ਵਾਰਡ 25 ਦੇ ਲੋਕ ਪੀਣ ਵਾਲੇ ਸਾਫ ਪਾਣੀ ਨੂੰ ਤਰਸੇ
Tuesday, Aug 15, 2017 - 03:41 AM (IST)

ਅੰਮ੍ਰਿਤਸਰ, (ਵਾਲੀਆ)- ਵਿਧਾਨ ਸਭਾ ਹਲਕਾ ਅੰਮ੍ਰਿਤਸਰ ਕੇਂਦਰੀ ਦੇ ਅਧੀਨ ਆਉਂਦੇ ਇਲਾਕੇ ਵਾਰਡ ਨੰ. 25 'ਚ ਸਾਫ ਪਾਣੀ ਦੀ ਸਮੱਸਿਆ ਇਕ ਗੰਭੀਰ ਮੁੱਦਾ ਬਣਦੀ ਜਾ ਰਹੀ ਹੈ। ਇਸ ਵਾਰਡ ਦੇ ਅਧੀਨ ਆਉਂਦੇ ਇਲਾਕੇ ਭੂਸ਼ਣਪੁਰਾ, ਗਲੀ ਮਾਈ ਰੱਤੋ, ਬਾਗ ਰਾਮਾਨੰਦ ਅਤੇ ਪੱਕੀ ਗਲੀ ਵਿਚ ਚਾਰ ਟਿਊਬਵੈੱਲ ਲੱਗੇ ਹਨ ਅਤੇ ਚਾਰੇ ਹੀ ਪੂਰੀ ਵਾਰਡ ਨੂੰ ਪਾਣੀ ਸਪਲਾਈ ਕਰਦੇ ਹਨ ਅਤੇ ਇਹ ਸਾਰੇ ਹੀ ਟਿਊਬਵੈੱਲ ਲੋਕਾਂ ਨੂੰ ਗੰਦਾ ਪਾਣੀ ਦੇ ਰਹੇ ਹਨ। ਇਲਾਕਾ ਨਿਵਾਸੀਆਂ ਵੱਲੋਂ ਦੱਸਿਆ ਗਿਆ ਕਿ ਪਾਣੀ ਵਿਚ ਰੇਤ, ਮਿੱਟੀ ਅਤੇ ਬਹੁਤ ਹੀ ਬਦਬੂ ਅਉਂਦੀ ਹੈ ਜਿਸ ਨਾਲ ਇਲਾਕੇ ਵਿਚ ਬੀਮਾਰੀਆਂ ਦੀ ਭਾਰੀ ਦਹਿਸ਼ਤ ਫੈਲ ਗਈ ਹੈ ਪਿਛਲੇ 15 ਦਿਨਾਂ ਦੀ ਗੱਲ ਕਰੀਏ ਤਾਂ ਪਾਣੀ ਬਿਲਕੁਲ ਵੀ ਪੀਣਯੋਗ ਨਹੀਂ ਆ ਰਿਹਾ ਅਤੇ ਬੱਚੇ-ਬਜ਼ੁਰਗ ਹਰ ਵਰਗ ਬੀਮਾਰੀਆਂ ਦਾ ਸਾਹਮਣਾ ਕਰ ਰਿਹਾ ਹੈ। ਨਿੱਤ ਹੀ ਇਲਾਕੇ ਵਿਚ ਕੋਈ ਨਾ ਕੋਈ ਵਿਅਕਤੀ ਗੰਭੀਰ ਬੀਮਾਰ ਹੋ ਜਾਂਦਾ ਹੈ ਜਿਸ ਦਾ ਕਾਰਨ ਗੰਦਾ ਪਾਣੀ ਹੈ।
ਇਸ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਇਕਬਾਲ ਸਿੰਘ ਸ਼ੇਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਗਰ ਨਿਗਮ ਵਿਚ ਐੱਸ. ਡੀ. ਓ. ਭੁਪਿੰਦਰ ਸਿੰਘ ਕੋਲੋਂ ਪੁੱਛਿਆ ਅਤੇ ਉਨ੍ਹਾਂ ਨੇ ਅੱਗੋਂ ਪੱਲਾ ਝਾੜਦਿਆਂ ਜਵਾਬ ਦਿੱਤਾ ਕਿ ਇਹ ਟਿਊਬਵੈੱਲ ਟਰੱਸਟ ਨੇ ਲਗਵਾਏ ਨੇ ਇਸ ਵਿਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ । ਜਦੋਂ ਸ਼ੇਰੀ ਵੱਲੋਂ ਟਰੱਸਟ ਦੇ ਐੱਸ. ਈ. ਸੇਖੜੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਅੱਗੋਂ ਪੱਲਾ ਝਾੜਦਿਆਂ ਜਵਾਬ ਦਿੱਤਾ ਕਿ ਅਸੀਂ ਇਹ ਟਿਊਬਵੈੱਲ ਲਗਾਏ ਜ਼ਰੂਰ ਹਨ ਪਰ ਲਗਾਉਣ ਤੋਂ ਬਾਅਦ ਇਸ ਦੀ ਸਾਰੀ ਜ਼ਿੰਮੇਵਾਰੀ ਨਗਰ ਨਿਗਮ ਨੂੰ ਹੈਂਡ ਓਵਰ ਕਰ ਦਿੱਤੀ ਗਈ ਸੀ ਅਤੇ ਜਦ ਮੁੜ ਨਗਰ ਨਿਗਮ ਵਿਚ ਐੱਸ. ਡੀ. ਓ. ਭੁਪਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਕੋਈ ਵੀ ਟਿਊਬਵੈੱਲ ਹੈਂਡ ਓਵਰ ਨਹੀਂ ਕੀਤਾ ਗਿਆ।
ਸ਼ੈਰੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਅਤੇ ਸੰਬੰਧਿਤ ਠੇਕੇਦਾਰ ਅਤੇ ਜਿਹੜਾ ਵੀ ਇਸ ਵਿਚ ਸ਼ਾਮਲ ਹੈ, ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਛੱਡਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਹ ਟਿਊਬਵੈੱਲ ਠੀਕ ਨਹੀਂ ਹੁੰਦੇ ਤਾਂ ਬਹੁਤ ਹੀ ਜਲਦ ਹਲਕਾ ਵਿਧਾਇਕ ਓਮ ਪ੍ਰਕਾਸ਼ ਸੋਨੀ ਦੀ ਅਗਵਾਈ ਹੇਠ ਉਹ ਲੋਕਾਂ ਨੂੰ ਨਵੇਂ ਟਿਊਬਵੈੱਲ ਲਵਾ ਕੇ ਦੇਣਗੇ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ।