ਲੋਕ ਕੜਾਕੇ ਦੀ ਠੰਡ ''ਚ ਖੁੱਲ੍ਹੇ ਆਸਮਾਨ ਹੇਠ ਸੌਣ ਲਈ ਮਜਬੂਰ
Monday, Dec 04, 2017 - 01:11 AM (IST)
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਸਰਦੀ ਦਾ ਮੌਸਮ ਸ਼ੁਰੂ ਹੋਏ ਨੂੰ ਇਕ ਮਹੀਨਾ ਹੋ ਚੁੱਕਾ ਹੈ ਅਤੇ ਇਸ ਕੜਾਕੇ ਦੀ ਠੰਡ 'ਚ ਸ਼ਹਿਰ 'ਚ ਅਨੇਕਾਂ ਲੋਕ ਖੁੱਲ੍ਹੇ ਆਸਮਾਨ ਹੇਠ ਸੌਣ ਲਈ ਮਜਬੂਰ ਹਨ। ਲੋਕ ਠੰਡ ਨਾਲ ਨਾ ਮਰਨ ਇਸ ਲਈ ਪ੍ਰਸ਼ਾਸਨ ਨੇ ਬੇਸ਼ੱਕ ਨਗਰ ਕੌਂਸਲ ਦੇ ਦਫਤਰ ਕੋਲ ਰੈਣ-ਬਸੇਰਾ ਖੋਲ੍ਹਿਆ ਹੋਇਆ ਹੈ ਪਰ ਲੋਕਾਂ ਨੂੰ ਰੈਣ- ਬਸੇਰੇ 'ਚ ਠਹਿਰਾਉਣ ਲਈ ਨਗਰ ਕੌਂਸਲ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਇਸ ਤਰ੍ਹਾਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਵੀ ਅਣਦੇਖੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਉੱਤਰ ਭਾਰਤ 'ਚ ਦਸੰਬਰ ਅਤੇ ਜਨਵਰੀ ਦੇ ਮਹੀਨੇ 'ਚ ਕੜਾਕੇ ਦੀ ਠੰਡ ਪੈਂਦੀ ਹੈ ਅਤੇ ਕਈ ਵਾਰ ਤਾਂ ਰਾਤ ਦਾ ਤਾਪਮਾਨ 2 ਤੋਂ 3 ਡਿਗਰੀ ਤੱਕ ਵੀ ਪਹੁੰਚ ਜਾਂਦਾ ਹੈ, ਜਿਸ ਕਾਰਨ ਖੁੱਲ੍ਹੇ ਆਸਮਾਨ ਹੇਠ ਰਾਤ ਗੁਜ਼ਾਰਨ ਵਾਲੇ ਬੇਸਹਾਰਾ ਲੋਕਾਂ ਲਈ ਜਾਨ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ।
ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਮੰਜਿਆਂ, ਬਾਥਰੂਮਾਂ ਅਤੇ ਭੋਜਨ ਬਣਾਉਣ ਦੀ ਹੁੰਦੀ ਹੈ ਸੁਵਿਧਾ ਉਪਲਬਧ : ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਨਗਰ ਕੌਂਸਲ ਦੀ ਹੱਦ 'ਚ ਕੋਈ ਵੀ ਵਿਅਕਤੀ ਖੁੱਲ੍ਹੇ ਆਸਮਾਨ ਹੇਠ ਨਾ ਸੌਂਵੇ, ਇਸ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੁੰਦੀ ਹੈ ਅਤੇ ਨਗਰ ਕੌਂਸਲ ਨੇ ਇਕ ਰੈਣ-ਬਸੇਰੇ ਦਾ ਨਿਰਮਾਣ ਕਰਨਾ ਹੁੰਦਾ ਹੈ। ਰੈਣ-ਬਸੇਰੇ 'ਚ ਠਹਿਰਣ ਵਾਲੇ ਵਿਅਕਤੀ ਲਈ ਮੰਜੇ, ਨਹਾਉਣ ਲਈ ਬਾਥਰੂਮ, ਪਖਾਨੇ, ਖਾਣਾ ਬਣਾਉਣ ਲਈ ਰਸੋਈ ਹੋਣੀ ਜ਼ਰੂਰੀ ਹੈ। ਨਗਰ ਕੌਂਸਲ ਨੇ ਕੁਝ ਸਾਲ ਪਹਿਲਾਂ 24 ਲੱਖ ਰੁਪਏ ਦੀ ਲਾਗਤ ਨਾਲ ਰੈਣ-ਬਸੇਰੇ ਦੀ ਬਿਲਡਿੰਗ ਤਾਂ ਬਣਾ ਦਿੱਤੀ ਪਰ ਲੋਕਾਂ ਨੂੰ ਠਹਿਰਣ ਲਈ ਪ੍ਰੇਰਿਤ ਨਹੀਂ ਕੀਤਾ, ਜਿਸ ਕਰ ਕੇ ਅਨੇਕਾਂ ਲੋਕ ਅੱਜ ਵੀ ਠੰਡ 'ਚ ਖੁੱਲ੍ਹੇ ਆਸਮਾਨ ਹੇਠ ਸੌਣ ਲਈ ਮਜਬੂਰ ਹਨ।
ਰੇਲਵੇ ਸਟੇਸ਼ਨ ਜਾਂ ਬੱਸ ਸਟੈਂਡ ਨੇੜੇ ਠਹਿਰਣਾ ਪਸੰਦ ਕਰਦੇ ਨੇ ਲੋਕ : ਡੀ. ਸੀ.
ਜਦੋਂ ਇਸ ਸਬੰਧ 'ਚ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਰੈੱਡ ਕਰਾਸ ਵੱਲੋਂ ਜੋ ਲੋਕ ਖੁੱਲ੍ਹੇ ਆਸਮਾਨ ਹੇਠ ਸੌਂਦੇ ਹਨ, ਨੂੰ ਕੰਬਲ ਮੁਹੱਈਆ ਕਰਵਾਏ ਜਾ ਰਹੇ ਹਨ। ਮੈਂ ਖੁਦ ਜਾ ਕੇ ਉਨ੍ਹਾਂ ਲੋਕਾਂ ਨੂੰ ਕੰਬਲ ਵੰਡ ਕੇ ਆਇਆ ਹਾਂ। ਰੇਲਵੇ ਸਟੇਸ਼ਨ ਨੇੜੇ ਮੈਨੂੰ ਕੁਝ ਲੋਕ ਖੁੱਲ੍ਹੇ ਆਸਮਾਨ ਹੇਠ ਸੁੱਤੇ ਮਿਲੇ ਤਾਂ ਮੈਂ ਖੁਦ ਉਨ੍ਹਾਂ ਨੂੰ ਕੰਬਲ ਭੇਟ ਕੀਤੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਲੋਕਾਂ ਨੂੰ ਰੈਣ-ਬਸੇਰੇ 'ਚ ਠਹਿਰਣ ਲਈ ਪ੍ਰੇਰਿਤ ਕਿਉਂ ਨਹੀਂ ਕਰਦੇ ਤਾਂ ਉਨ੍ਹਾਂ ਕਿਹਾ ਕਿ ਇਹ ਲੋਕ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਨੇੜੇ ਠਹਿਰਣਾ ਪਸੰਦ ਕਰਦੇ ਹਨ। ਰੇਲਵੇ ਸਟੇਸ਼ਨ ਕੇਂਦਰ ਸਰਕਾਰ ਦੀ ਜਗ੍ਹਾ ਹੈ, ਇਸ ਲਈ ਅਸੀਂ ਉਥੇ ਰੈਣ-ਬਸੇਰਾ ਨਹੀਂ ਬਣਾ ਸਕਦੇ। ਨਗਰ ਕੌਂਸਲ ਦੀ ਜਗ੍ਹਾ 'ਤੇ ਜਿਥੇ ਰੈਣ-ਬਸੇਰਾ ਬਣਿਆ ਹੋਇਆ ਹੈ, ਉਥੇ ਸਾਂਝੀ ਰਸੋਈ ਚੱਲ ਰਹੀ ਹੈ, ਜਿਥੇ ਘੱਟ ਹੀ ਲੋਕ ਭੋਜਨ ਕਰਨ ਲਈ ਆਉਂਦੇ ਹਨ। ਇਸ ਲਈ ਅਸੀਂ ਸਾਂਝੀ ਰਸੋਈ ਹੁਣ ਬੱਸ ਸਟੈਂਡ ਨੇੜੇ ਸ਼ਿਫਟ ਕਰਨ ਜਾ ਰਹੇ ਹਾਂ। ਉਥੇ ਅਸੀਂ 5 ਰੁਪਏ ਦੀ ਥਾਲੀ ਲੋਕਾਂ ਨੂੰ ਉਪਲਬਧ ਕਰਵਾਵਾਂਗੇ ਪਰ ਬੱਸ ਸਟੈਂਡ ਨੇੜੇ ਰੈਣ-ਬਸੇਰੇ ਦੀ ਇਮਾਰਤ ਬਣਾਉਣ ਦੀ ਫਿਲਹਾਲ ਸਾਡੀ ਕੋਈ ਯੋਜਨਾ ਨਹੀਂ।
ਰੈਣ-ਬਸੇਰੇ 'ਚ ਚੱਲ ਰਹੀ ਐ ਸਾਂਝੀ ਰਸੋਈ
ਨਗਰ ਕੌਂਸਲ ਦੇ ਦਫਤਰ 'ਚ, ਜੋ ਇਮਾਰਤ ਰੈਣ-ਬਸੇਰੇ ਲਈ ਬਣਾਈ ਗਈ ਸੀ, ਉਸ ਵਿਚ ਅੱਜਕਲ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਾਂਝੀ ਰਸੋਈ ਚੱਲ ਰਹੀ ਹੈ। ਇਸ ਸਾਂਝੀ ਰਸੋਈ 'ਚ ਜ਼ਰੂਰਤਮੰਦ ਲੋਕ ਭੋਜਨ ਕਰਨ ਲਈ ਆਉਂਦੇ ਹਨ। ਪ੍ਰਸ਼ਾਸਨ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਰੈਣ-ਬਸੇਰਾ 'ਚ ਠਹਿਰਣ ਲਈ ਪ੍ਰੇਰਿਤ ਨਹੀਂ ਕੀਤਾ ਜਾ ਰਿਹਾ। ਜੋ ਲੋਕ ਖੁੱਲ੍ਹੇ ਆਸਮਾਨ ਹੇਠ ਸੌਂਦੇ ਹਨ, ਉਹ ਜ਼ਿਆਦਾਤਰ ਅਨਪੜ੍ਹ ਹੀ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਸੈਮੀਨਾਰ ਲਾ ਕੇ ਰੈਣ-ਬਸੇਰਾ 'ਚ ਠਹਿਰਣ ਲਈ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ ਜਦੋਂਕਿ ਪ੍ਰਸ਼ਾਸਨ ਵੱਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਜਾ ਰਿਹਾ।
