ਕੋਵਿੰਦ ਦੇ ਕਾਫਿਲੇ ਤੋਂ ਲੋਕ ਪ੍ਰੇਸ਼ਾਨ, ਸੜਕਾਂ ''ਤੇ ਲੱਗਾ ਜਾਮ

Wednesday, Feb 28, 2018 - 08:09 AM (IST)

ਕੋਵਿੰਦ ਦੇ ਕਾਫਿਲੇ ਤੋਂ ਲੋਕ ਪ੍ਰੇਸ਼ਾਨ, ਸੜਕਾਂ ''ਤੇ ਲੱਗਾ ਜਾਮ

ਚੰਡੀਗੜ੍ਹ(ਸੁਸ਼ੀਲ) - ਸੈਕਟਰ-36 ਸਥਿਤ ਐੱਮ. ਸੀ. ਐੱਮ. ਕਾਲਜ ਦੇ ਗੋਲਡਨ ਜੁਬਲੀ ਸਮਾਰੋਹ 'ਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਉਨ੍ਹਾਂ ਦੀ ਪਤਨੀ ਮੰਗਲਵਾਰ ਦੁਪਹਿਰ ਸਾਢੇ ਤਿੰਨ ਵਜੇ ਚੰਡੀਗੜ੍ਹ ਪਹੁੰਚ ਗਏ। ਟੈਕਨੀਕਲ ਏਅਰਪੋਰਟ 'ਤੇ ਆਗੂਆਂ ਤੇ ਅਫਸਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਟੈਕਨੀਕਲ ਏਅਰਪੋਰਟ ਤੋਂ ਲੈ ਕੇ ਪੰਜਾਬ ਰਾਜ ਭਵਨ ਤਕ ਰਾਸ਼ਟਰਪਤੀ ਦਾ ਕਾਫਲਾ ਨਿਕਲਣ ਸਮੇਂ ਸੜਕ 'ਤੇ ਜਾਮ ਲੱਗ ਗਿਆ। ਇਸ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਪੇਸ਼ ਆਈ। ਕਾਫਿਲਾ ਆਉਣ ਤੋਂ 10 ਮਿੰਟ ਪਹਿਲਾਂ ਹੀ ਟ੍ਰੈਫਿਕ ਪੁਲਸ ਕਰਮਚਾਰੀ ਟ੍ਰੈਫਿਕ ਨੂੰ ਰੋਕ ਰਹੇ ਸਨ ਤੇ ਕਿਸੇ ਨੂੰ ਵੀ ਸੜਕ 'ਤੇ ਆਉਣ ਨਹੀਂ ਦੇ ਰਹੇ ਸਨ। ਕਈ ਲੋਕ ਚੌਰਾਹੇ ਤੇ ਸੜਕ ਕੰਢੇ ਖੜ੍ਹੇ ਹੋ ਕੇ ਰਾਸ਼ਟਰਪਤੀ ਨੂੰ ਵੇਖਣ ਲੱਗੇ ਹੋਏ ਸਨ ਪਰ ਪੁਲਸ ਕਰਮਚਾਰੀ ਉਨ੍ਹਾਂ ਨੂੰ ਸਾਈਡ 'ਤੇ ਕਰਨ 'ਚ ਲੱਗੇ ਹੋਏ ਸਨ। ਰਾਸ਼ਟਰਪਤੀ ਦਾ ਕਾਫਿਲਾ ਨਿਕਲਣ ਤੋਂ ਬਾਅਦ ਟ੍ਰਿਬਿਊਨ ਚੌਕ, ਟ੍ਰਾਂਸਪੋਰਟ ਲਾਈਟ ਪੁਆਇੰਟ ਤੇ ਸੈਕਟਰ-26/7 ਚੌਕ 'ਚ ਕਾਫੀ ਜਾਮ ਲੱਗ ਗਿਆ। ਜਾਮ ਖੁੱਲ੍ਹਵਾਉਣ 'ਚ ਟ੍ਰੈਫਿਕ ਪੁਲਸ ਕਰਮਚਾਰੀਆਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ।
ਅੱਜ ਵੀ ਲੋਕਾਂ ਨੂੰ ਜੂਝਣਾ ਪਏਗਾ ਜਾਮ ਨਾਲ
ਸੈਕਟਰ-36 ਸਥਿਤ ਐੱਮ. ਸੀ. ਐੱਮ. ਕਾਲਜ ਦੇ ਸਮਾਰੋਹ 'ਚ ਰਾਸ਼ਟਰਪਤੀ ਦਾ ਕਾਫਿਲਾ ਪੰਜਾਬ ਰਾਜ ਭਵਨ ਤੋਂ ਸਵੇਰੇ ਕਰੀਬ ਸਾਢੇ 9 ਵਜੇ ਚੱਲੇਗਾ, ਉਥੇ ਹੀ ਲੋਕਾਂ ਦਾ ਡਿਉੂਟੀ ਸਮਾਂ ਹੋਣ ਕਾਰਨ ਇਨ੍ਹਾਂ ਰਸਤਿਆਂ 'ਤੇ ਵਾਹਨ ਚਾਲਕਾਂ ਨੂੰ ਜਾਮ ਨਾਲ ਜੂਝਣਾ ਪੈ ਸਕਦਾ ਹੈ। ਰਾਸ਼ਟਰਪਤੀ ਦਾ ਕਾਫਿਲਾ ਪੰਜਾਬ ਰਾਜ ਭਵਨ ਤੋਂ ਸੁਖਨਾ ਲੇਕ ਹੁੰਦੇ ਹੋਏ ਸੈਕਟਰ-16 ਜਨਰਲ ਹਸਪਤਾਲ ਚੌਕ ਤੋਂ ਸੈਕਟਰ-15/16 ਲਾਈਟ ਪੁਆਇੰਟ ਤੇ ਸੈਕਟਰ-23/24 ਲਾਈਟ ਪੁਆਇੰਟ ਤੋਂ ਨਿਕਲਦੇ ਹੋਏ 36/37 ਲਾਈਟ ਪੁਆਇੰਟ 'ਤੇ ਪਹੁੰਚ ਕੇ ਲੈਫਟ ਸਾਈਡ ਤੋਂ ਕਾਲਜ ਪਹੁੰਚੇਗਾ। ਸਵੇਰੇ ਸਾਢੇ 11 ਵਜੇ ਰਾਸ਼ਟਰਪਤੀ ਦਾ ਕਾਫਿਲਾ ਐੱਮ. ਸੀ. ਐੱਮ. ਕਾਲਜ ਤੋਂ ਟੈਕਨੀਕਲ ਏਅਰਪੋਰਟ 'ਤੇ ਜਾਏਗਾ। ਇਥੋਂ ਰਾਸ਼ਟਰਪਤੀ ਵਿਸ਼ੇਸ਼ ਜਹਾਜ਼ ਰਾਹੀਂ ਵਾਪਸ ਦਿੱਲੀ ਲਈ ਰਵਾਨਾ ਹੋ ਜਾਣਗੇ।
ਅਲਫਾਬੈਟੀਕਲੀ ਸੀ ਡਿਨਰ ਦਾ ਸਿਟਿੰਗ ਪਲਾਨ
ਰਾਸ਼ਟਰਪਤੀ ਦੇ ਡਿਨਰ ਲਈ ਖਾਸ ਇੰਤਜ਼ਾਮ ਕੀਤੇ ਗਏ ਸਨ। ਡਿਨਰ ਟਾਈਮ ਵਿਚ ਕਿਹੜਾ ਕਿਥੇ ਬੈਠੇਗਾ, ਇਸਦੀ ਪੂਰੀ ਜਾਣਕਾਰੀ ਪਹਿਲਾਂ ਹੀ ਸਾਰੇ ਮਹਿਮਾਨਾਂ ਨੂੰ ਦੇ ਦਿੱਤੀ ਗਈ ਸੀ। ਡਿਨਰ ਹਾਲ ਵਿਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਰਾਸ਼ਟਰੀ ਗੀਤ ਗਾਇਆ ਗਿਆ। ਇਸ ਤੋਂ ਬਾਅਦ ਰਾਸ਼ਟਰਪਤੀ ਇਕ-ਇਕ ਕਰਕੇ ਸਾਰੇ ਮਹਿਮਾਨਾਂ ਨੂੰ ਮਿਲੇ। ਇਸ ਦੌਰਾਨ ਵੱਖ-ਵੱਖ ਟੇਬਲਾਂ 'ਤੇ ਮਹਿਮਾਨਾਂ ਦੇ ਸਿਟਿੰਗ ਪਲਾਨ ਅਲਫਾਬੈਟੀਕਲੀ ਤੈਅ ਕੀਤੇ ਗਏ ਸਨ, ਯਾਨੀ ਜਿਸ ਦੇ ਨਾਂ ਦਾ ਪਹਿਲਾ ਅੱਖਰ ਜਿਥੋਂ ਸ਼ੁਰੂ ਹੁੰਦਾ ਹੈ, ਇਸ ਲਈ ਉਸ ਲਈ ਵੱਖਰਾ ਟੇਬਲ ਲੱਗਾ ਸੀ। ਡਿਨਰ ਵਿਚ ਵੈੱਜ ਤੇ ਨਾਨ-ਵੈੱਜ ਸਭ ਤਰ੍ਹਾਂ ਦੀਆਂ ਆਈਟਮਾਂ ਸਨ। ਰਾਸ਼ਟਰਪਤੀ ਨੇ ਵੈੱਜ ਖਾਣਾ ਹੀ ਖਾਧਾ, ਜਿਸ ਵਿਚ ਰਾਜਸਥਾਨੀ ਆਈਟਮਾਂ ਵੀ ਸ਼ਾਮਲ ਸਨ।
ਮੇਅਰ ਨੇ ਦੋ ਦਿਨ ਚੰਡੀਗੜ੍ਹ ਰਹਿਣ ਦਾ ਦਿੱਤਾ ਸੱਦਾ
ਚੰਡੀਗੜ੍ਹ ਵਿਚ ਆਪਣੀ ਵਿਜ਼ਿਟ ਦੌਰਾਨ ਰਾਸ਼ਟਰਪਤੀ ਨੇ 18 ਵਫਦਾਂ ਨਾਲ ਮੁਲਾਕਾਤ ਵੀ ਕੀਤੀ। ਇਸ ਦੌਰਾਨ ਮੇਅਰ ਨੇ ਵੀ ਰਾਸ਼ਟਰਪਤੀ ਨੂੰ ਚੰਡੀਗੜ੍ਹ ਬਾਰੇ ਅਹਿਮ ਜਾਣਕਾਰੀਆਂ ਦਿੱਤੀਆਂ। ਉਨ੍ਹਾਂ ਰਾਸ਼ਟਰਪਤੀ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਰੁਝੇਵੇਂ ਭਰੇ ਸ਼ਡਿਊਲ ਵਿਚੋਂ ਦੋ ਜਾਂ ਤਿੰਨ ਦਿਨ ਚੰਡੀਗੜ੍ਹ ਵਿਚ ਬਤੀਤ ਕਰਨ। ਇਸਦੇ ਨਾਲ ਹੀ ਮੇਅਰ ਨੇ ਉਨ੍ਹਾਂ ਨੂੰ  ਦੱਸਿਆ ਕਿ ਚੰਡੀਗੜ੍ਹ ਵਿਚ ਨਗਰ ਨਿਗਮ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਤੇ ਭਵਿੱਖ ਦੇ ਪ੍ਰਾਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ। ਡਿਨਰ ਵਿਚ ਪੰਜਾਬ ਦੇ ਗਵਰਨਰ ਬੀ. ਪੀ. ਸਿੰਘ ਬਦਨੌਰ, ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ, ਹਿਮਾਚਲ ਪ੍ਰਦੇਸ਼ ਦੇ ਗਵਰਨਰ ਅਚਾਰਿਆ ਦੇਵਵ੍ਰਤ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਮੇਤ ਕਈ ਮੰਤਰੀ ਮੌਜੂਦ ਸਨ।
ਸ਼ੁੱਧ ਰਾਜਸਥਾਨੀ ਡਿਨਰ ਕੀਤਾ
ਰਾਸ਼ਟਰਪਤੀ ਕੋਵਿੰਦ ਨੇ ਆਏ ਹੋਏ ਮਹਿਮਾਨਾਂ ਨਾਲ ਸ਼ੁੱਧ ਰਾਜਸਥਾਨੀ ਡਿਨਰ ਕੀਤਾ। ਇਸ ਮੌਕੇ ਹਾਜ਼ਰ ਮਹਿਮਾਨਾਂ ਵਿਚ ਮੇਅਰ ਦਵੇਸ਼ ਮੌਦਗਿਲ, ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਵਿਜੇ ਸਾਂਪਲਾ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਰਾਜਪਾਲ, ਚੰਡੀਗੜ੍ਹ ਭਾਜਪਾ ਪ੍ਰਧਾਨ ਸੰਜੇ ਟੰਡਨ, ਮਿਲਖਾ ਸਿੰਘ ਸ਼ਾਮਲ ਸਨ। ਇਨ੍ਹਾਂ ਦੀ ਮਹਿਮਾਨ-ਨਿਵਾਜ਼ੀ ਦਾ ਜ਼ਿੰਮਾ ਪੰਜਾਬ ਸਰਕਾਰ ਦਾ ਸੀ, ਜਿਸ ਲਈ ਚਰਨਜੀਤ ਸਿੰਘ ਚੰਨੀ ਤੇ ਮਨਪ੍ਰੀਤ ਬਾਦਲ ਵੀ ਮੌਜੂਦ ਸਨ।


Related News