ਮਿੱਟੀ ਵਾਲਾ ਪਾਣੀ ਪੀ ਕੇ ਵਾਰਡ ਨੰਬਰ 11 ਦੇ ਲੋਕ ਹੋ ਰਹੇ ਹਨ ਬੀਮਾਰ

08/29/2017 7:15:00 AM

ਜਲੰਧਰ, (ਮਹੇਸ਼)— ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਬਲਬੀਰ ਸਿੰਘ ਬਿੱਟੂ ਦੇ ਵਾਰਡ ਨੰਬਰ 11 ਦੇ ਖੇਤਰ ਤਰੁਣ ਇਨਕਲੇਵ, ਨੇੜੇ ਨਿਊ ਗਣੇਸ਼ ਨਗਰ ਦੇ ਨਿਵਾਸੀ ਮਿੱਟੀ ਵਾਲਾ ਪਾਣੀ ਪੀ ਕੇ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ  3 ਮਹੀਨਿਆਂ ਤੋਂ ਚੱਲ ਰਹੀ ਇਸ ਸਮੱਸਿਆ ਨੂੰ ਲੈ ਕੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ, ਜਿਸ ਕਾਰਨ ਉਨ੍ਹਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਦਕੋਹਾ-ਢਿਲਵਾਂ ਮਾਰਗ 'ਤੇ ਪੈਂਦੇ ਇਸ ਖੇਤਰ ਦੇ ਨਿਵਾਸੀਆਂ ਦੀਪਕ, ਸੋਨੂੰ ਸਚਦੇਵ, ਸੰਜੇ ਕੁਮਾਰ, ਰਾਹੁਲ, ਸੰਗੀਤਾ, ਪੂਨਮ, ਸਤਵੰਤ ਕੌਰ ਅਤੇ ਹੋਰਨਾਂ ਨੇ ਟਬ, ਬਾਲਟੀਆਂ ਅਤੇ ਬੋਤਲਾਂ 'ਚ ਭਰਿਆ ਮਿੱਟੀ ਵਾਲਾ ਪਾਣੀ ਦਿਖਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਖੇਤਰ ਵਿਚ ਸੀਵਰੇਜ ਪਾਏ ਜਾਣ ਤੋਂ ਬਾਅਦ ਸੜਕਾਂ ਦਾ ਕੰਮ ਨਹੀਂ ਕਰਵਾਇਆ ਗਿਆ, ਜਿਸ ਦੇ ਚਲਦੇ ਮਿੱਟੀ ਪੀਣ ਵਾਲੇ ਪਾਣੀ ਵਿਚ ਮਿਕਸ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਇਸੇ ਪਾਣੀ ਨੂੰ ਪੀਣ ਅਤੇ ਨਹਾਉਣ ਲਈ ਵਰਤਣਾ ਪੈ ਰਿਹਾ ਹੈ। 
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਸਮੱਸਿਆ ਨੂੰ ਲੈ ਕੇ ਖੇਤਰ ਦੇ ਕੌਂਸਲਰ ਬਲਬੀਰ ਸਿੰਘ ਬਿੱਟੂ ਨੂੰ ਵੀ ਕਈ ਵਾਰ ਮਿਲ ਚੁੱਕੇ ਹਨ ਪਰ ਹਾਲੇ ਤਕ ਕੁਝ ਨਹੀਂ ਹੋਇਆ। ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਨੂੰ ਵੀ ਮਿਲੇ ਸੀ ਪਰ ਉਨ੍ਹਾਂ ਨੇ ਵੀ ਕੋਈ ਚੰਗਾ ਰਿਸਪਾਂਸ ਨਹੀਂ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਨਗਰ ਨਿਗਮ 'ਤੇ ਅਕਾਲੀ-ਭਾਜਪਾ ਕਾਬਜ਼ ਹੈ। 4 ਮਹੀਨੇ ਤੋਂ ਬਾਅਦ ਨਿਗਮ ਚੋਣਾਂ ਹੋਣੀਆਂ ਹਨ, ਉਸ ਤੋਂ ਬਾਅਦ ਉਨ੍ਹਾਂ ਦੀ ਸਮੱਸਿਆ ਨੂੰ ਹੱਲ ਕਰ ਦਿੱਤਾ ਜਾਵੇਗਾ। 
ਤਰੁਣ ਇਨਕਲੇਵ ਨਿਵਾਸੀਆਂ ਨੇ ਕਿਹਾ ਕਿ ਨਵੇਂ ਵਿਧਾਇਕ ਤੋਂ ਉਨ੍ਹਾਂ ਨੂੰ ਆਪਣੀ ਸਮੱਸਿਆ ਦੇ ਹੱਲ ਨੂੰ ਲੈ ਕੇ ਕਾਫੀ ਉਮੀਦਾਂ ਸਨ, ਜਿਸ 'ਤੇ ਉਨ੍ਹਾਂ ਨੇ ਪਾਣੀ ਫੇਰ ਦਿੱਤਾ। ਉਨ੍ਹਾਂ ਕਿਹਾ ਕਿ ਵਿਧਾਇਕ ਦੀਆਂ ਅਜਿਹੀਆਂ ਗੱਲਾਂ ਤੋਂ ਤਾਂ ਅਜਿਹਾ ਲੱਗਿਆ ਕਿ ਜਿਵੇਂ ਕਿ ਉਨ੍ਹਾਂ ਨੂੰ ਗੰਦਾ ਪਾਣੀ ਪੀ ਕੇ ਬੀਮਾਰ ਹੋਣ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਅਤੇ ਨਿਗਮ ਪ੍ਰਸ਼ਾਸਨ ਡੂੰਘੀ ਨੀਂਦ ਸੁੱਤਾ ਹੋਇਆ ਹੈ, ਅਜਿਹੇ ਹਾਲਾਤ ਵਿਚ ਉਹ ਜਾਣ ਤਾਂ ਕਿਥੇ ਜਾਣ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਆਪਣੀ ਗੰਭੀਰ ਸਮੱਸਿਆ ਦਾ ਹੱਲ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਮਜਬੂਰ ਹੋਣਾ ਪਵੇਗਾ। ਜ਼ਿਕਰਯੋਗ ਹੈ ਕਿ ਤਰੁਣ ਇਨਕਲੇਵ ਵਿਖੇ ਸੜਕਾਂ ਤੇ ਸਟ੍ਰੀਟ ਲਾਈਟਾਂ ਦਾ ਵੀ ਬੁਰਾ ਹਾਲ ਹੈ।


Related News