ਕੈਮਿਕਲ ਵਾਲੇ ਨਕਲੀ ਦੁੱਧ ਨਾਲ ਲੋਕ ਹੋ ਰਹੇ ਕਾਲਾ ਪੀਲੀਆ ਤੇ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦੇ ਸ਼ਿਕਾਰ

06/05/2023 4:42:28 PM

ਤਰਨ ਤਾਰਨ (ਰਮਨ)- ਗਰਮੀ ਦੀ ਰੁੱਤ ਸ਼ੁਰੂ ਹੋਣ ਦੇ ਨਾਲ ਹੀ ਜ਼ਿਲ੍ਹੇ ਭਰ ਵਿਚ ਪਸ਼ੂਆਂ ਦੇ ਚਾਰੇ ਆਦਿ ਦੀ ਸੱਮਸਿਆ ਸ਼ੁਰੂ ਹੋਣ ਦੇ ਨਾਲ ਹੀ ਦੁੱਧ ਦੀ ਆਮਦ ਅਕਸਰ ਘੱਟਣੀ ਸ਼ੁਰੂ ਹੋ ਜਾਂਦੀ ਹੈ। ਜਿਸ ਦਾ ਲਾਭ ਲੈਣ ਵਾਲੇ ਕੁਝ ਵਪਾਰੀਆਂ ਵਲੋਂ ਕੈਮਿਕਲਾਂ ਦੀ ਮਦਦ ਨਾਲ ਕੁਵਿੰਟਲਾਂ ਦੇ ਹਿਸਾਬ ਨਾਲ ਨਕਲੀ ਦੁੱਧ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਸਰਹੱਦੀ ਇਲਾਕਿਆਂ 'ਚ ਵਿੱਕ ਰਹੇ ਨਕਲੀ ਦੁੱਧ ਦੀ ਵਰਤੋਂ ਨਾਲ ਲੋਕ ਕੈਂਸਰ, ਆਂਤੜੀ ਰੋਗ, ਕਾਲਾ ਪੀਲੀਆ, ਕਿਡਨੀਆਂ ਦੀਆਂ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।  

ਬੱਚੇ ਹੋ ਰਹੇ ਬੀਮਾਰੀਆਂ ਦੇ ਸ਼ਿਕਾਰ-ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਬੱਚਿਆਂ ਨੂੰ ਵੱਧਣ-ਫੁੱਲਣ ਲਈ ਕੈਲਸ਼ੀਅਮ ਯੁੱਕਤ ਦੁੱਧ ਦਿੱਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦੇ ਸਰੀਰ ਦਾ ਬਿਹਤਰ ਵਿਕਾਸ ਹੋ ਸਕੇ। ਦੁੱਧ ਪੀਣ ਦੀ ਸਲਾਹ ਡਾਕਟਰਾਂ ਵਲੋਂ ਵੀ ਦਿੱਤੀ ਜਾਂਦੀ ਹੈ ਪਰ ਅੱਜ-ਕੱਲ੍ਹ ਬਾਜ਼ਾਰ ਵਿਚ ਮਿਲਾਵਟ ਵਾਲੇ ਦੁੱਧ ਦੇ ਨਾਲ-ਨਾਲ ਨਕਲੀ ਦੁੱਧ ਦੇ ਮਿਲਣ ਕਾਰਨ ਬੱਚਿਆਂ ਦਾ ਭਵਿੱਖ ਖਤਰੇ ਵੱਲ ਜਾਂਦਾ ਨਜ਼ਰ ਆ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੈਰਿਸ਼ ਹਸਪਤਾਲ ਦੇ ਮਾਲਕ ਅਤੇ ਬੱਚਿਆਂ ਰੋਗਾਂ ਦੇ ਮਾਹਿਰ ਡਾਕਟਰ ਰਾਜ ਕੁਮਾਰ ਪੂਨੀਆਂ ਨੇ ਦੱਸਿਆ ਕਿ ਕੈਮੀਕਲ ਨਾਲ ਤਿਆਰ ਕੀਤੇ ਗਏ ਨਕਲੀ ਦੁੱਧ ਦੀ ਵਰਤੋਂ ਨਾਲ ਬੱਚੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ, ਜਿਵੇਂ ਕੀ ਕਾਲਾ ਪੀਲੀਆ, ਲੀਵਰ ਵਿਚ ਖ਼ਰਾਬੀ, ਆਤੜੀਆਂ ਵਿਚ ਸੋਜ਼, ਬੱਦਹਜਮੀ, ਕਿਡਨੀਆਂ ਦਾ ਖ਼ਰਾਬ ਹੋਣਾ ਆਦਿ।

ਇਹ ਵੀ ਪੜ੍ਹੋ-  ਨਵਜਨਮੇ ਬੱਚੇ ਨੂੰ ਛੱਡ ਕੇ ਭੱਜੀ ਮਾਂ 2 ਦਿਨਾਂ ਬਾਅਦ ਵਾਪਸ ਪਰਤੀ, DNA ਟੈਸਟ ਕਰਵਾਉਣ ਦੀ ਯੋਜਨਾ

ਤੇਜ਼ੀ ਨਾਲ ਫ਼ੈਲ ਰਿਹਾ ਕਾਲਾ ਕਾਰੋਬਾਰ-ਸਰੱਹਦੀ ਖੇਤਰ ਵਿਚ ਚੈਕਿੰਗ ਦਾ ਡਰ ਨਾ ਹੋਣ ਕਾਰਨ ਕੁਝ ਮੁਨਾਫ਼ਾ ਖੋਰ ਵਪਾਰੀ ਨਕਲੀ ਦੁੱਧ ਤਿਆਰ ਕਰ ਰਹੇ ਹਨ ਅਤੇ ਇਸ ਨਾਲ ਉਨ੍ਹਾਂ ਦੀ ਰੋਜ਼ਾਨਾ ਚਾਂਦੀ ਹੋ ਰਹੀ ਹੈ। ਜ਼ਿਲੇ ਭਰ 'ਚ ਕੁਝ ਮੁਨਾਫ਼ਾ ਖੋਰਾਂ ਨੇ ਸਫ਼ੇਦ ਦੁੱਧ ਨੂੰ ਕਾਲਾ ਧੰਦਾ ਬਣਾ ਲਿਆ ਹੈ ਜੋ ਦੇਸ਼ ਦੇ ਭਵਿੱਖ ਨੂੰ ਤਰੱਕੀ ਦੇਣ ਦੀ ਬਜਾਏ ਹੇਠਲੇ ਪੱਧਰ ਵੱਲ ਲਿਜਾਣ ਸਬੰਧੀ ਕੋਈ ਕਸਰ ਨਹੀਂ ਛੱਡ ਰਹੇ।
ਸਰੀਰਕ ਵਿਕਾਸ 'ਚ ਪੈਦਾ ਹੁੰਦੀ ਹੈ ਰੁਕਾਵਟ-ਆਲ ਇਜ ਵੈੱਲ ਕਲੀਨਿਕ ਦੇ ਮਾਲਕ ਡਾਈਟੀਸ਼ੀਅਨ ਪਵਨ ਚਾਵਲਾ ਨੇ ਦੱਸਿਆ ਕਿ ਮਿਲਾਵਟੀ ਦੁੱਧ ਦੀ ਵਰਤੋਂ ਨਾਲ ਬੱਚਿਆਂ ਦਾ ਜਿੱਥੇ ਸਰੀਰਕ ਵਿਕਾਸ ਰੁੱਕ ਜਾਂਦਾ ਹੈ ਉੱਥੇ ਉਹ ਦਿਮਾਗੀ ਤੌਰ ਉੱਪਰ ਵੀ ਕਮਜ਼ੋਰ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਪੌਸ਼ਟਿਕ ਖੁਰਾਕ ਦੇ ਨਾਲ-ਨਾਲ ਦੁੱਧ ਅਤੇ ਦਹੀ ਦੇਣਾ ਬਹੁਤ ਜ਼ਰੂਰੀ ਹੈ ਜਿਸ ਨਾਲ ਉਨ੍ਹਾਂ ਦੀਆਂ ਹੱਡੀਆਂ 'ਚ ਮਜ਼ਬੂਤੀ ਪੈਦਾ ਹੁੰਦੀ ਹੈ।
 
ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਜ਼ਹਿਰ ਵਰਗਾ ਨਕਲੀ ਦੁੱਧ- ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਸਰਹੱਦੀ ਖੇਤਰ ਨਾਲ ਜੁੜੇ ਕੁਝ ਲੋਕ ਪਿੰਡਾਂ ਰਾਹੀਂ ਜ਼ਿਆਦਾ ਮੁਨਾਫ਼ਾ ਹਾਸਲ ਕਰਨ ਵਿਚ ਲੱਗੇ ਹੋਏ ਹਨ। ਜਾਣਕਾਰੀ ਅਨੁਸਾਰ ਨਕਲੀ ਦੁੱਧ ਨੂੰ ਤਿਆਰ ਕਰਨ ਲਈ ਪਹਿਲਾਂ ਮਾਲਟੋਡੈੱਕਸ ਪਾਉਡਰ ਨੂੰ ਇਕ ਬਰਤਨ 'ਚ ਪਾ ਉਸ ਵਿਚ ਪਾਣੀ ਦੀ ਮਦਦ ਨਾਲ ਘੌਲ ਤਿਆਰ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਇਸ ਵਿਚ ਰਿਫਾਈਂਡ ਆਇਲ ਮਿਲਾਇਆ ਜਾਂਦਾ ਹੈ। ਇਸ ਤੋਂ ਬਾਅਦ ਇਸ ਘੋਲ ਨੂੰ ਇਕ ਛੋਟੀ ਮਸ਼ੀਨ ਦੀ ਮਦਦ ਨਾਲ ਚੰਗੀ ਤਰ੍ਹਾਂ ਮਿਕਸ ਕੀਤਾ ਜਾਂਦਾ ਹੈ। ਇਸ ਤਿਆਰ ਕੀਤੇ ਘੋਲ ਦੀ ਗਰੈਵਟੀ ਨੂੰ ਵਧਾਉਣ ਲਈ ਬੀ.ਆਰ (ਗੂੰਦ ਵਰਗੇ ਪਦਾਰਥ) ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਇਹ ਨਕਲੀ ਦੁੱਧ ਅਸਲੀ ਵਾਂਗ ਤਿਆਰ ਹੋ ਕੇ ਲੋਕਾਂ ਤੱਕ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਜ਼ਹਿਰ ਬਣ ਕੇ ਪੁੱਜ ਰਿਹਾ ਹੈ। ਇਸ ਨੂੰ ਤਿਆਰ ਕਰਨ ਲਈ ਕਈ ਵਾਰ ਯੂਰੀਆ, ਤੇਲ, ਕਾਸਟਿਕ ਸੋਡਾ ਅਤੇ ਸੈਂਟ ਦੀ ਵੀ ਵਰਤੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ- ਪੁੱਤ ਬਣਿਆ ਕਪੁੱਤ! ਬੇਦਖ਼ਲ ਕੀਤੇ ਮਾਪੇ, ਪਾਰਕ ’ਚ ਸੌਂ ਰਿਹੈ ਪਿਓ, ਧੀਆਂ ਘਰ ਰਹਿ ਰਹੀ ਮਾਂ

ਜਲਦ ਮਾਮਲੇ ਦੀ ਲਵਾਂਗਾ ਰਿਪੋਰਟ-ਜ਼ਿਲੇ ਦੇ ਡਿਪਟੀ ਕਮਿਸ਼ਨਰ (ਵਾਧੂ ਚਾਰਜ) ਸੰਦੀਪ ਰਿਸ਼ੀ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਇਸ ਨਕਲੀ ਦੁੱਧ ਦੇ ਮਾਮਲੇ ਦੀ ਰਿਪੋਰਟ ਜਲਦ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡੇਅਰੀ ਵਿਭਾਗ ਪਾਸੋਂ ਵੀ ਕੀਤੀ ਜਾਣ ਵਾਲੀ ਕਾਰਗੁਜਾਰੀ ਦੀ ਰਿਪੋਰਟ ਹਾਸਲ ਕਰ ਐਕਸ਼ਨ ਲਈ ਹੁੱਕਮ ਜਾਰੀ ਕੀਤੇ ਜਾਣਗੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Anuradha

Content Editor

Related News