ਆਵਾਰਾ ਕੁੱਤਿਆਂ ਵੱਲੋਂ ਮਹਿਲਾ ਨੂੰ ਦਰਦਨਾਕ ਮੌਤ ਦੇਣ ਮਗਰੋਂ ਦਹਿਸ਼ਤ ''ਚ ਲੋਕ

Thursday, Feb 08, 2024 - 02:37 PM (IST)

ਆਵਾਰਾ ਕੁੱਤਿਆਂ ਵੱਲੋਂ ਮਹਿਲਾ ਨੂੰ ਦਰਦਨਾਕ ਮੌਤ ਦੇਣ ਮਗਰੋਂ ਦਹਿਸ਼ਤ ''ਚ ਲੋਕ

ਸੁਲਤਾਨਪੁਰ ਲੋਧੀ (ਧੀਰ)- ਖੂੰਖਾਰ ਆਵਾਰਾ ਕੁੱਤਿਆਂ ਦੀ ਦਿਨੋਂ-ਦਿਨ ਵਧ ਰਹੀ ਗਿਣਤੀ ਗੰਭੀਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਹਰ ਰੋਜ਼ ਜ਼ਿਲ੍ਹੇ ’ਚ ਕਿਤੇ ਨਾ ਕਿਤੇ ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਕੱਟਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਸਬੰਧਤ ਵਿਭਾਗ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ। ਬੀਤੇ ਦਿਨ ਵਿਭਾਗ ਦੀ ਲਾਪਰਵਾਹੀ ਨਾਲ ਜ਼ਿਲ੍ਹੇ ਦੇ ਇਕ ਪਿੰਡ ਪੱਸਣ ਕਦੀਮ ਵਿਖੇ ਵਾਪਰੀ ਘਟਨਾ ਜਿੱਥੇ ਪਸ਼ੂਆਂ ਲਈ ਚਾਰਾ ਲੈਣ ਗਈ ਔਰਤ ਨੂੰ 15-20 ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ, ਨੂੰ ਲੈ ਕੇ ਲੋਕਾਂ ’ਚ ਕਾਫ਼ੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਗੁੱਸੇ ’ਚ ਆਏ ਲੋਕਾਂ ਨੇ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਖੂੰਖਾਰ ਆਵਾਰਾ ਕੁੱਤਿਆਂ ਦੀ ਸਮੱਸਿਆ ਪਤਾ ਨਹੀਂ ਕਦੋਂ ਛੁਟਕਾਰਾ ਮਿਲੇਗਾ। ਆਵਾਰਾ ਕੁੱਤਿਆਂ ਦਾ ਮੁੱਦਾ ਉਹ ਕਾਫ਼ੀ ਸਮੇਂ ਤੋਂ ਉੱਠਾਉਂਦੇ ਆ ਰਹੇ ਹਨ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇੰਨੀ ਵੱਡੀ ਘਟਨਾ ਵਾਪਰ ਗਈ ਹੈ। ਪਿੰਡ ਪੱਸਣ ਕਦੀਮ ਦੇ ਲੋਕਾਂ ਨੇ ਕਿਹਾ ਕਿ ਪਤਾ ਨਹੀਂ ਕਿਉਂ ਘਟਨਾ ਵਾਪਰਨ ਤੋਂ ਬਾਅਦ ਹੀ ਪ੍ਰਸ਼ਾਸਨ ਜਾਗਦਾ ਹੈ, ਪਹਿਲਾਂ ਕਿਉਂ ਨਹੀਂ। ਜੇਕਰ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਪਹਿਲਾਂ ਹੀ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਅੱਜ ਔਰਤ ਦੀ ਜਾਨ ਨਾ ਜਾਂਦੀ।

ਇਹ ਵੀ ਪੜ੍ਹੋ: ਜਲੰਧਰ ਪੁਲਸ ਦੀ ਵੱਡੀ ਸਫ਼ਲਤਾ, ਲਾਰੈਂਸ ਬਿਸ਼ਨੋਈ ਗੈਂਗ ਦੇ 8 ਗੈਂਗਸਟਰ ਹਥਿਆਰ ਤੇ ਕਾਰਤੂਸ ਸਣੇ ਗ੍ਰਿਫ਼ਤਾਰ

PunjabKesari

ਉਨ੍ਹਾਂ ਕਿਹਾ ਕਿ ਸ਼ਹਿਰ ਦੀ ਗੱਲ ਕਰੀਏ ਤਾਂ ਇਥੋਂ ਦੇ ਵੱਖ-ਵੱਖ ਬਾਜ਼ਾਰਾਂ ਵਿਚ ਆਵਾਰਾ ਕੁੱਤਿਆਂ ਦੀ ਭਰਮਾਰ ਵੇਖਣ ਨੂੰ ਮਿਲਦੀ ਹੈ। ਖ਼ਾਸ ਕਰਕੇ ਮਾਸ ਮੱਛੀ ਦੀਆਂ ਦੁਕਾਨਾਂ ਕੋਲ ਇਨ੍ਹਾਂ ਕੁੱਤਿਆਂ ਦੀ ਗਿਣਤੀ ਵਧੇਰੇ ਦਿਖਾਈ ਦਿੰਦੀ ਹੈ। ਮਾਸ ਮੱਛੀ ਵਾਲੀਆਂ ਦੁਕਾਨਾਂ ਅੱਗੇ ਸੁੱਟੀ ਰਹਿੰਦ-ਖੂੰਹਦ ਨੂੰ ਖਾਣ ਲਈ ਇਹ ਕੁੱਤੇ ਇੰਨੇ ਹਿੰਸਕ ਹੋ ਜਾਂਦੇ ਹਨ ਕਿ ਆਪਸ ’ਚ ਲੜਦੇ-ਲੜਦੇ ਸੜਕ ਤਕ ਪਹੁੰਚ ਜਾਂਦੇ ਹਨ, ਜੋ ਦੋ ਪਹੀਆ ਵਾਹਨ ਚਾਲਕਾਂ ਲਈ ਕਿਸੇ ਵੇਲੇ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ। ਸੜਕਾਂ ’ਤੇ ਘੁੰਮਦੀਆਂ ਅਵਾਰਾ ਕੁੱਤਿਆਂ ਦੀਆਂ ਡਾਰਾਂ ਜਿੱਥੇ ਮੋਟਰਸਾਈਕਲ ਸਵਾਰਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ, ਉੱਥੇ ਹੀ ਕਾਰਾਂ ਆਦਿ ਦੇ ਪਿੱਛੇ ਭੱਜਦੇ ਇਹ ਕੁੱਤੇ ਆਮ ਲੋਕਾਂ ਲਈ ਹਾਦਸੇ ਦਾ ਕਾਰਨ ਬਣ ਜਾਂਦੇ ਹਨ। ਇੰਨਾ ਹੀ ਨਹੀਂ ਰਾਤ ਸਮੇਂ ਸੜਕਾਂ ’ਤੇ ਘੁੰਮਦੇ ਇਨ੍ਹਾਂ ਆਵਾਰਾ ਕੁੱਤਿਆਂ ਕਾਰਨ ਕਈ ਵਾਰ ਹਾਦਸੇ ਹੋ ਵੀ ਚੁੱਕੇ ਹਨ ਪਰ ਆਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ’ਤੇ ਕਾਬੂ ਪਾਉਣ ਲਈ ਕੋਈ ਠੋਸ ਯਤਨ ਨਹੀਂ ਕੀਤਾ ਜਾ ਰਿਹਾ।

ਔਰਤ ਦੀ ਮੌਤ ਦਾ ਜ਼ਿੰਮੇਵਾਰ ਕੌਣ?
ਸੁਲਤਾਨਪੁਰ ਲੋਧੀ ਦੇ ਪਿੰਡ ਪੱਸਣ ਕਦੀਮ ਵਿਖੇ ਵਾਪਰੀ ਘਟਨਾ ਤੋਂ ਲੋਕਾਂ ਵੱਲੋਂ ਪ੍ਰਸ਼ਾਸਨ ’ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 15-20 ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋਈ ਔਰਤ ਦੀ ਮੌਤ ਦਾ ਹੁਣ ਜ਼ਿੰਮੇਵਾਰ ਕੌਣ ਹੈ? ਜੇਕਰ ਪ੍ਰਸ਼ਾਸਨ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ ਗੰਭੀਰ ਹੁੰਦਾ ਤਾਂ ਇਹ ਦਿਨ ਵੇਖਣ ਨੂੰ ਨਾ ਮਿਲਦਾ। ਅਖ਼ਬਾਰਾਂ ’ਚ ਖ਼ਬਰਾਂ ਛਪਣ ਤੋਂ ਬਾਅਦ ਪ੍ਰਸ਼ਾਸਨ ਕੁੱਝ ਸਮੇਂ ਲਈ ਹੀ ਜਾਗਦਾ ਹੈ। ਇਕ-ਦੋ ਥਾਵਾਂ ’ਤੇ ਕਾਰਵਾਈ ਕਰਨ ਤੋਂ ਬਾਅਦ ਫਿਰ ਸ਼ਾਂਤ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਵੇਖਦੇ ਹਾਂ ਕਿ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਜਾਰੀ ਕੀਤੇ ਹੁਕਮ ਕਿੰਨੇ ਸਮੇਂ ਤਕ ਜਾਰੀ ਰਹਿੰਦੇ ਹਨ।

ਇਹ ਵੀ ਪੜ੍ਹੋ:  ਪੰਜਾਬ ਦੇ ਇਸ ਜ਼ਿਲ੍ਹੇ 'ਚ ਪੈ ਰਹੀ ਹੱਡ ਚੀਰਵੀਂ ਠੰਡ ਨੇ ਠਾਰੇ ਲੋਕ, ਜਾਣੋ ਅਗਲੇ ਦਿਨਾਂ ਦਾ ਹਾਲ

ਬੱਚੇ ਅਤੇ ਬਜ਼ੁਰਗ ਆਵਾਰਾ ਕੁੱਤਿਆਂ ਤੋਂ ਰਹਿਣ ਸਾਵਧਾਨ
ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਵਧਾਨੀ ਵਰਤਦੇ ਹੋਏ ਆਵਾਰਾ ਕੁੱਤਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇਕਰ ਵੇਖਿਆ ਜਾਵੇ ਤਾਂ ਜ਼ਿਆਦਾਤਰ ਮਾਮਲਿਆਂ ’ਚ ਆਵਾਰਾ ਕੁੱਤਿਆਂ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ। ਖ਼ਾਸ ਕਰਕੇ ਜ਼ਿਲ੍ਹਾ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਸਕੂਲ ਜਾਣ ਵਾਲੇ ਛੋਟੇ ਬੱਚਿਆਂ ਦਾ ਖ਼ਾਸ ਧਿਆਨ ਰੱਖਣ ਅਤੇ ਉਨ੍ਹਾਂ ਨੂੰ ਇਕੱਲਿਆਂ ਨਾ ਛੱਡਿਆ ਜਾਵੇ।

ਆਵਾਰਾ ਕੁੱਤੇ ਦੇ ਕੱਟਣ ’ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ’ਚ ਕਰਵਾਓ ਇਲਾਜ
ਜੇਕਰ ਤੁਹਾਡੇ ਆਲੇ-ਦੁਆਲੇ ਕੋਈ ਵੀ ਵਿਅਕਤੀ ਆਵਾਰਾ ਕੁੱਤੇ ਦਾ ਸ਼ਿਕਾਰ ਹੁੰਦਾ ਹੈ ਤਾਂ ਤੁਰੰਤ ਨਜ਼ਦੀਕੀ ਦੇ ਸਿਹਤ ਕੇਂਦਰ ’ਚ ਜਾ ਕੇ ਆਪਣਾ ਇਲਾਜ਼ ਸ਼ੁਰੂ ਕਰਵਾਇਆ ਜਾਵੇ। ਆਵਾਰਾ ਕੁੱਤੇ ਦੇ ਕੱਟਣ ਉਪਰੰਤ ਅਣਗਹਿਲੀ ਨਾ ਵਰਤੋਂ, ਕਿਉਂਕਿ ਸਾਡੀ ਨਿੱਕੀ ਜਿਹੀ ਗਲਤੀ ਨਾਲ ਸਾਡੀ ਜਾਨ ਵੀ ਜਾ ਸਕਦੀ ਹੈ। ਸਰਕਾਰੀ ਹਸਪਤਾਲਾਂ ਦੇ ਵਿਚ ਕੁੱਤਿਆਂ ਦੇ ਕੱਟਣ ਦੇ ਇੰਜੈਕਸ਼ਨ ਉਪਲੱਬਧ ਹਨ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਰੂਹ ਕੰਬਾਊ ਘਟਨਾ, ਕੁੱਤਿਆਂ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰੀ ਮਹਿਲਾ, ਖੋਲ੍ਹੀ ਖੋਪੜੀ ਤੇ ਕੱਢੀਆਂ ਅੱਖਾਂ

ਪੱਸਣ ਕਦੀਮ ’ਚ ਵਾਪਰੀ ਘਟਨਾ ਤੋਂ ਬਾਅਦ ਲੋਕਾਂ ’ਚ ਦਹਿਸ਼ਤ ਦਾ ਮਾਹੌਲ
ਪੱਸਣ ਕਦੀਮ ’ਚ ਆਵਾਰਾ ਕੁੱਤਿਆਂ ਵੱਲੋਂ ਖਾਣ ਤੋਂ ਬਾਅਦ ਔਰਤ ਦੀ ਖੋਪੜੀ ਦਿਸਣ ਲੱਗ ਗਈ। ਇਹ ਖ਼ਬਰ ਅਤੇ ਫੋਟੋ ਕੁਝ ਹੀ ਮੰਟਾਂ ’ਚ ਹੀ ਪੂਰੇ ਜ਼ਿਲ੍ਹੇ ’ਚ ਅੱਗ ਵਾਂਗ ਫੈਲ ਗਈ, ਜਿਸ ਤੋਂ ਬਾਅਦ ਲੋਕਾਂ ’ਚ ਸਾਰਾ ਦਿਨ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਲੋਕਾਂ ਘਰੋਂ ਇਕੱਲੇ ਬਾਹਰ ਨਿਕਲਣ ਤੋਂ ਕਤਰਾਉਣ ਲੱਗ ਪਏ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਤੋਂ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਛੁਟਕਾਰਾ ਦਿਵਾਇਆ ਜਾਵੇ। ਹੁਣ ਤਾਂ ਉਨ੍ਹਾਂ ਨੂੰ ਆਪਣਾ ਤੇ ਆਪਣੇ ਪਰਿਵਾਰ ਦਾ ਡਰ ਸਤਾਉਣ ਲੱਗ ਪਿਆ ਹੈ।

ਇਹ ਵੀ ਪੜ੍ਹੋ: ਗੜ੍ਹਸ਼ੰਕਰ 'ਚ ਸੈਕਸ ਰੈਕੇਟ ਦਾ ਪਰਦਾਫ਼ਾਸ਼, 6 ਔਰਤਾਂ ਸਣੇ 11 ਵਿਅਕਤੀ ਇਤਰਾਜ਼ਯੋਗ ਹਾਲਾਤ 'ਚ ਗ੍ਰਿਫ਼ਤਾਰ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News