ਫਤਹਿਗੜ੍ਹ ਸਾਹਿਬ ’ਚ ਲੱਗੀ ਲੋਕ ਅਦਾਲਤ, 1468 ਕੇਸਾਂ ਦਾ ਕੀਤਾ ਗਿਆ ਨਿਬੇੜਾ : ਨਿਰਭਓ ਸਿੰਘ ਗਿੱਲ

Saturday, Mar 12, 2022 - 05:27 PM (IST)

ਫਤਹਿਗੜ੍ਹ ਸਾਹਿਬ : ਨਿਰਭਓ ਸਿੰਘ ਗਿੱਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੈਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਤਹਿਗੜ੍ਹ ਸਾਹਿਬ ਵਿਖੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਤਹਿਤ ਅੱਜ ਫਤਹਿਗੜ੍ਹ ਸਾਹਿਬ ਅਤੇ ਸਬ-ਡਵੀਜ਼ਨ ਪੱਧਰ ਦੀਆਂ ਅਦਾਲਤਾਂ ਵਿਚ ਵੱਡੇ ਪੱਧਰ ’ਤੇ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਵਿਚ ਕੁੱਲ 10 ਲੋਕ ਅਦਾਲਤ ਦੇ ਬੈਂਚ ਲੱਗੇ ਸਨ। ਜਿਸ ਵਿਚ ਹਰ ਪ੍ਰਕਾਰ ਨਾਲ ਸਬੰਧਤ ਕੇਸ ਜਿਵੇਂ ਕਿ ਰਾਜ਼ੀਨਾਮੇ ਯੋਗ ਫੌਜ਼ਦਾਰੀ ਕੇਸ, ਚੈੱਕ ਬਾਊਂਸ ਦੇ ਕੇਸ, ਮੋਟਰ ਐਕਸੀਡੈਂਟ ਕੇਸ, ਵਿਵਾਹਿਕ ਅਤੇ ਪਰਿਵਾਰਕ ਝਗੜਿਆਂ ਦੇ ਕੇਸ, ਕਿਰਤ ਮਾਮਲਿਆਂ ਦੇ ਕੇਸ, ਦੀਵਾਨੀ ਕੇਸ ਜਿਵੇਂ ਕਿ ਕਿਰਾਏ ਸਬੰਧੀ, ਬੈਂਕ ਰਿਕਵਰੀ, ਰੈਵੇਨਿਊ ਕੇਸ, ਬਿਜਲੀ ਅਤੇ ਪਾਣੀ ਦੇ ਚਲਦੇ ਅਤੇ ਪ੍ਰੀ ਲੰਬਿਤ ਕੇਸ ਫੈਸਲੇ ਲਈ ਰੱਖੇ ਗਏ ਸਨ, ਇਸ ਵਾਰ ਚੈੱਕ ਬਾਊਂਸ ਦੇ ਕੇਸ ਵੱਡੀ ਗਿਣਤੀ ਵਿਚ ਰੱਖੇ ਗਏ ਸਨ।

ਨਿਰਭਓ ਸਿੰਘ ਗਿੱਲ ਚੈਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਹਿਗੜ੍ਹ ਸਾਹਿਬ ਜੀਆਂ ਨੇ ਦੱਸਿਆ ਕਿ ਅੱਜ ਦੀ ਲੋਕ ਅਦਾਲਤ ਵਿਚ ਸਾਰੇ ਪ੍ਰਕਾਰ ਦੇ ਕੇਸਾਂ ਨੂੰ ਮਿਲਾ ਕੇ ਕੁੱਲ 2224 ਕੇਸਾਂ ਵਿਚੋਂ 1468 ਕੇਸਾਂ ਦਾ ਨਿਬੇੜਾ ਕੀਤਾ ਗਿਆ ਅਤੇ ਅੱਜ ਕੁੱਲ 529803265/- ਰਕਮ ਦੇ ਐਵਾਰਡ ਪਾਸ ਕੀਤੇ ਗਏ ਹਨ। ਇਸ ਲੋਕ ਅਦਾਲਤ ਵਿਚ ਪਾਰਟੀਆਂ ਅਤੇ ਵਕੀਲਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਨਿਰਭਓ ਸਿੰਘ ਗਿੱਲ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿਚ 4 ਝਗੜ ਰਹੇ ਵਿਵਾਹਿਕ ਜੋੜਿਆਂ ਨੂੰ ਸਮਝਾ ਕੇ ਇਕੱਠੇ ਕੀਤਾ ਗਿਆ। ਇਸ ਮੌਕੇ ਮਨਪ੍ਰੀਤ ਕੌਰ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਆਮ ਪਬਲਿਕ ਨੂੰ ਇਸ ਲੋਕ ਅਦਾਲਤ ਵਿਚ ਭਾਗ ਲੈ ਕੇ ਵੱਧ ਤੋਂ ਵੱਧ ਭਾਗ ਉਠਾਉਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਲੋਕ ਅਦਾਲਤਾਂ ਦੇ ਬਹੁਤ ਲਾਭ ਹਨ ਅਤੇ ਇਨ੍ਹਾਂ ਵਿਚ ਸਮਝੌਤਾ ਹੋਣ ਦੀ ਸੂਰਤ ਵਿਚ ਕੋਰਟ ਫੀਸ ਵੀ ਵਾਪਸ ਹੁੰਦੀ ਹੈ ਅਤੇ ਲੋਕ ਅਦਾਲਤ ਦਾ ਫੈਸਲਾ ਵੀ ਅੰਤਿਮ ਹੁੰਦਾ ਹੈ।

 


Gurminder Singh

Content Editor

Related News