ਲੋਕਾਂ ਨੇ ਸਿੱਧੂ ਤੇ ਮਜੀਠੀਆ ਦਾ ਤੋੜਿਆ ਹੰਕਾਰ :  ਜੀਵਨਜੋਤ ਕੌਰ

Friday, May 27, 2022 - 06:26 PM (IST)

ਜਲੰਧਰ (ਰਮਨਦੀਪ ਸਿੰਘ ਸੋਢੀ): ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਹਾਟ ਸੀਟਾਂ 'ਚੋਂ ਇਕ ਸੀ ਅੰਮ੍ਰਿਤਸਰ ਪੂਰਬੀ ਜਿੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਵਨਜੋਤ ਕੌਰ ਦਾ ਮੁਕਾਬਲਾ ਸਿਆਸਤ ਦੇ ਧਨਾਢ ਮੰਨੇ ਜਾਂਦੇ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਨਾਲ ਸੀ। ਬੇਸ਼ੱਕ ਜੀਵਨਜੋਤ ਕੌਰ ਨੇ ਪਹਿਲੀ ਵਾਰ ਚੋਣਾਂ ਲੜੀਆਂ ਸਨ ਪਰ ਦੋ ਵੱਡੇ ਲੀਡਰਾਂ ਨੂੰ ਹਰਾ ਕੇ ਪੰਜਾਬ ਦੀ ਸਿਆਸਤ 'ਚ ਵੱਡੀ ਉਦਾਹਰਨ ਪੇਸ਼ ਕੀਤੀ ਹੈ। ਪੇਸ਼ ਹਨ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਜੀਵਨਜੋਤ ਕੌਰ ਨਾਲ ਕੀਤੀ ਖ਼ਾਸ ਗੱਲਬਾਤ ਦੇ ਕੁਝ ਅੰਸ਼ :

•ਜਿਨ੍ਹਾਂ ਸਿਆਸੀ ਆਗੂਆਂ ਨੂੰ ਹਰਾਇਆ ਅੱਜ ਦੋਵੇਂ ਜੇਲ੍ਹ 'ਚ ਹਨ, ਇਸ ਸਬੰਧੀ ਤੁਸੀਂ ਕੀ ਕਹੋਗੇ?

ਅਸੀਂ ਕੌਣ ਹੁੰਦੇ ਹਾਂ ਜੇਲ੍ਹ ਭਿਜਵਾਉਣ ਵਾਲੇ। ਦਰਅਸਲ ਬੰਦੇ ਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ।  ਸਿਆਣੇ ਕਹਿੰਦੇ ਨੇ ਕਿ ਅੱਤ ਖੁਦਾ ਦਾ ਵੈਰ ਹੁੰਦਾ ਹੈ ਅਤੇ ਪਰਮਾਤਮਾ ਨੇ ਇਨ੍ਹਾਂ ਦੋਵਾਂ ਦਾ ਹੰਕਾਰ ਤੋੜਿਆ ਹੈ। ਅਸਲ ਵਿੱਚ ਦੋਵੇਂ ਆਗੂ ਇਕੋ ਜਿਹੇ ਹਨ। ਭਾਸ਼ਾ ਵੀ ਦੋਵਾਂ ਦੀ ਇੱਕੋ ਜਿਹੀ ਸੀ ਪਰ ਸਿੱਧੂ ਸਾਬ੍ਹ ਦੀ ਭਾਸ਼ਾ ਜ਼ਿਆਦਾ ਹੰਕਾਰ ਭਰੀ ਸੀ। ਉਨ੍ਹਾਂ ਦਾ ਮੀਡੀਆ ਨਾਲ ਤੁੂੰ ਕਹਿ ਕੇ ਗੱਲ ਕਰਨ ਦਾ ਤਰੀਕਾ ਹੰਕਾਰ ਭਰਿਆ ਸੁਭਾਅ ਹੀ ਸੀ। ਓਏ ਕਹਿ ਕੇ ਗੱਲ ਕਰਨੀ ਹੰਕਾਰ ਦੀ ਨਿਸ਼ਾਨੀ ਸੀ। ਲੋਕਾਂ ਨੇ ਸਿੱਧੂ ਤੇ ਮਜੀਠੀਆ ਦਾ ਹੰਕਾਰ ਤੋੜ ਦਿੱਤਾ ਹੈ।

ਜਿਨ੍ਹਾਂ ਲੋਕਾਂ ਕਰਕੇ ਇਹ ਆਗੂ ਜਿੱਤਦੇ ਰਹੇ ਉਨ੍ਹਾਂ ਨੂੰ ਇਹ ਬੰਦੇ ਨਹੀਂ ਸਮਝਦੇ ਸਨ। ਵੋਟਾਂ ਮਗਰੋਂ ਕਦੇ ਹਲਕੇ ਵਿੱਚ ਪੈਰ ਨਹੀਂ ਪਾਇਆ। ਵਿਧਾਇਕ ਨੂੰ ਚਾਹੀਦਾ ਹੈ ਕਿ ਉਹ ਆਪਣੇ ਲੋਕਾਂ ਵਿੱਚ ਰਹੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੇ

•ਅਕਾਲੀ ਦਲ ਕਹਿੰਦਾ ਕਿ ਬਿਕਰਮ ਮਜੀਠੀਆ ਮਾਮਲੇ 'ਚ ਸਾਡੇ ਨਾਲ ਬਦਲਾਖੋਰੀ ਵਾਲੀ ਰਾਜਨੀਤੀ ਹੋ ਰਹੀ ਹੈ?

ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਕਿਹਾ ਸੀ ਅਸੀਂ ਰਾਜਨੀਤੀ ਕਰਨ ਨਹੀ ਂਬਦਲਣ ਆਏ ਹਾਂ। ਅਸੀਂ ਇਹ ਨਹੀਂ ਸੋਚਿਆ ਸੀ ਬਿਕਰਮ ਮਜੀਠੀਆ ਹੀ ਪਹਿਲੇ ਟਾਰਗੈੱਟ ਬਣ ਜਾਣਗੇ। ਇਹ ਇਕ ਉਦਾਹਰਨ ਜ਼ਰੂਰ ਹੈ ਪਰ ਬਦਲਾਖੋਰੀ ਵਾਲੀ ਸਿਆਸਤ ਵਰਗੀ ਕੋਈ ਗੱਲ ਨਹੀਂ ਹੈ।

ਇਹ ਵੀ ਪੜ੍ਹੋ- ਨਾਜਾਇਜ਼ ਕਾਲੋਨੀਆਂ ਵਾਲੇ ਪਲਾਟਾਂ ਦੀ ਹੁਣ ਨਹੀਂ ਹੋਵੇਗੀ ਰਜਿਸਟਰੀ, ਸਰਕਾਰ ਨੇ ਜਾਰੀ ਕੀਤੇ ਸਖ਼ਤ ਹੁਕਮ

•ਚੋਣ ਜਿੱਤਣੀ ਕਿੱਡੀ ਕੁ ਵੱਡੀ ਚੁਣੌਤੀ ਸੀ?

ਮੈਂਨੂੰ ਚੋਣ ਪ੍ਰਚਾਰ ਦੌਰਾਨ ਵੀ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਤਾਂ ਮੇਰਾ ਜਵਾਬ ਹੁੰਦਾ ਕਿ ਤੁਹਾਨੂੰ ਮੇਰੇ ਚਿਹਰੇ  'ਤੇ ਕੋਈ ਚਿੰਤਾ ਦਿਖ ਰਹੀ ਹੈ। ਅਸਲ ਵਿੱਚ ਮੇਰੇ ਲਈ ਵੱਡੀ ਚੁਣੌਤੀ ਇਹ ਆਗੂ ਨਹੀਂ ਸਗੋਂ ਵੋਟਰਾਂ ਤੱਕ ਪਹੁੰਚ ਸੀ। ਮੈਂ ਕੋਸ਼ਿਸ਼ ਕੀਤੀ ਕਿ ਘਰ ਘਰ ਲੋਕਾਂ ਤੱਕ ਪਹੁੰਚ ਕੀਤੀ ਜਾਵੇੇ। ਚੋਣ ਪ੍ਰਚਾਰ ਦੌਰਾਨ ਜਦੋਂ ਮੈਂ ਕਿਸੇ ਬਜ਼ੁਰਗ ਨੂੰ ਮਿਲਦੀ ਤਾਂ ਉਹ ਕਹਿੰਦੇ ਕਿ ਧੀਏ, ਤੂੰ ਘਰ ਜਾ ਕੇ ਸੌਂ ਜਾ, ਤੂੰ ਜਿੱਤ ਹੀ ਜਾਣਾ ਹੈ। ਇਸ ਵਾਰ ਦੀਆਂ ਚੋਣਾਂ ਬਦਲਾਅ ਦੀਆਂ ਚੋਣਾਂ ਸਨ। ਲੋਕ ਪਹਿਲਾਂ ਹੀ ਮਨ ਬਣਾ ਚੁੱਕੇ ਸਨ। ਮੈਂ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਸੀ ਤਾਂ  ਮਿਹਨਤ ਬਹੁਤ ਕੀਤੀ। ਲਿਖਤੀ ਕੰਮ ਬਹੁਤ ਸੀ। ਲੋਕਾਂ ਦੇ ਘਰ ਘੜ ਜਾਣਾ ਅਤੇ ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਬਾਰੇ ਸਮਝਾਉਣਾ ਬਹੁਤ ਮਿਹਨਤ ਦਾ ਕੰਮ ਸੀ।

•ਨਵਜੋਤ ਸਿੱਧੂ ਵਿਕਾਸ ਦੇ ਦਾਅਵਾ ਕਰਦੇ ਸਨ, ਸੱਚਾਈ ਕੀ ਹੈ?

ਮੇਰੇ ਹਲਕੇ ਵਿੱਚ ਲੋਕਾਂ ਕੋਲ ਪੀਣ ਲਈ ਸ਼ੁੱਧ ਪਾਣੀ ਦਾ ਪ੍ਰਬੰਧ ਨਹੀਂ ਹੈ। ਸੀਵਰੇਜ ਨਹੀਂ ਹੈ। ਜੇਕਰ ਨਵਜੋਤ ਸਿੱਧੂ ਪੁਲਾਂ ਨੂੰ ਵਿਕਾਸ ਦੱਸ ਰਹੇ ਸਨ ਤਾਂ ਉਸ ਤੋਂ ਜ਼ਰੂਰੀ ਮੁੱਢਲੀਆਂ ਲੋੜਾਂ ਹਨ। ਹਲਕੇ ਵਿੱਚ ਬਹੁਤ ਕੰਮ ਕਰਨ ਦੀ ਲੋੜ ਹੈ। ਹੈਰਾਨਗੀ ਹੈ ਕਿ ਸਿੱਧੂ ਸਾਬ੍ਹ ਵੱਲੋਂ ਗੋਦ ਲਏ ਪਿੰਡਾਂ ਦੇ ਹਾਲਾਤ ਬਹੁਤ ਮਾੜੇ ਹਨ।

•ਨਵਜੋਤ ਸਿੱਧੂ ਹਮੇਸ਼ਾ ਈਮਾਨਦਾਰੀ ਦੀ ਗੱਲ ਕਰਦੇ ਰਹੇ ਨੇ, ਕੀ ਹਲਕੇ 'ਚ ਕੋਈ ਧੋਖਾਧੜੀ ਵੀ ਨਿਕਲੀ ਹੈ?

ਇਕ ਨਹੀਂ ਬਹੁਤ ਸਾਰੀਆਂ ਨਿਕਲੀਆਂ ਹਨ। ਕੁਝ ਸਮਾਂ ਪਹਿਲਾਂ ਮੈਂ ਹਲਕੇ ਦੇ ਇਕ ਪਿੰਡ ਚੱਲ ਰਹੇ ਪ੍ਰੋਜੈਕਟ ਵੇਖਣ ਗਈ। ਉਹ ਪ੍ਰਾਜੈਕਟ ਵੇਖ ਕੇ ਮੈਨੂੰ ਲੱਗਾ ਕਿ 10 ਫ਼ੀਸਦੀ ਕੰਮ ਹੋ ਗਿਆ ਹੈ ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਪਿੰਡ ਵਾਲੇ ਕਹਿੰਦੇ ਕਿ 90 ਫ਼ੀਸਦੀ ਕੰਮ ਹੋ ਚੁੱਕਾ ਹੈ। ਅਜਿਹੇ ਕੰਮਾਂ ਦੀ ਜਾਂਚ ਵੀ ਕਰਾਂਵਾਗੇ।

ਇਹ ਵੀ ਪੜ੍ਹੋ- ਪ੍ਰੇਮ ਵਿਆਹ ਦਾ ਖ਼ੌਫਨਾਕ ਅੰਤ, ਲਾਲਚੀ ਸਹੁਰਿਆਂ ਤੋਂ ਦੁਖੀ ਕੁੜੀ ਨੇ ਜ਼ਹਿਰ ਖਾ ਕੇ ਕਰ ਲਈ ਖੁਦਕੁਸ਼ੀ

•ਹਲਕੇ ਦੀਆਂ ਵੱਡੀਆਂ ਸਮੱਸਿਆਵਾਂ ਕੀ ਹਨ?
ਸਭ ਤੋਂ ਵੱਡੀ ਸਮੱਸਿਆ ਹੈ ਪੀਣ ਵਾਲ ਸਾਫ਼ ਪਾਣੀ। ਇਸ ਤੋਂ ਇਲਾਨਾ ਸੀਵਰੇਜ ਦੀ ਸਮੱਸਿਆ ਵੀ ਗੰਭੀਰ ਹੈ। ਕਈ ਜਗ੍ਹਾ ਤਾਂ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਹੈ। ਹਲਕੇ ਦੇ ਕੁਝ ਪਿੰਡ ਜਿਵੇਂ ਵੱਲ੍ਹਾ, ਵੇਰਕਾ, ਨਿਊ ਪ੍ਰਤਾਪ ਨਗਰ, ਮਕਬੂਲਪੁਰਾ,ਕੱਲਰਾਂ ਆਦਿ ਵਿੱਚ ਇਹ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਹੈ।  ਅਸਲ 'ਚ ਮਨੁੱਖ ਦੀਆਂ ਇਹ ਮੁੱਢਲੀਆਂ ਲੋੜਾਂ ਹਨ ਤੇ ਮੇਰੀ ਇੱਛਾ ਹੈ ਕੇ ਪਹਿਲ ਦੇ ਆਧਾਰ ਤੇ ਇਹ ਸਮੱਸਿਆਵਾਂ ਹੱਲ ਕੀਤੀਆਂ ਜਾਣ। ਇਸ ਤੋਂ ਇਲਾਵਾ ਸ਼ਹਿਰ ਵਿੱਚ ਬਹੁਤ ਸਾਰੇ ਘਰਾਂ ਉਪਰੋਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ।  ਜਿਸ ਦੀ ਵਜ੍ਹਾ ਕਰਕੇ ਕਈ ਮੌਤਾਂ ਵੀ ਹੋ ਚੁੱਕੀਆਂ ਹਨ।

•ਸਿਹਤ ਮੰਤਰੀ 'ਤੇ ਹੋਈ ਕਾਰਵਾਈ ਸਬੰਧੀ ਤੁਹਾਡੀ ਕੀ ਪ੍ਰਤੀਕਿਰਿਆ ਹੈ?

ਆਮ ਆਦਮੀ ਪਾਰਟੀ ਦਾ ਟੀਚਾ ਹੈ ਕਿ ਅਸੀਂ ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ। ਪੰਜਾਬ ਵਿੱਚ ਵੀ ਭ੍ਰਿਸ਼ਟਾਚਾਰ ਸਵੀਕਾਰ ਨਹੀਂ ਕੀਤਾ ਜਾਵੇਗਾ। ਅਰਵਿੰਦ ਕੇਜਰੀਵਾਲ ਜੀ ਤੇ ਮਾਨ ਸਾਬ੍ਹ ਸਾਨੂੰ ਅਕਸਰ ਕਹਿੰਦੇ ਨੇ ਕਿ ਹੋਰ ਛੋਟੀਆਂ-ਮੋਟੀਆਂ ਗ਼ਲਤੀਆਂ ਤਾਂ  ਬਰਦਾਸ਼ਤ ਹੋ ਸਕਦੀਆਂ ਨੇ ਪਰ ਭ੍ਰਿਸ਼ਟਾਚਾਰ ਬਿਲਕੁਲ ਨਹੀਂ। 'ਆਪ' ਨੇ ਇਹ ਇਕ ਉਦਾਹਰਨ ਬਣਾਈ ਹੈ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਫੌਰਨ ਮੰਤਰੀ ਮੰਡਲ ਤੋਂ ਬਰਖ਼ਾਸਤ ਕਰਕੇ ਮਾਮਲਾ ਦਰਜ ਹੋਇਆ ਹੋਵੇ ਅਤੇ ਫਿਰ ਗ੍ਰਿਫ਼ਤਾਰੀ ਵੀ। ਮੈਂ ਮੁੱਖ ਮੰਤਰੀ ਮਾਨ ਦੀ ਹਿੰਮਤ ਦੀ ਦਾਦ ਦਿੰਦੀ ਹਾਂ ਕਿ ਉਨ੍ਹਾਂ ਕੋਲ ਹਿੰਮਤ ਹੈ ਅਜਿਹੇ ਫ਼ੈਸਲੇ ਲੈਣ ਦੀ।

•ਵਿਰੋਧੀ ਧਿਰਾਂ 'ਆਪ' 'ਤੇ ਟਿਕਟਾਂ ਵੇਚਣ ਸਮੇਤ ਕਈ ਇਲਜ਼ਾਮ ਲਗਾ ਰਹੀਆਂ ਨੇ, ਤੁਸੀਂ ਇਸਨੂੰ ਕਿਵੇਂ ਵੇਖਦੇ ਹੋ?

ਮੈਨੂੰ ਟਿਕਟ ਮਿਲਣਾ ਇਕ ਉਦਾਹਰਨ ਹੈ। ਆਮ ਆਦਮੀ ਪਾਰਟੀ ਨੇ ਔਰਤਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ। ਦੋ ਵੱਡੇ ਸਿਆਸੀ ਆਗੂਆਂ ਦੇ ਮੁਕਾਬਲੇ ਮੈਨੂੰ ਚੋਣ ਮੈਦਾਨ 'ਚ ਉਤਾਰਨ ਲਈ ਅਰਵਿੰਦ ਕੇਜਰੀਵਾਲ ਜੀ ਨੇ ਕੋਈ ਪੈਸੇ ਨਹੀਂ ਲਏ। ਸਿਰਫ਼ ਵਿਰੋਧ ਕਰਨ ਕਰਕੇ ਵਿਰੋਧ ਨਹੀਂ ਹੋਣਾ ਚਾਹੀਦਾ ਸਗੋਂ ਮਸਲਿਆਂ ਨੂੰ ਲੈ ਕੇ ਵਿਰੋਧ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਲੋਕ ਨਿਰਮਾਣ ਮੰਤਰੀ ਵੱਲੋਂ ਵਿਭਾਗ ਦੇ 17 ਸੈਕਟਰ ਸਥਿਤ ਦਫ਼ਤਰਾਂ ਦਾ ਅਚਨਚੇਤ ਦੌਰਾ

'ਜਗ ਬਾਣੀ' ਦੀ ਹਮੇਸ਼ਾ ਰਿਣੀ ਹਾਂ

ਮੈਂ ਜਗ ਬਾਣੀ ਦੀ ਹਮੇਸ਼ਾ ਰਿਣੀ ਰਹਾਂਗੀ ਕਿਉਂਕਿ 'ਜਗ ਬਾਣੀ' ਦੀ ਬਦੌਲਤ ਮੈਨੂੰ ਪੈਡ ਵੁਮੈਨ ਆਫ਼ ਪੰਜਾਬ ਦਾ ਟੈਗ ਮਿਲਿਆ। ਮੈਂ ਚਿਰਾਂ ਤੋਂ ਸਮਾਜਿਕ ਕੰਮਾਂ 'ਚ ਵਧ ਚੜ੍ਹ ਕੇ ਹਿੱਸਾ ਲੈਂਦੀ ਰਹੀ ਹਾਂ। ਮੇਰੀ ਇਕ ਸਾਥੀ ਮੈਡਮ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਸੀ। ਉਨ੍ਹਾਂ ਨੇ ਮੈਨੂੰ ਕੰਮ ਕਰਦਿਆਂ ਵੇਖਣਾ ਤਾਂ ਕਹਿਣਾ ਕਿ ਤੁਹਾਨੂੰ 'ਆਪ' 'ਚ ਸ਼ਾਮਲ ਹੋਣਾ ਚਾਹੀਦਾ ਹੈ। ਫਿਰ ਮੈਂ 2015 'ਚ ਪਾਰਟੀ 'ਚ ਸ਼ਾਮਲ ਹੋਈ। ਮੇਰੇ ਮਾਤਾ ਜੀ ਵੀ ਕੇਜਰੀਵਾਲ ਜੀ ਦੇ ਕੱਟੜ ਪ੍ਰਸ਼ੰਸਕ ਹਨ।  ਉਨ੍ਹਾਂ ਨੇ ਵੀ ਮੈਨੂੰ ਪਾਰਟੀ 'ਚ ਸ਼ਾਮਲ ਹੋਣ ਲਈ ਹੌਂਸਲਾ ਦਿੱਤਾ।

ਪਰਿਵਾਰ ਅਤੇ ਸ਼ੌਕ

ਮੇਰੇ ਪਤੀ ਇਕ ਕਾਰੋਬਾਰੀ ਹਨ। ਪਿਤਾ ਏਅਰ ਫੋਰਸ ’ਚ ਸਨ ਤੇ ਮਗਰੋਂ ਪੰਜਾਬ ਸਰਕਾਰ ’ਚ ਮੁਲਾਜ਼ਮ ਵੀ ਰਹੇ। ਉਨ੍ਹਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ। ਸਹੁਰਾ ਪਰਿਵਾਰ ਵੀ ਕਾਰੋਬਾਰੀ ਪਰਿਵਾਰ ਹੈ। ਉਨ੍ਹਾਂ ਦਾ ਗਗਨ ਸਿਨੇਮਾ ਸੀ ਤੇ ਮਜੀਠਾ ’ਚ ਇਕ ਰਾਈਸ ਸ਼ੈਲਰ ਵੀ। ਮੇਰੇ ਪਤੀ ਅਜੇ ਵੀ ਵਪਾਰ ਕਰਦੇ ਹਨ। ਭਰਾ ਵਕੀਲ ਹੈ। ਮੇਰੀ ਧੀ ਚੰਡੀਗੜ੍ਹ ’ਚ ਦੰਦਾਂ ਦੀ ਡਾਕਟਰ ਤੇ ਪੁੱਤਰ ਹਾਈਕੋਰਟ ’ਚ ਵਕੀਲ ਹੈ।  ਮੈਨੂੰ ਖਾਣਾ ਬਣਾਉਣਾ ਬਹੁਤ ਪਸੰਦ ਹੈ। ਇਸ ਤੋਂ ਇਲਾਵਾ ਗਾਰਡਨਿੰਗ, ਕਿਤਾਬਾਂ ਪੜ੍ਹਨਾ, ਮਿਊਜ਼ਿਕ, ਡਾਂਸ ਵੀ ਮੇਰੇ ਸ਼ੌਕ ਹਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


Anuradha

Content Editor

Related News