ਬਾਹਰ ਨਹੀਂ ਕੱਢੀ ਜਾ ਰਹੀ ''ਫਤਿਹ'' ਦੀ ਮ੍ਰਿਤਕ ਦੇਹ, ਮੋਰਚਰੀ ਬਾਹਰ ਲੋਕਾਂ ਦਾ ਹੰਗਾਮਾ
Tuesday, Jun 11, 2019 - 03:18 PM (IST)
ਚੰਡੀਗੜ੍ਹ (ਭਗਵਤ) : ਬੋਰਵੈੱਲ 'ਚ ਡਿਗ ਕੇ ਮੌਤ ਦੇ ਮੂੰਹ 'ਚ ਗਏ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਪੀ. ਜੀ. ਆਈ. ਦੀ ਮੋਰਚਰੀ 'ਚੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਮੋਰਚਰੀ ਦੇ ਬਾਹਰ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਦੇ ਲੋਕਾਂ ਵਲੋਂ ਜੰਮ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਲੋਕ ਕਾਫੀ ਗੁੱਸੇ 'ਚ ਦਿਖਾਈ ਦੇ ਰਹੇ ਹਨ। ਮੰਗਲਵਾਰ ਸਵੇਰੇ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਡਾਕਟਰਾਂ ਵਲੋਂ ਪੋਸਟ ਮਾਰਟਮ ਲਈ ਲਿਜਾਇਆ ਗਿਆ ਸੀ, ਜਿਸ ਨੂੰ ਅਜੇ ਤੱਕ ਬਾਹਰ ਨਹੀਂ ਲਿਆਂਦਾ ਗਿਆ ਹੈ।
ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਜਾਣ-ਬੁੱਝ ਕੇ ਕੀਤਾ ਜਾ ਰਿਹਾ ਹੈ ਅਤੇ ਫਤਿਹਵੀਰ ਦੀ ਮ੍ਰਿਤਕ ਦੇਹ ਪਰਿਵਾਰ ਵਾਲਿਆਂ ਨੂੰ ਸੌਂਪਣ 'ਤੇ ਡਰਾਮਾ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਦਰਸ਼ਨ ਕਰ ਰਹੀਆਂ ਕਈ ਔਰਤਾਂ ਵੀ ਕਾਫੀ ਭਾਵੁਕ ਦਿਖਾਈ ਦਿੱਤੀਆਂ।
ਪੀ. ਜੀ. ਆਈ. ਬਾਹਰ ਭਾਰੀ ਸੁਰੱਖਿਆ ਤਾਇਨਾਤ
ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਹੋਇਆਂ ਚੰਡੀਗੜ੍ਹ ਅਤੇ ਮੋਹਾਲੀ ਪੁਲਸ ਦੇ ਆਲਾ ਅਧਿਕਾਰੀ ਨੇ ਪੀ. ਜੀ. ਆਈ. ਦੇ ਬਾਹਰ ਕਮਾਨ ਸੰਭਾਲੀ ਹੋਈ ਹੈ। ਪੀ. ਜੀ. ਆਈ. ਬਾਹਰ ਭਾਰੀ ਸੁਰੱਖਿਆ ਫੋਰਸਾਂ ਨੂੰ ਤਾਇਨਾਤ ਕੀਤਾ ਗਿਆ ਹੈ ਕਿਉਂਕਿ ਜਿਵੇਂ ਹੀ ਕੋਈ ਸਿਆਸੀ ਆਗੂ ਪੀ. ਜੀ. ਆਈ. ਪੁੱਜ ਰਿਹਾ ਹੈ ਤਾਂ ਲੋਕਾਂ ਵਲੋਂ ਉਨ੍ਹਾਂ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ।