ਲੋਕਾਂ ਨੇ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ ਕੀਤਾ ਜਾਮ, ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
Saturday, Mar 04, 2023 - 06:32 PM (IST)
ਭਵਾਨੀਗੜ੍ਹ (ਕਾਂਸਲ)- ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਮੁਫ਼ਤ ’ਚ ਮਿਲਣ ਵਾਲੀ ਕਣਕ ਨਾ ਮਿਲਣ ਤੋਂ ਪਰੇਸ਼ਾਨ ਗਰੀਬ ਵਰਗ ਨਾਲ ਸੰਬੰਧਤ ਲਾਭਪਾਤਰੀਆਂ ਵੱਲੋਂ ਸਥਾਨਕ ਸ਼ਹਿਰ ’ਚੋਂ ਲੰਘਦੀ ਬਠਿੰਡਾ-ਜੀਰਕਪੁਰ ਨੈਸ਼ਨਲ ਹਾਈਵੇਅ 'ਤੇ ਅੱਜ ਫਿਰ ਅਨਾਜ਼ ਮੰਡੀ ਕੱਟ ਨੇੜੇ ਟ੍ਰੈਫਿਕ ਜਾਮ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਫੂਡ ਐਂਡ ਸਪਲਾਈ ਵਿਭਾਗ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ’ਤੇ ਜਾਣਕਾਰੀ ਦਿੰਦੇ ਸੁਰਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ, ਵਿੱਕੀ ਸਿੰਘ, ਰਘਬੀਰ ਸਿੰਘ, ਗੁਰਮੇਲ ਸਿੰਘ, ਰਣਧੀਰ ਸਿੰਘ, ਦਲਵੀਰ ਸਿੰਘ ਅਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਮਿਲਣ ਵਾਲੀ ਕਣਕ ਦੀਆਂ ਪਰਚੀਆਂ ਡੀਪੂ ਹੋਲਡਰਾਂ ਵੱਲੋਂ ਕਥਿਤ ਤੌਰ ’ਤੇ ਆਪਣੇ ਨੇੜਲਿਆਂ ਅਤੇ ਜ਼ਮੀਨ ਜਾਇਦਾਦ ਅਤੇ ਸਾਧਨਾਂ ਵਾਲੇ ਵਿਅਕਤੀਆਂ ਦੀਆਂ ਪਹਿਲ ਦੇ ਆਧਾਰ ’ਤੇ ਦਿੱਤੀਆਂ ਜਾ ਰਹੀਆਂ ਹਨ, ਜਦਕਿ ਲੋੜਵੰਦਾਂ ਨੂੰ ਕਣਕ ’ਤੇ ਕੱਟ ਲੱਗ ਗਿਆ ਕਹਿ ਕੇ ਕਈ-ਕਈ ਦਿਨ ਹੈਰਾਨ ਕਰਨ ਤੋਂ ਬਾਅਦ ਵੀ ਵਾਪਸ ਭੇਜਿਆ ਜਾਂਦਾ ਹੈ, ਜੇਕਰ ਕੋਈ ਲਾਭਪਾਤਰੀ ਇਸ ਸਬੰਧੀ ਇਤਰਾਜ਼ ਕਰਦਾ ਹੈ ਤਾਂ ਡਿਪੂ ਹੋਲਡਰਾਂ ਵੱਲੋਂ ਕਥਿਤ ਤੌਰ ’ਤੇ ਉਨ੍ਹਾਂ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਪਲਾਂ 'ਚ ਪਿਆ ਚੀਕ-ਚਿਹਾੜਾ, ਗੇਟ ਤੋੜ ਕੇ ਘਰ 'ਚ ਵੜੀ ਗੱਡੀ ਨੇ 6 ਸਾਲਾ ਬੱਚੇ ਨੂੰ ਲਿਆ ਲਪੇਟ 'ਚ
ਧਰਨੇ ’ਚ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਸਵੇਰੇ ਤੜਕੇ 4 ਵਜੇ ਆ ਕੇ ਲਾਈਨਾਂ ’ਚ ਲੱਗ ਜਾਂਦੇ ਹਨ ਅਤੇ ਜਦੋਂ ਉਨ੍ਹਾਂ ਦੀ ਵਾਰੀ ਆਉਂਦੀ ਹੈ ਤਾਂ ਡਿਪੂ ਹੋਲਡਰਾਂ ਵੱਲੋਂ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਬਹਾਨੇ ਕਿ ਮਸ਼ੀਨ ਤੁਹਾਡਾ ਅਗੂੰਠਾ ਨਹੀਂ ਚੁੱਕਦੀ, ਮਸ਼ੀਨ ਖ਼ਰਾਬ ਹੋ ਜਾਣ ਜਾਂ ਫਿਰ ਕਣਕ ਦਾ ਕੋਟਾ ਪੂਰਾ ਹੋ ਜਾਣ ਸਬੰਧੀ ਕਹਿ ਕੇ ਬਰੰਗ ਵਾਪਸ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚਲਾਉਂਦੇ ਹਨ ਅਤੇ ਕਣਕ ਦੀਆਂ ਪਰਚੀਆਂ ਲੈਣ ਲਈ ਉਹ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਦਿਹਾੜ੍ਹੀਆਂ ਛੱਡ ਕੇ ਇਥੇ ਤੁਰੇ ਫ਼ਿਰਦੇ ਹਨ, ਪਰ ਕਣਕ ਨਾ ਮਿਲਣ ’ਤੇ ਪ੍ਰੇਸ਼ਾਨ ਹੁੰਦਿਆਂ ਖ਼ਾਣਾ ਖ਼ਾਣ ਤੋਂ ਆਰੀ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਫੂਡ ਸਲਪਾਈ ਦਫ਼ਤਰ ਜਾਂਦੇ ਹਨ ਤਾਂ ਉਥੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ, ਉਥੇ ਦੇ ਅਧਿਕਾਰੀ ਵੀ ਕਣਕ ਦੇ ਕੋਟੇ 'ਤੇ 24 ਤੋਂ 30 ਫ਼ੀਸਦੀ ਦੀ ਕਟੌਤੀ ਹੋਣ ਸਬੰਧੀ ਕਹਿ ਕੇ ਆਪਣਾ ਪੱਲਾ ਝਾੜ ਕੇ ਉਨ੍ਹਾਂ ਨੂੰ ਬਰੰਗ ਮੋੜ ਦਿੰਦੇ ਹਨ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਵੀ ਉਨ੍ਹਾਂ ਵੱਲੋਂ ਹਾਈਵੇਅ ਜਾਮ ਕੀਤਾ ਗਿਆ ਸੀ ਅਤੇ ਉਦੋਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪਰਚੀਆਂ ਕੱਟੇ ਜਾਣ ਦਾ ਪੂਰਾ ਭਰੋਸਾ ਦੇ ਕੇ ਗੁੰਮਰਾਹ ਕਰਕੇ ਜਾਮ ਖੁੱਲ੍ਹਵਾ ਦਿੱਤਾ ਸੀ। ਪਰ ਉਨ੍ਹਾਂ ਦੀ ਖੱਜਲ-ਖੁਆਰੀ ਪਹਿਲਾਂ ਵਾਂਗ ਹੀ ਹੋਣ ਕਾਰਨ ਉਨ੍ਹਾਂ ਨੂੰ ਅੱਜ ਮੁੜ ਹਾਈਵੇਅ ਜਾਮ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਸ ਮੌਕੇ ’ਤੇ ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਗਰੀਬ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਕਣਕ ਦੇਣ ਅਤੇ ਕਾਰਡਾਂ ਵਿਚ ਜਲਦੀ ਸੋਧ ਕਰਨ ਕਰਕੇ ਜ਼ਮੀਨ ਜਾਇਦਾਦ ਅਤੇ ਸਾਧਨਾਂ ਵਾਲੇ ਵਿਅਕਤੀਆਂ ਦੇ ਕਾਰਡ ਕੱਟਣ ਦੀ ਮੰਗ ਕੀਤੀ। ਇਸ ਮੌਕੇ ਹਾਈਵੇਅ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ ਅਤੇ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਲੋਕ ਕਾਫ਼ੀ ਪਰੇਸ਼ਾਨ ਹੁੰਦੇ ਵੇਖੇ ਗਏ।
ਇਹ ਵੀ ਪੜ੍ਹੋ : ਵੱਡੀ ਖ਼ੁਸ਼ਖ਼ਬਰੀ: ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਮਰੀਕਾ-ਕੈਨੇਡਾ ਲਈ ਉਡਾਣ ਭਰਨਗੇ ਜਹਾਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।