ਨੀਲੇ ਕਾਰਡ ਦੀ ਸਹੂਲਤ ਤੋਂ ਵਾਂਝੇ ਲੋਕਾਂ ਕੀਤਾ ਰੋਸ ਪ੍ਰਦਰਸ਼ਨ
Monday, Mar 26, 2018 - 03:58 AM (IST)

ਹੁਸ਼ਿਆਰਪੁਰ, (ਜਸਵਿੰਦਰਜੀਤ)- ਸਥਾਨਕ ਮੁਹੱਲਾ ਰਹਮੀਪੁਰ, ਸੁੰਦਰ ਨਗਰ ਅਤੇ ਬੇਗਮਪੁਰ ਦੇ ਨੀਲੇ ਕਾਰਡ ਧਾਰਕ ਉਪਭੋਗਤਾਵਾਂ ਦੇ ਨਾਲ ਬਸਪਾ ਨੇਤਾਵਾਂ ਨੇ ਰਾਸ਼ਨ ਡੀਲਰਾਂ 'ਤੇ ਰਾਸ਼ਨ ਵੰਡਣ 'ਚ ਕੀਤੀ ਜਾ ਰਹੀ ਹੇਰਾਫੇਰੀ ਅਤੇ ਲਾਭਪਾਤਰੀਆਂ ਦੇ ਨਾਂ ਕੱਟਣ 'ਤੇ ਰੋਸ ਪ੍ਰਦਰਸ਼ਨ ਕੀਤਾ। ਬਸਪਾ ਦੋਆਬਾ ਜ਼ੋਨ ਦੇ ਇੰਚਾਰਜ ਠੇਕੇਦਾਰ ਭਗਵਾਨ ਦਾਸ ਸਿੱਧੂ ਅਤੇ ਜ਼ਿਲਾ ਬਸਪਾ ਪ੍ਰਧਾਨ ਪ੍ਰਸ਼ੋਤਮ ਰਾਜ ਅਹੀਰ ਨੇ ਦੋਸ਼ ਲਾਇਆ ਹੈ ਕਿ ਹਰ ਵਾਰ ਨਵੀਂ ਲਿਸਟ ਦਿਖਾ ਕੇ ਨੀਲੇ ਕਾਰਡ ਧਾਰਕਾਂ ਦੇ ਨਾਂ ਕੱਟੇ ਜਾ ਰਹੇ ਹਨ। ਬਸਪਾ ਆਗੂਆਂ ਨੇ ਦੋਸ਼ ਲਾਇਆ ਕਿ ਉਪਭੋਗਤਾਵਾਂ ਦੇ ਨਾਵਾਂ ਨੂੰ ਜਾਂਚ ਦੇ ਨਾਂ 'ਤੇ ਸਾਜ਼ਿਸ਼ ਦੇ ਤਹਿਤ ਕੱਟ ਕੇ ਉਨ੍ਹਾਂ ਨੂੰ ਰਾਸ਼ਨ ਦੇਣ ਤੋਂ ਸਾਰੇ ਹੀ ਡੀਲਰ ਇਨਕਾਰ ਕਰ ਰਹੇ ਹਨ, ਜੋ ਕਿ ਸਹਿਣ ਨਹੀਂ ਕੀਤਾ ਜਾਵੇਗਾ।
ਇਥੇ ਹੀ ਬੱਸ ਨਹੀਂ ਕਈ ਦਲਿਤ ਅਤੇ ਜ਼ਰੂਰਤਮੰਦ ਇਹੋ ਜਿਹੇ ਵੀ ਪਰਿਵਾਰ ਹਨ, ਜਿਨ੍ਹਾਂ ਨੂੰ ਪਹਿਲਾਂ ਰਾਸ਼ਨ ਦਿੱਤਾ ਜਾਂਦਾ ਸੀ ਪਰ ਹੁਣ ਉਨ੍ਹਾਂ ਦੇ ਰਾਸ਼ਨ ਵਾਪਿਸ ਮੰਗੇ ਜਾ ਰਹੇ ਹਨ, ਇਹ ਸਰਾਸਰ ਨਾ ਇਨਸਾਫੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਕਈ ਇਹੋ ਜਿਹੇ ਨੀਲੇ ਕਾਰਡ ਹੋਲਡਰਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਦੇ ਘਰਾਂ 'ਚ ਗੱਡੀਆਂ ਖੜ੍ਹੀਆਂ ਹਨ ਅਤੇ ਵੱਡੇ-ਵੱਡੇ ਬੰਗਲਿਆਂ ਵਿਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਬਸਪਾ ਵੱਲੋਂ 26 ਮਾਰਚ ਨੂੰ ਡੀ. ਸੀ. ਅਤੇ ਐੱਸ. ਡੀ. ਐੱਮ ਨੂੰ ਮਿਲ ਕੇ ਇਸ ਸਬੰਧੀ ਸ਼ਿਕਾਇਤ ਦੇ ਨਾਲ-ਨਾਲ ਮੰਗ ਪੱਤਰ ਵੀ ਦਿੱਤਾ ਜਾਵੇਗਾ ਤਾਂ ਕਿ ਗਰੀਬਾਂ ਨੂੰ ਬਣਦਾ ਹੱਕ ਮਿਲ ਸਕੇ।
ਇਸ ਮੌਕੇ ਡਾ. ਰਤਨ ਚੰਦ ਹਲਕਾ ਇੰਚਾਰਜ, ਸਾਬੀ ਸਤੌਰ, ਜਤਿੰਦਰ ਭੋਲੂ, ਅਮਰਜੀਤ ਕੁਮਾਰ ਭੱਟੀ, ਹਰਭਗਵਾਨ ਤੋਂ ਇਲਾਵਾ ਭਾਰੀ ਸੰਖਿਆ 'ਚ ਨੀਲੇ ਕਾਰਡਾਂ ਦੀ ਸਹੂਲਤ ਤੋਂ
ਵਾਂਝੇ ਲੋਕ ਹਾਜ਼ਰ ਸਨ।