ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

Tuesday, Jul 03, 2018 - 02:16 AM (IST)

ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਸੁਨਾਮ, ਊਧਮ ਸਿੰਘ ਵਾਲਾ, (ਬਾਂਸਲ, ਮੰਗਲਾ)- ਸ਼ਹਿਰ ’ਚ  ਹੋਈ   ਬਰਸਾਤ ਤੋਂ ਬਾਅਦ ਖੜ੍ਹੇ ਪਾਣੀ  ਕਾਰਨ  ਜਿਥੇ ਲੋਕਾਂ ’ਚ ਰੋਸ ਵਧ ਰਿਹਾ ਹੈ, ਉਥੇ ਹੀ ਅੱਜ ਕੁਝ ਨਗਰ ਕੌਂਸਲਰਾਂ ਵੱਲੋਂ  ਨਗਰ ਕੌਂਸਲ ਦਫਤਰ ਵਿਖੇ ਧਰਨਾ ਲਾਇਆ ਅਤੇ ਰਿਸ਼ਵਤਖੋਰੀ ਬੰਦ ਕਰੋ ਦੇ ਨਾਅਰੇ ਲਾਏ ਗਏ।  ਇਸ ਮੌਕੇ ਨਗਰ ਕੌਂਸਲਰ ਮੈਡਮ ਸੁਖਵਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਅਤੇ ਕਾਰਜਸਾਧਕ ਅਫਸਰ ਅਤੇ ਮੁਲਾਜ਼ਮਾਂ ਨੂੰ ਸ਼ਹਿਰ ਦੀ ਸਮੱਸਿਆ ਦਾ ਭਲੀ-ਭਾਂਤੀ ਪਤਾ ਹੈ ਪਰ ਸਾਡੇ ਸਾਰਾ ਸਾਲ ਬੋਲਣ ਦੇ ਬਾਵਜੂਦ ਵੀ ਇਥੇ ਕੋਈ ਵੀ ਸੀਵਰੇਜ ਦੀ ਸਫਾਈ ਸਹੀ ਢੰਗ ਨਾਲ ਨਹੀਂ ਹੋਈ। ਨਹੀਂ ਤਾਂ ਸ਼ਹਿਰ ਦਾ ਬੁਰਾ ਹਾਲ ਨਹੀਂ ਹੋਣਾ ਸੀ। 
ਉਨ੍ਹਾਂ  ਕਿਹਾ ਕਿ ਉਨ੍ਹਾਂ ਨੇ ਖੁਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ  ਨੂੰ ਇਸ ਬਾਰੇ ਕਿਹਾ ਸੀ ਅਤੇ ਉਨ੍ਹਾਂ ਨੇ 4 ਕਰੋਡ਼ ਰੁਪਏ ਪਾਸ ਕੀਤੇ ਸਨ ਪਰ ਅੱਜ ਤੱਕ ਉਹ ਪੈਸੇ ਪਤਾ ਹੀ ਨਹੀਂ ਕਿੱਥੇ ਲੱਗੇ ਹਨ ਥਾਂ-ਥਾਂ ’ਤੇ ਸਡ਼ਕਾਂ ਪੁੱਟ ਸੁੱਟੀਆਂ ਹਨ ਪਰ ਸ਼ਹਿਰ ’ਚ ਪਾਣੀ ਉਥੇ ਦਾ ਉਥੇ ਹੀ ਹੈ । ਇਥੇ ਵੱਡੇ ਘਪਲੇ ਹੋਏ ਹਨ, ਜਿਨ੍ਹਾਂ ਦੀ ਉਹ ਵਿਜੀਲੈਂਸ ਜਾਂਚ ਦੀ ਮੰਗ ਕਰਦੇ ਹਨ ਅਤੇ ਇਥੇ ਚੱਲ ਰਹੀ ਰਿਸ਼ਵਤਖੋਰੀ ਬੰਦ ਹੋਣੀ ਚਾਹੀਦੀ ਹੈ।  
ਕੀ ਕਹਿੰਦੇ ਨੇ ਨਗਰ ਕੌਂਸਲ ਦੇ ਪ੍ਰਧਾਨ
ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਭਗੀਰਥ ਰਾਏ ਗੀਰਾ ਨੇ ਕਿਹਾ ਕਿ ਸ਼ਹਿਰ ਦੇ ਸੀਵਰੇਜ ਦੇ ਕੰਮ ਲਈ ਪੈਸਾ ਸਿੱਧਾ ਸੀਵਰੇਜ ਬੋਰਡ ਨੂੰ ਆਇਆ ਸੀ, ਉਨ੍ਹਾਂ ਵੱਲੋਂ ਹੀ ਡਿਜ਼ਾਈਨ ਤਿਆਰ ਕੀਤੇ ਜਾਂਦੇ ਹਨ, ਜਿਸ ’ਚ ਨਗਰ ਕੌਂਸਲ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਗਡ਼ਬਡ਼ ਦੀ ਅਸ਼ੰਕਾ ਨਹੀਂ ਅਤੇ  ਉਨ੍ਹਾਂ ਵੱਲੋਂ ਤਾਂ ਸ਼ਹਿਰ ਦੇ ਵਿਕਾਸ ਲਈ ਬਜਟ ਪਾਸ ਕੀਤਾ ਗਿਆ ਸੀ ਜਦੋਂਕਿ ਕੁਝ ਨਗਰ ਕੌਂਸਲਰਾਂ ਵੱਲੋਂ ਇਸ ਨੂੰ ਰਿਜੈਕਟ ਕੀਤਾ ਗਿਆ। 
ਇਸ ਮੌਕੇ ਮਨਪ੍ਰੀਤ ਬਾਂਸਲ, ਮਨਜੀਤ ਸਿੰਘ, ਪ੍ਰੇਮ ਚੰਦ, ਯਾਦਵਿੰਦਰ ਨਿਰਮਾਣ, ਮੈਡਮ ਸੁਖਵਿੰਦਰ ਕੌਰ ਢਿੱਲੋਂ, ਮਨਪ੍ਰੀਤ ਬਡ਼ੈਚ, ਵਿੱਕੀ, ਹਾਕਮ ਸਿੰਘ, ਪੱਪੀ, ਬਾਬਾ, ਬੋਘਾ ਆਦਿ ਮੌਜੂਦ ਸਨ।
 


Related News