂ ਕਰਦੇ ਹਨ, ਜੋ ਮਿੱਠੇ ਦੇ ਭੁਲੇਖੇ ਜ਼ਹਿਰ ਖਾਣ ਦੇ ਬਰਾਬਰ ਹੈ।


Related News