ਜਬਰ-ਜ਼ਨਾਹ ਦੀ ਸ਼ਿਕਾਇਤ ’ਤੇ ਕਾਰਵਾਈ ਨਾ ਕਰਨ ਤੋਂ ਭਡ਼ਕੇ ਲੋਕ
Monday, Aug 13, 2018 - 12:32 AM (IST)

ਪਟਿਆਲਾ, (ਬਲਜਿੰਦਰ)- ਪਿਛਲੇ ਕਈ ਦਿਨਾਂ ਤੋਂ ਜਬਰ-ਜ਼ਨਾਹ ਦੀ ਸ਼ਿਕਾਇਤ ’ਤੇ ਜਦੋਂ ਪੁਲਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਅੱਜ ਪੀੜਤ ਦਲਿਤ ਮਹਿਲਾ ਦੇ ਪਰਿਵਾਰ ਵਾਲਿਅਾਂ ਨੇ ਦਲਿਤ ਆਗੂ ਦਰਸ਼ਨ ਸਿੰਘ ਮੈਣ ਦੀ ਅਗਵਾਈ ਹੇਠ ਥਾਣਾ ਬਖਸ਼ੀਵਾਲਾ ਦਾ ਘਿਰਾਓ ਕਰ ਦਿੱਤਾ। ਪੀੜਤਾ ਨੇ ਕਿਹਾ ਕਿ ਜੇਕਰ ਉਸ ਦੀ ਸੁਣਵਾਈ ਨਾ ਕੀਤੀ ਗਈ ਤਾਂ ਉਹ ਭਾਖਡ਼ਾ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਵੇਗੀ। ਇਸ ਤੋਂ ਬਾਅਦ ਪੁਲਸ ਹਰਕਤ ਵਿਚ ਆਈ ਅਤੇ ਸ਼ਾਮ ਹੁੰਦੇ ਤੱਕ ਪੀੜਤਾ ਦੀ ਸ਼ਿਕਾਇਤ ’ਤੇ ਪਿੰਡ ਆਸੇਮਾਜਰਾ ਵਾਸੀ ਮਨਜੀਤ ਸਿੰਘ ਨਾਂ ਦੇ ਵਿਅਕਤੀ ਖਿਲਾਫ 376 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਮਹਿਲਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।
ਦਲਿਤ ਆਗੂ ਦਰਸ਼ਨ ਸਿੰਘ ਮੈਣ ਨੇ ਦੱਸਿਆ ਕਿ ਪੀੜਤ ਦਲਿਤ ਮਹਿਲਾ ਮਨਜੀਤ ਸਿੰਘ ਦੇ ਘਰ ਕੰਮ ਕਰਦੀ ਸੀ। ਪਹਿਲਾਂ ਮਨਜੀਤ ਸਿੰਘ ਦੇ ਲਡ਼ਕੇ ਨੇ ਉਸ ਨਾਲ ਛੇਡ਼ਛਾਡ਼ ਕੀਤੀ। ਉਦੋਂ ਮਾਮਲਾ ਪੰਚਾਇਤ ਵਿਚ ਨਿੱਬੜ ਗਿਆ ਸੀ। ਇਸ ਬਾਅਦ ਮਨਜੀਤ ਸਿੰਘ ਨੇ ਦਲਿਤ ਮਹਿਲਾ ਨੂੰ ਜਬਰ-ਜ਼ਨਾਹ ਦਾ ਸ਼ਿਕਾਰ ਬਣਾਇਅਾ।
ਕਈ ਵਾਰ ਅਜਿਹਾ ਹੋਣ ਦੀ ਸੂਰਤ ਵਿਚ ਜਦੋਂ ਦਲਿਤ ਮਹਿਲਾ ਨੇ ਮਨ੍ਹਾ ਕਰਨਾ ਸ਼ੁਰੂ ਕੀਤਾ ਤਾਂ ਉਸ ’ਤੇ ਚੋਰੀ ਦਾ ਇਲਜ਼ਾਮ ਲਾ ਦਿੱਤਾ, ਜਿਸ ਦਾ ਥਾਣੇ ਵਿਚ ਸਮਝੌਤਾ ਹੋਇਆ ਅਤੇ ਦਲਿਤ ਮਹਿਲਾ ਨੂੰ ਜੁਰਮਾਨਾ ਕਰ ਦਿੱਤਾ ਗਿਆ।
ਜਦੋਂ ਇਸ ਸਬੰਧੀ ਵਿਚ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਇਹ ਪੂਰੀ ਘਟਨਾ ਐੈੱਸ. ਐੈੱਸ. ਪੀ. ਪਟਿਆਲਾ ਦੇ ਧਿਆਨ ਵਿਚ ਲਿਆਂਦੀ। ਉਨ੍ਹਾਂ ਸ਼ਿਕਾਇਤ ਨੂੰ ਜਾਂਚ ਲਈ ਥਾਣਾ ਬਖਸ਼ੀਵਾਲਾ ਨੂੰ ਮਾਰਕ ਕਰ ਦਿੱਤਾ। ਪਿਛਲੇ 4 ਦਿਨਾਂ ਤੋਂ ਇਸ ’ਤੇ ਕੋਈ ਕਾਰਵਾਈ ਨਹੀਂ ਹੋ ਰਹੀ ਸੀ। ਅੱਜ ਥਾਣੇ ਦਾ ਘਿਰਾਓ ਕਰਨ ਤੋਂ ਬਾਅਦ ਜਾ ਕੇ ਕਾਰਵਾਈ ਹੋਈ।