ਲੋਕਾਂ ਨੇ ਨਾਜਾਇਜ਼ ਸ਼ਰਾਬ ਦੀ ਵਿਕਰੀ ਖਿਲਾਫ ਕੱਢੀ ਭੜਾਸ
Wednesday, Dec 27, 2017 - 05:43 AM (IST)
ਬਹਿਰਾਮਪੁਰ, (ਗੋਰਾਇਆ)- ਪੁਲਸ ਸਟੇਸ਼ਨ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਝਬਕਰਾ ਵਿਖੇ ਨਾਜਾਇਜ਼ ਸ਼ਰਾਬ (ਰੂੜੀ ਮਾਰਕਾ) ਦੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਵਿਕਰੀ ਕਾਰਨ ਅੱਜ ਪਿੰਡ ਵਾਸੀਆ ਨੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰ ਕੇ ਆਪਣੀ ਭੜਾਸ ਕੱਢੀ।
ਪਿੰਡ ਵਾਸੀ ਪੰਚਾਇਤ ਮੈਂਬਰ ਸੁਰਿੰਦਰ ਸਿੰਘ, ਰਾਜੇਸ਼ ਠਾਕੁਰ, ਸੁਦਰਸ਼ਨ ਸਿੰਘ, ਰਸ਼ਪਾਲ ਸਿੰਘ, ਲੱਬੀ, ਨਿਤਨ ਠਾਕੁਰ, ਅੰਜੂ ਬਾਲਾ, ਦਰਸ਼ਨਾ ਦੇਵੀ, ਕ੍ਰਿਸ਼ਨਾ ਦੇਵੀ, ਕੁੰਤੀ ਦੇਵੀ, ਸ਼ਰਿਸ਼ਟਾ ਦੇਵੀ, ਉਰਮਲਾ ਦੇਵੀ, ਪ੍ਰਵੇਸ਼ ਆਦਿ ਨੇ ਦੱਸਿਆ ਕਿ ਅਸੀਂ ਸਾਰੇ ਪਿੰਡ ਵਾਸੀਆਂ ਨੇ ਪਿੰਡ ਵਿਚੋਂ ਸ਼ਰਾਬ ਦਾ ਠੇਕਾ ਪਿਛਲੇ ਸਾਲ ਪੰਚਾਇਤ ਕੋਲੋਂ ਮਤਾ ਪਵਾ ਕੇ ਬੰਦ ਕਰਵਾਇਆ ਸੀ ਤਾਂ ਕਿ ਪਿੰਡ ਅੰਦਰ ਵੱਧ ਰਹੇ ਨਸ਼ੇ ਦੀ ਲਾਹਨਤ ਨੂੰ ਠੱਲ੍ਹ ਪੈ ਸਕੇ ਪਰ ਹੁਣ ਪਿੰਡ ਵਿਚ ਹੀ ਨਾਜਾਇਜ਼ ਸ਼ਰਾਬ ਦੀ ਵਿਕਰੀ ਏਨੀ ਜ਼ਿਆਦਾ ਵੱਧ ਗਈ ਹੈ ਕਿ ਕਈ ਇਸ ਸ਼ਰਾਬ ਕਾਰਨ ਆਪਣੀ ਕੀਮਤੀ ਜ਼ਿੰਦਗੀ ਤੋਂ ਹੱਥ ਧੋਅ ਬੈਠੇ ਹਨ ਪਰ ਪ੍ਰਸ਼ਾਸਨ ਵੱਲੋਂ ਕਦੀ ਵੀ ਇਸ ਧੰਦੇ ਨੂੰ ਨੱਥ ਪਾਉਣ ਲਈ ਦਿਲਚਸਪੀ ਨਹੀਂ ਵਿਖਾਈ ਗਈ, ਜਿਸ ਕਾਰਨ ਇਹ ਧੰਦਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਸਮੂਹ ਲੋਕਾਂ ਨੇ ਰੋਸ ਪ੍ਰਦਰਸ਼ਨ ਕਰ ਕੇ ਆਪਣੀ ਭੜਾਸ ਕੱਢੀ ਅਤੇ ਬਹਿਰਾਮਪੁਰ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਸ ਧੰਦੇ ਨਾਲ ਜੁੜੇ ਹੋਏ ਲੋਕਾਂ ਵਿਰੁੱਧ ਸ਼ਿਕੰਜਾ ਕੱਸਿਆ ਜਾਵੇ ਤਾਂ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਇਸ ਦੀ ਲਪੇਟ ਵਿਚ ਨਾ ਆ ਸਕੇ।
