ਸੰਗਰੂਰ ਦੇ ਲੋਕ ਇੱਕ ਵਾਰ ਫਿਰ ‘ਆਪ’ ਦੇ ਹੱਕ ’ਚ ਫਤਵਾ ਦੇਣਗੇ : ਭਗਵੰਤ ਮਾਨ

Friday, Jun 10, 2022 - 06:14 PM (IST)

ਚੰਡੀਗੜ੍ਹ/ਜਲੰਧਰ (ਰਮਨਜੀਤ, ਧਵਨ): ਸੰਗਰੂਰ ਲੋਕ ਸਭਾ ਸੀਟ ਦੀ ਉਪ ਚੋਣ ਸਬੰਧੀ ਵੀਰਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਤੋਂ ਇਲਾਵਾ ਕਈ ਵਿਧਾਇਕਾਂ ਤੇ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਨੇ ਸੰਗਰੂਰ ਦੇ ਜ਼ਿਲ੍ਹਾ ਇੰਚਾਰਜ ਸਰਪੰਚ ਗੁਰਮੇਲ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ। ਮੀਟਿੰਗ ਵਿਚ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਸੰਗਰੂਰ ਲੋਕ ਸਭਾ ਸੀਟ ਵਿੱਚ ਪੈਂਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਗੁਰਮੇਲ ਸਿੰਘ ਦੇ ਹੱਕ ਵਿੱਚ ਡਟ ਜਾਣ। ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਹੱਕ ’ਚ ਫਤਵਾ ਦਿੱਤਾ ਹੈ, ਉਸੇ ਤਰ੍ਹਾਂ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ’ਚ ਵੀ ਸੰਗਰੂਰ ਦੇ ਲੋਕ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਹੱਕ ’ਚ ਭਾਰੀ ਫਤਵਾ ਦੇਣਗੇ।

ਇਹ ਵੀ ਪੜ੍ਹੋ-  ਸੰਗਰੂਰ ਜ਼ਿਮਨੀ ਚੋਣ 'ਚ ਭਾਜਪਾ ਉਮੀਦਵਾਰ ਦੀ ਹਿਮਾਇਤ 'ਚ ਨਹੀਂ ਦਿਖੇ ਕੈਪਟਨ-ਢੀਂਡਸਾ, ਇਹ ਹੋ ਸਕਦੀ ਹੈ ਵਜ੍ਹਾ

ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਮਹੀਨਿਆਂ ਦੇ ਕਾਰਜਕਾਲ ਦੌਰਾਨ ਸਾਡੀ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਮੁਹਿੰਮ ਚਲਾਈ ਹੈ। ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗੇ। ਸਰਕਾਰ ਨੇ ਕਈ ਕ੍ਰਾਂਤੀਕਾਰੀ ਕਦਮ ਚੁੱਕੇ ਹਨ ਜਿਨ੍ਹਾਂ ’ਤੇ ਸੰਗਰੂਰ ਦੇ ਲੋਕ ਇੱਕ ਵਾਰ ਫਿਰ ਆਪਣੀ ਮੋਹਰ ਲਾਉਣਗੇ। ਸੰਗਰੂਰ ਦੇ ਲੋਕਾਂ ਨੇ ਹਮੇਸ਼ਾ ਉਨ੍ਹਾਂ ਨੂੰ ਆਪਣਾ ਪਿਆਰ ਦਿਖਾਇਆ ਹੈ ਅਤੇ ਇਸ ਜ਼ਿਮਨੀ ਚੋਣ ਵਿੱਚ ਵੀ ਲੋਕਾਂ ਦਾ ਪਿਆਰ ਝਲਕੇਗਾ।

ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਕੋਲ ਕੋਈ ਮੁੱਦਾ ਨਹੀਂ ਹੈ, ਇਸੇ ਲਈ ਉਹ ਸਿੱਧੂ ਮੂਸੇਵਾਲਾ ਦੇ ਨਾਂ ’ਤੇ ਸਿਆਸਤ ਕਰਨ ’ਚ ਲੱਗੇ ਹੋਏ ਹਨ। ਮੀਟਿੰਗ ਵਿੱਚ ‘ਆਪ’ ਉਮੀਦਵਾਰ ਗੁਰਮੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਾਮਜ਼ਦਗੀ ਭਰਨ ਤੋਂ ਬਾਅਦ ਲੋਕਾਂ ਵੱਲੋਂ ਭਰਵਾਂ ਪਿਆਰ ਮਿਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਨਾਂ ’ਤੇ ਸੰਗਰੂਰ ਦੇ ਲੋਕ ‘ਆਪ’ ਦੇ ਹੱਕ ਵਿੱਚ ਫਤਵਾ ਦੇਣਗੇ। ਮੀਟਿੰਗ ਵਿੱਚ ਸੰਗਰੂਰ ਲੋਕ ਸਭਾ ਸੀਟ ਦੀ ਉਪ ਚੋਣ ਲਈ ਰਣਨੀਤੀ ਵੀ ਤੈਅ ਕੀਤੀ ਗਈ ਅਤੇ ਵਿਧਾਇਕਾਂ ਨੂੰ ਚੋਣ ਪ੍ਰਚਾਰ ਲਈ ਇਲਾਕੇ ਵੀ ਅਲਾਟ ਕੀਤੇ ਗਏ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News