ਪੇਰੂ ; ਸਵਾਰੀਆਂ ਨਾਲ ਭਰੀ ਬੱਸ ਹੋ ਗਈ ਹਾਦਸੇ ਦਾ ਸ਼ਿਕਾਰ ! ਲੱਗ ਗਏ ਲਾਸ਼ਾਂ ਦੇ ਢੇਰ, 37 ਲੋਕਾਂ ਦੀ ਦਰਦਨਾਕ ਮੌਤ
Thursday, Nov 13, 2025 - 03:17 PM (IST)
ਇੰਟਰਨੈਸ਼ਨਲ ਡੈਸਕ- ਦੱਖਣੀ ਅਮਰੀਕੀ ਦੇਸ਼ ਪੇਰੂ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ 37 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 24 ਹੋਰ ਜ਼ਖਮੀ ਹੋ ਗਏ।
ਇਹ ਹਾਦਸਾ ਪਨਾਮੇਰਿਕਾਨਾ ਸੁਰ ਹਾਈਵੇਅ 'ਤੇ ਬੁੱਧਵਾਰ ਸਵੇਰੇ ਵਾਪਰਿਆ, ਜਦੋਂ ਲਲਾਮੋਸਾਸ ਕੰਪਨੀ ਦੀ ਇੱਕ ਬੱਸ ਇੱਕ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਕੇ 200 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ।
ਅਰੈਕਿਪਾ ਦੇ ਖੇਤਰੀ ਸਿਹਤ ਪ੍ਰਬੰਧਕ, ਵਾਲਥਰ ਓਪੋਰਟੋ ਅਨੁਸਾਰ, ਇਸ ਹਾਦਸੇ ਵਿੱਚ 37 ਲੋਕ ਮਾਰੇ ਗਏ ਅਤੇ 24 ਲੋਕ ਜ਼ਖਮੀ ਹੋਏ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਚਾਲਾ, ਜੋ ਕਿ ਕੈਰਾਵੇਲੀ ਪ੍ਰਾਂਤ ਦਾ ਇੱਕ ਕਸਬਾ ਹੈ, ਤੋਂ ਅਰੈਕਿਪਾ ਵੱਲ ਜਾ ਰਹੀ ਸੀ। ਹਾਦਸੇ ਸਮੇਂ ਇਸ 'ਚ 60 ਯਾਤਰੀ ਸਵਾਰ ਸਨ। ਹਾਲਾਂਕਿ ਹਾਦਸੇ ਦੇ ਅਸਲ ਕਾਰਨਾਂ ਦਾ ਤਾਂ ਪਤਾ ਨਹੀਂ ਲੱਗ ਸਕਿਆ ਹੈ, ਪਰ ਪੇਰੂ ਵਿੱਚ ਤੇਜ਼ ਰਫ਼ਤਾਰ ਅਤੇ ਸੜਕਾਂ ਦੀ ਮਾੜੀ ਹਾਲਤ ਕਾਰਨ ਅਜਿਹੇ ਹਾਦਸੇ ਆਏ ਦਿਨ ਵਾਪਰਦੇ ਰਹਿੰਦੇ ਹਨ।
