ਫਿਰੋਜ਼ਪੁਰ ਬਾਰਡਰ ''ਤੇ ਰਹਿੰਦੇ 14 ਸਰਹੱਦੀ ਪਿੰਡਾਂ ਦੇ ਲੋਕ ਸਿਹਤ ਸਹੂਲਤਾਂ ਤੋਂ ਵਾਂਝੇ
Sunday, Aug 04, 2019 - 06:41 PM (IST)

ਫਿਰੋਜ਼ਪੁਰ (ਕੁਮਾਰ)-ਹਿੰਦ-ਪਾਕਿ ਸਰਹੱਦ 'ਤੇ ਸਤਲੁਜ ਦਰਿਆ ਦੇ ਕੰਡੇ 'ਤੇ ਵਿਸ਼ਵ ਪ੍ਰਸਿੱਧ ਸ਼ਹੀਦੀ ਸਮਾਰਕ ਹੁਸੈਨੀਵਾਲਾ ਦੇ ਨਾਲ ਲੱਗਦੇ 14 ਪਿੰਡਾਂ ਵਿਚ ਆਜ਼ਾਦੀ ਦੇ 72 ਸਾਲ ਬਾਅਦ ਵੀ ਸਿਹਤ ਸਹੂਲਤਾਂ ਵਰਗੀਆਂ ਮੁੱਢਲੀ ਸਹੂਲਤ ਵੀ ਨਸੀਬ ਨਹੀ ਹੋਈਆਂ। ਇਨ੍ਹਾ ਪਿੰਡਾਂ ਵਿਚ ਕੋਈ ਵੀ ਅਜਿਹਾ ਹਸਪਤਾਲ ਜਾਂ ਪੇਂਡੂ ਡਿਸਪੈਂਸਰੀ ਨਹੀ ਹੈ, ਜਿਸ 'ਚ ਐਮਰਜੈਂਸੀ ਹਾਲਤਾਂ ਵਿਚ ਮਰੀਜ਼ ਨੂੰ ਇਲਾਜ ਤਾਂ ਦੂਰ ਮੁੱਢਲੀ ਸਹੂਲਤ ਵੀ ਮਿਲ ਸਕਦੀ ਹੋਵੇ। ਇਨ੍ਹਾਂ ਪਿੰਡਾਂ ਵਿਚ ਰਹਿੰਦੇ ਹਜ਼ਾਰਾਂ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਨੂੰ ਇਲਾਜ ਲਈ 17 ਕਿਲੋਮੀਟਰ ਦੂਰ ਫਿਰੋਜ਼ਪੁਰ ਸ਼ਹਿਰ ਸਥਿਤ ਸਿਵਲ ਹਸਪਤਾਲ ਤੋਂ ਇਲਾਵਾ ਹੋਰ ਕੋਈ ਇਲਾਜ ਦਾ ਕੇਂਦਰ ਨਜ਼ਰ ਨਹੀ ਆਉਂਦਾ।
ਇਨ੍ਹਾਂ ਬੇਹੱਦ ਪਿੱਛੜੇ ਇਲਾਕੇ ਦਾ ਵਿਸ਼ੇਸ਼ ਸਰਵੇ ਕਰਨ ਉਪਰੰਤ ਹੈਰਾਨੀ ਜਨਕ ਤੱਥ ਸਾਹਮਣੇ ਆਏ। ਪਿੰਡ ਗੱਟੀ ਹਜਾਰਾ, ਭੱਖੜਾ, ਗੱਟੀ ਰਾਜੋ ਕੇ, ਰਹੀਮੇ ਕੇ, ਝੁੱਗੇ ਜੱਲੋ ਕੇ, ਟੇਂਡੀ ਵਾਲਾ, ਚਾਂਦੀ ਵਾਲਾ, ਖੁੰਦਰ ਗੱਟੀ, ਕਮਾਲੇ ਵਾਲਾ, ਕਾਮਲ ਵਾਲਾ ਦੇ ਲੋਕ ਸਤਲੁਜ ਦਰਿਆ ਦੇ ਬੇਹੱਦ ਪ੍ਰਦੂਸ਼ਿਤ ਪਾਣੀ ਦੀ ਬਦੌਲਤ ਬੇਹੱਦ ਗੰਭੀਰ ਬੀਮਾਰੀਆਂ ਤੋਂ ਪੀੜਤ ਰੋਗਾਂ ਦੇ ਨਾਲ-ਨਾਲ ਚਮੜੀ ਦੇ ਰੋਗ, ਹੱਡੀਆਂ ਦੇ ਰੋਗ, ਸਾਹ ਦੀਆਂ ਗੰਭੀਰ ਬੀਮਾਰੀਆਂ ਤੋਂ ਪੀੜਤ ਮਰੀਜ਼ ਦੇਖੇ ਜਾ ਸਕਦੇ ਹਨ। ਇਨ੍ਹਾਂ ਦੇ ਇਲਾਜ ਲਈ 14 ਪਿੰਡਾਂ ਵਿਚ ਸਿਰਫ ਇਕ ਹੀ ਡਿਸਪੈਂਸਰੀ ਪਿੰਡ ਗੱਟੀ ਰਾਜੋ ਕੇ ਵਿਚ ਮੌਜੂਦ ਹੈ, ਜੋ ਖੁਦ ਬੀਮਾਰ ਨਜ਼ਰ ਆਉਂਦੀ ਹੈ। ਇਸ ਵਿਚ ਆਰਜੀ ਤੌਰ 'ਤੇ ਤਾਇਨਾਤ ਡਾਕਟਰ ਹਫਤੇ ਵਿਚ ਸਿਰਫ 1-2 ਵਾਰ ਹੀ ਆਉਂਦੇ ਹਨ ਅਤੇ ਡਿਸਪੈਂਸਰੀ ਸਿਰਫ ਦਰਜਾ ਚਾਰ ਕਰਮਚਾਰੀ ਅਤੇ ਆਰਜੀ ਫਾਰਮਾਸਿਸਟ ਦੇ ਸਹਾਰੇ ਬਿਨਾਂ ਦਵਾਈਆਂ ਦੇ ਚੱਲ ਰਹੀ ਹੈ ।
ਪਿੰਡ ਟੇਂਡੀ ਵਾਲਾ ਵਿਚ ਇਕ ਸਿਹਤ ਸਹੂਲਤ ਸੈਂਟਰ ਬਣਾਉਣ ਦਾ 12 ਸਾਲ ਪਹਿਲਾਂ ਐਲਾਨ ਕੀਤਾ ਗਿਆ ਸੀ ਅਤੇ 4 ਕਮਰਿਆਂ ਦੀ ਇਮਾਰਤ ਦੀ ਉਸਾਰੀ ਕੀਤੀ ਗਈ ਸੀ। ਪਰ ਇਸ ਵਿਚ ਇਕ ਦਿਨ ਵੀ ਮੈਡੀਕਲ ਸਟਾਫ ਜਾਂ ਕੋਈ ਹੋਰ ਸਹੂਲਤ ਨਹੀ ਪਹੁੰਚੀ। ਡਾਕਟਰਾਂ ਅਤੇ ਸਹੂਲਤਾਂ ਨੂੰ ਉਡਕਦੀ ਇਹ ਇਮਾਰਤ ਖੰਡਰ ਵਿਚ ਤਬਦੀਲ ਹੋ ਚੁੱਕੀ ਹੈ ।ਪ੍ਰੋਫੈਸਰ ਜੇ. ਆਰ. ਪਰਾਸ਼ਰ ਅਤੇ ਸੇਵਾਮੁਕਤ ਪੀ. ਪੀ. ਆਰ. ਓ. ਅਸ਼ੋਕ ਹਾਂਡਾ ਦੇ ਅਨੁਸਾਰ ਦੇ ਅਨੁਸਾਰ ਇਸ ਇਲਾਕੇ ਦੇ ਲੋਕ ਗੰਭੀਰ ਸਿਹਤ ਸੰਕਟ 'ਚੋਂ ਗੁਜਰ ਰਹੇ ਹਨ। ਗਰਭਵਤੀ ਔਰਤਾਂ ਨੂੰ ਜਨੇਪੇ ਸਮੇਂ ਅਨੇਕਾਂ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਤਾਂ ਆਵਾਜਾਈ ਦਾ ਸਹੀ ਸਾਧਨ ਅਤੇ ਨਜ਼ਦੀਕ ਇਲਾਜ ਦਾ ਪ੍ਰਬੰਧ ਨਾ ਹੋਣ ਕਾਰਣ ਮਾੜਾ ਹਾਦਸਾ ਵਾਪਰ ਜਾਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ 14 ਸਰਹੱਦੀ ਪਿੰਡਾਂ ਲਈ ਸਿਹਤ ਸਹੂਲਤਾਂ ਦੇ ਪੁਖਤਾ ਇੰਤਜਾਮ ਕੀਤੇ ਜਾਣ । ਇਨ੍ਹਾਂ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ ਇਨ੍ਹਾਂ 14 ਪਿੰਡਾਂ ਦੇ ਲੋਕਾਂ ਨੂੰ ਪੱਕੇ ਤੌਰ 'ਤੇ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਈਆਂ ਜਾਣ ਅਤੇ ਇਸ ਏਰੀਆ ਵਿਚ ਸਥਾਈ ਤੌਰ 'ਤੇ ਐਂਬੂਲੈਂਸ ਮੁਹੱਈਆ ਕਰਵਾਈ ਜਾਵੇ। ਜੇਕਰ ਉਨ੍ਹਾਂ ਦੀ ਇਸ ਮੰਗ ਨੂੰ ਗੰਭੀਰਤਾ ਨਾਲ ਨਹੀ ਲਿਆ ਤਾਂ ਉਹ ਸਰਕਾਰਾਂ ਦਾ ਵਿਰੋਧ ਕਰਨ ਲਈ ਮਜਬੂਰ ਹੋਣਗੇ।