ਕਰਫਿਊ ’ਚ ਮਿਲੀ ਢਿੱਲ ਦਾ ਨਾਜਾਇਜ਼ ਫਾਇਦਾ ਉਠਾ ਰਹੇ ਹਨ ਲੋਕ

05/15/2020 2:22:54 AM

ਜਲਾਲਾਬਾਦ, (ਸੇਤੀਆ, ਸੁਮਿਤ, ਟੀਨੂੰ)- ਪੰਜਾਬ ’ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਪਾਜੇਟਿਵ ਕੇਸਾਂ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਕਰਫਿਊ ’ਚ ਵੱਡੀਆਂ ਢਿੱਲਾਂ ਦੇਣ ਨਾਲ ਕੋਰੋਨਾ ਮਹਾਂਮਾਰੀ ਸੂਬੇ ਦੇ ਲੋਕਾਂ ਲਈ ਖਤਰਨਾਕ ਮੋੜ ਲੈ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਪੰਜਾਬ ਅੰਦਰ ਕੋਰੋਨਾ ਪਾਜੇਟਿਵ ਮਰੀਜ਼ਾਂ ਦੀ ਗਿਣਤੀ ਨਾਮਾਤਰ ਸੀ ਤਾਂ ਪੰਜਾਬ ਸਰਕਾਰ ਨੇ ਕੋਰੋਨਾ ਦੀ ਚੇਨ ਤੋੜਣ ਲਈ ਕਰਫਿਊ ਵਰਗਾ ਅਹਿਮ ਫੈਸਲਾ ਲੈ ਕੇ ਸਮੁੱਚੇ ਦੇਸ਼ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਸੀ ਪਰ ਹੁਣ ਪਾਜੇਟਿਵ ਮਰੀਜ਼ਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਕਰਫਿਊ ਦੌਰਾਨ ਦਿੱਤੀਆਂ ਢਿੱਲਾਂ ਦਾ ਲੋਕਾਂ ਵਲੋਂ ਗਲਤ ਫਾਇਦਾ ਉਠਾ ਕੇ ਲੋਕ ਘਰਾਂ ’ਚੋਂ ਬੇਮਤਲਬ ਬਾਹਰ ਨਿਕਲਣ ਲੱਗੇ ਹਨ। ਜਿਸ ਕਾਰਣ ਬਾਜ਼ਾਰਾਂ ਅਤੇ ਗਲੀ-ਮੁਹੱਲਿਆਂ ’ਚ ਲੋਕ ਸੋਸ਼ਲ ਡਿਸਟੈਂਸੀ ਦਾ ਪਾਲਣ ਨਹੀਂ ਕਰ ਰਹੇ ਹਨ। ਜਿਸਦੀ ਮਿਸਾਲ ਸ਼ਹਿਰ ਦੇ ਬਾਜ਼ਾਰਾਂ, ਏ.ਟੀ.ਐੱਮ. ਮਸ਼ੀਨਾਂ ਅਤੇ ਰੇਹੜੀਆਂ ’ਤੇ ਖੜ੍ਹੇ ਲੋਕਾਂ ਤੋਂ ਦੇਖਣ ਨੂੰ ਮਿਲੀ। ਜਿਥੇ ਲੋਕ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਦਿਖਾਈ ਦਿੱਤੇ ਅਤੇ ਅਜਿਹਾ ਲੱਗ ਰਿਹਾ ਸੀ ਕਿ ਨਿਯਮਾਂ ਦੇ ਪਾਲਣ ਨੂੰ ਲੈ ਕੇ ਲੋਕ ਬਿਲਕੁਲ ਵੀ ਸੰਜੀਦਾ ਨਹੀਂ ਹਨ। ਇਥੇ ਦੱਸ ਦੇਈਏ ਕਿ ਸਿਹਤ ਵਿਭਾਗ ਵਲੋਂ ਜਾਰੀ ਹਿਦਾਇਤਾਂ ਦਾ ਖਾਸ ਖਿਆਲ ਰੱਖਦੇ ਹੋਏ ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਕਰਫਿਊ ’ਚ ਢਿੱਲ ਦਿੱਤੀ ਗਈ ਤਾਂ ਕਿ ਲੋਕ ਆਪਣੀ ਜ਼ਿੰਮੇਵਾਰੀ ਸਮਝ ਕੇ ਘਰਾਂ ਤੋਂ ਬਾਹਰ ਜਦੋ ਵੀ ਜ਼ਰੂਰੀ ਕੰਮ-ਕਾਜ ਲਈ ਨਿਕਲਣ ਤਾਂ ਉਹ ਮਾਸਕ ਪਹਿਨ ਕੇ ਰੱਖਣ, ਸ਼ੋਸ਼ਲ ਡਿਸਟੈਂਸੀ ਦਾ ਪਾਲਣ ਕਰਨ ਅਤੇ ਹੋਰ ਵੀ ਲੋੜੀਦੀਆਂ ਸਾਵਧੀਆਂ ਦੀ ਪਾਲਣਾ ਕਰਨ। ਪਰ ਜਲਾਲਾਬਾਦ 'ਚ ਸ਼ਾਇਦ ਲੋਕ ਆਪਣੀ ਜਿੰਮੇਵਾਰੀ ਨੂੰ ਸਮਝਣ ਨੂੰ ਤਿਆਰ ਨਹੀਂ ਹਨ। ਜੇਕਰ ਬੈਂਕਾਂ ਦੇ ਬਾਹਰ ਏਟੀਐਮ ਸੈਂਟਰ ਵੱਲ ਨਜਰ ਦੌੜਾਈ ਜਾਵੇ ਤਾਂ ਲੋਕ ਪੈਸੇ ਕੱਢਵਾਉਣ ਲਈ ਇੱਕ-ਦੂਜੇ ਦੇ ਉੱਪਰ ਚੜ੍ਹੇ ਹੋਏ ਹਨ ਜਦਕਿ ਬੈਂਕਾਂ ਦੇ ਬਾਹਰ ਅਤੇ ਏ.ਟੀ.ਐੱਮ ’ਚ ਦਾਖਲ ਹੋਣ ਲਈ ਲੋਕਾਂ ਨੂੰ ਆਪਣੇ ਵਿਚਕਾਰ ਘੱਟੋ-ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਬਾਜ਼ਾਰਾ ’ਚ ਖੜੀਆਂ ਫਲ- ਸਬਜ਼ਆਂ ਦੀਆਂ ਰੇਹੜੀਆਂ ’ਤੇ ਵੀ ਲੋਕ ਝੁਰਮਟ ਪਾ ਕੇ ਖੜੇ ਦਿਖਾਈ ਦੇ ਰਹੇ ਹਨ ਅਤੇ ਬਾਜ਼ਾਰਾਂ ’ਚ ਵੀ ਲੋਕ ਬਿਨਾਂ ਮਤਲਬ ਤੋਂ ਘੁੰਮਦੇ ਵੀ ਦਿਖਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਸਾਫ ਲੱਗਦਾ ਹੈ ਕਿ ਭਵਿੱਖ ’ਚ ਲੋਕ ਕੋਰੋਨਾ ਵਾਇਰਸ ਦੇ ਬਚਾਅ ਲਈ ਨਹੀਂ ਬਲਕਿ ਸੱਦਾ ਦੇਣ ਲਈ ਲੜ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਕਿੰਨੀ ਜਲਦੀ ਸ਼ਹਿਰ 'ਚ ਆਪਣੀ ਗਸ਼ਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਗਾ ਕੇ ਲੋਕਾਂ ਨੂੰ ਸੋਸ਼ਲ ਡਿਸਟੈਂਸੀ ਦਾ ਪਾਠ ਪੜ੍ਹਾਉਂਦਾ ਹੈ ਕਿਉਂਕਿ ਫਿਲਹਾਲ ਹਾਲ ਦੀ ਘੜੀ ’ਚ ਤਾਂ ਲੋਕ ਪ੍ਰਸ਼ਾਸਨਿਕ ਨਿਯਮਾਂ ਨੂੰ ਟਿੱਚ ਜਾਣ ਰਹੇ ਹਨ।

ਉਧਰ ਪੰਜਾਬ ਦਾ ਭਲਾ ਚਾਹੁਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸੂਬੇ ਅੰਦਰ ਕੋਰੋਨਾ ਦੀ ਵਧ ਰਹੀ ਚੇਨ ਨੂੰ ਤੋੜਣ ਲਈ ਪੰਜਾਬ ਸਰਕਾਰ ਨੂੰ ਕੋਈ ਅਹਿਮ ਫੈਸਲਾ ਲੈ ਕੇ ਕੁੱਝ ਦਿਨ ਹੋਰ ਕਰਫਿਊ ਵਧਾ ਕੇ ਮਿਲਟਰੀ ਤਾਇਨਾਤ ਕਰ ਕੇ ਕੋਈ ਢਿੱਲ ਨਹੀਂ ਦੇਣੀ ਚਾਹੀਦੀ। ਪੰਜਾਬ ਮੰਤਰੀ ਮੰਡਲ ’ਚ ਇਸ ਬਾਰੇ ਬੜੀ ਸੰਜੀਦਗੀ ਨਾਲ ਸਖਤ ਫੈਸਲਾ ਲੈਣਾ ਪਵੇਗਾ। ਫਿਲਹਾਲ ਪੰਜਾਬ ਪੁਲਸ ਲੋਕਾਂ ਦੀ ਸਿਹਤ ਦੀ ਭਲਾਈ ਲਈ ਘਰਾਂ ਅੰਦਰ ਸੁਰੱਖਿਅਤ ਰੱਖਣ ਲਈ ਮਿਸਾਲੀ ਕਦਮ ਉਠਾ ਰਹੀ ਹੈ। ਬੁੱਧੀਜੀਵੀ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਵੱਡਾ ਫੈਸਲਾ ਨਾ ਲਿਆ ਤਾਂ ਆਉਣ ਵਾਲੇ ਦਿਨਾਂ 'ਚ ਕੋਰੋਨਾ ਪੰਜਾਬ ਅੰਦਰ ਸੁਨਾਮੀ ਬਣ ਕੇ ਲੋਕਾਂ ਨੂੰ ਆਪਣੇ ਨਾਲ ਵਹਾ ਕੇ ਲੈ ਜਾਵੇਗੀ। ਸਮਾਜ ਸੇਵੀ ਜਸਵਿੰਦਰ ਵਰਮਾ ਦਾ ਕਹਿਣਾ ਹੈ ਕਿ ਪੁਲਸ ਪ੍ਰਸ਼ਾਸਨ ਨੂੰ ਸ਼ਹਿਰ ਦੇ ਮੇਨ ਬਾਜ਼ਾਰਾਂ ਨੂੰ ਬੈਰੀਗੇਟ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਕੋਈ ਵੀ ਵਹੀਕਲ ਬਾਜ਼ਾਰ ਨਾ ਲੈ ਕੇ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਇਹ ਜ਼ਿੰਮੇਵਾਰੀ ਖੁੱਦ ਲੋਕਾਂ ਨੂੰ ਵੀ ਸਮਝਣੀ ਚਾਹੀਦੀ ਹੈ ਪਰ ਜੇਕਰ ਲੋਕ ਨਹੀਂ ਸਮਝ ਰਹੇ ਤਾਂ ਪ੍ਰਸ਼ਾਸਨ ਨੂੰ ਸਖਤੀ ਨਾਲ ਕਦਮ ਚੁੱਕਦੇ ਹੋਏ ਨਿਯਮਾਂ ਦਾ ਪਾਲਣ ਕਰਵਾਉਣਾ ਚਾਹੀਦਾ ਹੈ। ਐੱਸ.ਐੱਚ.ਓ. ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਹੁਕਮਾਂ ਅਨੁਸਾਰ ਲੋਕਾਂ ਨੂੰ ਬਾਜ਼ਾਰਾਂ ’ਚ ਵਹੀਕਲ ਲੈ ਕੇ ਜਾਣ ’ਤੇ ਪਾਬੰਦੀ ਹੈ ਅਤੇ ਲੋਕਾਂ ਨੂੰ ਇਸ ਵੱਲ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਇਸੇ ਤਰ੍ਹਾਂ ਲਾਪ੍ਰਵਾਹੀ ਕਰਨਗੇ ਤਾਂ ਉਨ੍ਹਾਂ ਨੂੰ ਹੋਰ ਸਖਤੀ ਕਰਨੀ ਪਵੇਗੀ ਅਤੇ ਸ਼ਹਿਰ ਦੇ ਬਾਜ਼ਾਰਾਂ ’ਚ ਆਉਣ-ਜਾਣ ਵਾਲਿਆਂ ਨਾਲ ਹੋਰ ਸਖਤੀ ਨਾਲ ਪੇਸ਼ ਆਉਣਾ ਪਵੇਗਾ।


Bharat Thapa

Content Editor

Related News