ਪੰਜਾਬ ਸਰਕਾਰ ਵੱਲੋਂ ਬਿਜਲੀ ਬਿੱਲਾਂ ਵਿਚ ਵਾਧਾ ਕਰਨ ’ਤੇ ਲੋਕ ਪ੍ਰੇਸ਼ਾਨ

06/26/2018 6:46:56 AM

ਤਰਨਤਾਰਨ,   (ਆਹਲੂਵਾਲੀਆ)-  ਸੀ. ਪੀ. ਆਈ. ਤਰਨਤਾਰਨ ਵੱਲੋਂ ਬਿਜਲੀ ਬਿੱਲਾਂ ਦੇ ਵਾਧੇ ਦੇ ਵਿਰੋਧ ਵਿਚ ਮੀਟਿੰਗ ਸਕੱਤਰ ਪ੍ਰਿਥੀਪਾਲ ਸਿੰਘ ਮਾਡ਼ੀਮੇਘਾ, ਮੀਤ ਸਕੱਤਰ ਦਵਿੰਦਰ ਸੋਹਲ ਤੇ ਦਫਤਰ ਸਕੱਤਰ ਡਾ. ਬਲਵਿੰਦਰ ਸਿੰਘ ਝਬਾਲ ਦੀ ਅਗਵਾਈ ਹੇਠ ਹੋਈ। ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਦੇ ਬਿਜਲੀ ਦੇ ਬਿੱਲਾਂ ਵਿਚ ਵਾਧਾ ਕਰਕੇ ਲੋਕਾਂ ’ਤੇ ਹੋਰ ਮਹਿੰਗਾਈ ਦਾ ਭਾਰ ਪਾ ਦਿੱਤਾ ਹੈ। ਬਿਜਲੀ ਦੇ ਬਿੱਲ ਤਾਂ ਪਹਿਲਾਂ  ਹੀ ਬਹੁਤ ਜ਼ਿਆਦਾ ਹਨ ਅਤੇ ਆਮ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਆਖਿਆ ਕਿ ਸਰਕਾਰ ਬਿਜਲੀ ਮਹਿਕਮੇ ਨੂੰ ਪੂਰਨ ਤੌਰ ’ਤੇ ਪ੍ਰਾਈਵੇਟ ਕੰਪਨੀਆਂ/ਕਾਰਪੋਰੇਟ ਘਰਾਣਿਆਂ ਨੂੰ ਦੇ ਕੇ ਲੋਕਾਂ ਦੀ ਲੁੱਟ ਕਰਕੇ ਆਪਣੇ ਮੁਨਾਫੇ ਵਧਾਉਣ ਦੇ ਫੈਸਲੇ ਕਰ ਰਹੀ ਹੈ ਤਾਂ ਕਿ ਵੱਡੇ ਘਰਾਣਿਆਂ ਨੂੰ ਅਤੇ ਸਰਕਾਰ ਨੂੰ ਹੋਰ ਲਾਭ ਮਿਲੇ ਪਰ ਆਮ ਲੋਕਾਂ ਬਾਰੇ ਕੁੱਝ ਨਹੀਂ ਸੋਚਿਆ ਜਾ ਰਿਹਾ। ਪੰਜਾਬ ਸਰਕਾਰ ਨੂੰ ਇਹ ਫਿਕਰ ਨਹੀਂ ਹੈ ਕਿ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਸਸਤੇ ਰੇਟਾਂ ’ਤੇ ਕਿਸ ਤਰ੍ਹਾਂ ਦੇਣੀ ਹੈ। ਮਾਡ਼ੀਮੇਘਾ ਨੇ ਕਿਹਾ ਕਿ ਮਹਿਕਮੇ ਵਿਚ ਮੁਲਾਜ਼ਮਾਂ ਦੀ ਘਾਟ ਕਾਰਨ ਲਾਈਨਾਂ ਵਿਚ ਪਏ ਨੁਕਸ ਕਈ-ਕਈ ਘੰਟੇ ਕੱਢੇ ਨਹੀਂ ਜਾਂਦੇ ਅਤੇ ਪਿੰਡਾਂ ਵਿਚ ਲੋਕ ਬਿਜਲੀ ਨੂੰ ਤਰਸਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮਹਿਕਮਾ ਘਾਟੇ ਵਿਚ ਨਹੀਂ ਜਾ ਰਿਹਾ ਲੋਡ਼ ਹੈ  ਲੋਕਾਂ ਦਾ ਬੋਝ ਘਟਾਉਣ ਲਈ ਬਿਜਲੀ ਦੇ ਬਿੱਲ ਘੱਟ ਤੋਂ ਘੱਟ ਕੀਤੇ ਜਾਣ। ਜਿਸ ਤਰ੍ਹਾਂ ਦਿੱਲੀ ਸਰਕਾਰ ਨੇ ਕੀਤੇ ਹਨ।


Related News