ਨਵਜੋਤ ਸਿੱਧੂ ਦਾ ਹੰਕਾਰ ਤੋੜਨ ਲਈ ਲੋਕ ਲਾਮਬੱਧ ਹੋਣ ਲੱਗੇ : ਬਿਕਰਮ ਮਜੀਠੀਆ
Tuesday, Feb 08, 2022 - 11:23 PM (IST)
ਅੰਮ੍ਰਿਤਸਰ (ਸਾਗਰ)-ਅੰਮ੍ਰਿਤਸਰ ਪੂਰਬੀ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ, ਜਦੋਂ ਮਹਿਲਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਅਮਰਬੀਰ ਕੌਰ ਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਸਕੱਤਰ ਸਮੇਤ ਦਰਜਨਾਂ ਸੀਨੀਅਰ ਆਗੂ ਪਾਰਟੀ ਛੱਡ ਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਜਿਸ ਤਰੀਕੇ ਹਲਕੇ ਦੇ ਲੋਕ ਅਕਾਲੀ ਦਲ ’ਚ ਸ਼ਾਮਲ ਹੋ ਰਹੇ ਹਨ, ਉਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਨਵਜੋਤ ਸਿੱਧੂ ਦਾ ਹੰਕਾਰ ਤੋੜਨ ਲਈ ਲੋਕ ਆਪ ਮੁਹਾਰੇ ਲਾਮਬੱਧ ਹੋ ਰਹੇ ਹਨ। ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਕਿਹਾ ਸੀ ਕਿ ਕਾਂਗਰਸ ਨੇ ਸਿੱਧੂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰਾ ਨਹੀਂ ਬਣਾਉਣਾ।
ਇਹ ਵੀ ਪੜ੍ਹੋ : CM ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਤਿੰਨ ਦਿਨ ਲਈ ED ਦੇ ਰਿਮਾਂਡ ’ਤੇ ਭੇਜਿਆ (ਵੀਡੀਓ)
ਉਨ੍ਹਾਂ ਕਿਹਾ ਕਿ ਹੁਣ 20 ਫਰਵਰੀ ਤੋਂ ਬਾਅਦ ਸਿੱਧੂ ਨੇ ਦਰਸ਼ਨੀ ਘੋੜਾ ਵੀ ਨਹੀਂ ਰਹਿਣਾ, ਉਸ ਦੇ ਅਰਬੀ ਘੋੜਾ ਹੋਣ ਦੇ ਦਾਅਵੇ ਤਾਂ ਪਾਸੇ ਰਹਿ ਗਏ। ਚੰਨੀ ਖ਼ਿਲਾਫ਼ ਨਵਜੋਤ ਕੌਰ ਸਿੱਧੂ ਵੱਲੋਂ ਦਿੱਤੇ ਬਿਆਨ ਬਾਰੇ ਪੁੱਛਣ ’ਤੇ ਮਜੀਠੀਆ ਨੇ ਕਿਹਾ ਕਿ ਜੋ ਸਟੈਂਡ ਸਿੱਧੂ ਨੇ ਜਨਤਕ ਤੌਰ ’ਤੇ ਲੈਣਾ ਹੁੰਦਾ ਹੈ, ਉਸ ਬਾਰੇ ਪਹਿਲਾਂ ਉਹ ਆਪਣੀ ਪਤਨੀ ਤੋਂ ਬਿਆਨਬਾਜ਼ੀ ਕਰਵਾਉਂਦੇ ਹਨ ਤੇ ਇਸ ਮਾਮਲੇ ’ਚ ਵੀ ਅਜਿਹਾ ਹੀ ਹੈ। ਉਨ੍ਹਾਂ ਕਿਹਾ ਕਿ ਤਿੰਨ-ਚਾਰ ਦਿਨਾਂ ਬਾਅਦ ਨਵਜੋਤ ਸਿੱਧੂ ਖੁਦ ਚੰਨੀ ਖਿਲਾਫ ਬਿਆਨਬਾਜ਼ੀ ਕਰਦੇ ਨਜ਼ਰ ਆ ਜਾਣਗੇ। ਦੇਰ ਸ਼ਾਮ ਕਸ਼ਮੀਰ ਸਿੰਘ ਪ੍ਰਧਾਨ ਵੱਲਾ ਮੰਡੀ ਵਿਖੇ ਹੋਏ ਸਮਾਗਮ ’ਚ ਬੀਬੀ ਅਮਰਬੀਰ ਕੌਰ ਨੇ ਕਾਂਗਰਸ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਕਾਂਗਰਸ ਨੇ ਪੰਜਾਬ ਨੂੰ ਲੁੱਟਿਆ, ਕੇਜਰੀਵਾਲ ਨੇ ਕੋਰੋਨਾ ਕਾਲ ’ਚ ਪੰਜਾਬੀਆਂ ਦਾ ਨਹੀਂ ਪੁੱਛਿਆ ਹਾਲ : ਸੁਖਬੀਰ ਬਾਦਲ
ਇਸੇ ਦੌਰਾਨ ਵਾਰਡ ਨੰਬਰ 25 ’ਚ ਹੋਏ ਸਮਾਗਮ ਵਿਚ ਜ਼ਿਲ੍ਹਾ ਯੂਥ ਕਾਂਗਰਸ ਦੇ ਸਕੰਤਰ ਸੰਜੇ ਅਰੋੜਾ ਵੀ ਪਾਰਟੀ ਛੱਡ ਕੇ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸੇ ਤਰੀਕੇ ਵਾਰਡ ਨੰਬਰ 44 ਵਿਚ ਹੋਏ ਸਮਾਗਮ ਵਿਚ ਵਾਰਡ ਦੇ ਪ੍ਰਧਾਨ ਕਰਮਜੀਤ ਕੌਰ ਆਪਣੇ ਸਾਥੀਆਂ ਬੱਚਨ ਸਿੰਘ, ਹਰਬੰਸ ਸਿੰਘ, ਜੋਗਿੰਦਰ ਸਿੰਘ, ਮੁਖਤਿਆਰ ਸਿੰਘ, ਬਹਿਰਾ ਸਿੰਘ, ਮਣੀ ਰਾਜਬੀਰ ਸਿੰਘ, ਸਾਹਿਬ ਸਿੰਘ ਤੇ ਨਿਸ਼ਾਨ ਸਿੰਘ ਦੇ ਪਰਿਵਾਰ ਸਮੇਤ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਵਾਰਡ ਨੰਬਰ 46 ਵਿਚ ਭਾਰਗਵ ਪਰਿਵਾਰ ਵੱਲੋਂ ਰੱਖੇ ਸਮਾਗਮ ਵਿਚ ਰਾਜ ਕੁਮਾਰ ਭਾਰਗਵ ਨੇ ਭਰੋਸਾ ਦੁਆਇਆ ਕਿ ਸਾਡਾ ਪਰਿਵਾਰ ਤੇ ਸਾਡੇ ਸਾਥੀ ਅਕਾਲੀ ਦਲ ਨੂੰ ਵੋਟਾਂ ਪਾਉਣਗੇ। ਇਥੇ ਹੀ ਸੂਰਜ ਦੀਕਸ਼ਤ ਲੋਕ ਇਨਸਾਫ ਪਾਰਟੀ ਦਾ ਇੰਚਾਰਜ, ਕਾਂਗਰਸੀ ਭਾਰਤ ਹਾਂਡਾ, ਕੇਸ਼ਵ ਕਾਲੀਆ, ਐੱਨ. ਕੇ. ਪੁਰੀ ਤੇ ਕਾਕਾ ਰਾਮ ਅਕਾਲੀ ਦਲ ’ਚ ਸ਼ਾਮਲ ਹੋਏ। ਵਾਰਡ ਨੰਬਰ 25 ’ਚ 50 ਦੇ ਕਰੀਬ ਕਾਂਗਰਸੀ ਪਰਿਵਾਰ ਅਕਾਲੀ ਦਲ ’ਚ ਸ਼ਾਮਲ ਹੋਏ। ਇਨ੍ਹਾਂ ਸਾਰੇ ਆਗੂਆਂ ਨੂੰ ਅਕਾਲੀ ਦਲ ’ਚ ਸ਼ਾਮਲ ਹੋਣ ’ਤੇ ਬਿਕਰਮ ਸਿੰਘ ਮਜੀਠੀਆ ਨੇ ਸਿਰੋਪਾਓ ਪਾ ਕੇ ਜੀ ਆਇਆਂ ਕਿਹਾ ਤੇ ਭਰੋਸਾ ਦੁਆਇਆ ਕਿ ਉਨ੍ਹਾਂ ਨੂੰ ਅਕਾਲੀ ਦਲ ਵਿਚ ਪੂਰਾ ਮਾਣ ਤੇ ਸਤਿਕਾਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਕਾਂਗਰਸ ਦੇ ਮੁੜ ਸੱਤਾ ’ਚ ਆਉਣ ’ਤੇ ਲਿਆਵਾਂਗੇ ਜਨਰਲ ਕਾਸਟ ਸਕਾਲਰਸ਼ਿਪ : CM ਚੰਨੀ